ਚੌਰਾ ਚੌਰੀ ਦੀ
ਘਟਨਾ ਤੋਂ ਬਾਅਦ ਮਹਾਤਮਾ ਗਾਂਧੀ ਨੇ ਅਚਾਨਕ ਨਾ-ਮਿਲਵਰਤਨ ਅੰਦੋਲਨ ਨੂੰ ਵਾਪਿਸ ਲੈਣ ਦਾ ਐਲਾਨ ਕਰ
ਦਿੱਤਾ |
ਜਦਕਿ ਉਸ ਸਮੇਂ ਸਾਰਾ ਭਾਰਤ ਇਸ ਅੰਦੋਲਨ ਵਿੱਚ ਬਹੁਤ
ਅੱਗੇ ਵੱਧ ਚੁੱਕਾ ਸੀ | ਮਹਾਤਮਾ ਗਾਂਧੀ ਵੱਲੋਂ ਇਸ ਅੰਦੋਲਨ ਦੇ ਵਾਪਿਸ ਲੈਣ ਤੇ
ਸਾਰੇ ਭਾਰਤੀ ਲੋਕਾਂ ਵਿੱਚ ਗਹਿਰੀ ਨਿਰਾਸ਼ਾ ਛਾ ਗਈ ਸੀ | ਇਥੋਂ
ਤੱਕ ਕਿ ਬਹੁਤ ਸਾਰੇ ਕਾਂਗਰਸੀ ਲੀਡਰਾਂ ਨੇ ਵੀ ਮਹਾਤਮਾ ਗਾਂਧੀ ਦੇ ਇਸ ਕਦਮ ਨੂੰ ਨਿਰਾਸ਼ਾਜਨਕ
ਸਮਝਿਆ ਅਤੇ ਮੋਤੀ ਲਾਲ ਨਹਿਰੂ ਅਤੇ ਸੀ.ਆਰ.ਦਾਸ ਵਰਗੇ ਪ੍ਰਸਿੱਧ ਕਾਂਗਰਸੀ ਲੀਡਰਾਂ ਨੇ ਗਯਾ ਦੇ
ਸੰਮੇਲਨ ਦੌਰਾਨ ਕਾਂਗਰਸ ਦੀ ਮੈਂਬਰਸ਼ਿੱਪ ਤੋਂ ਅਸਤੀਫਾ ਦੇ ਦਿੱਤਾ |ਸੀ.ਆਰ.ਦਾਸ
ਨੇ ਨਾਅਰਾ ਦਿੱਤਾ “ ਕੋਉਂਸਿਲ ਦੇ ਅੰਦਰ ਦਾਖਿਲ ਹੋਵੋ ਅਤੇ ਸਰਕਾਰੀ ਯੋਜਨਾਵਾਂ ਨੂੰ ਅਸਫਲ ਬਣਾ
ਦਿਓ ” | ਪ੍ਰੰਤੂ ਉਹਨਾਂ ਦੇ ਇਸ ਵਿਚਾਰ ਦਾ ਸਰਦਾਰ ਵੱਲਭ ਭਾਈ ਪਟੇਲ , ਡਾ. ਅੰਸਾਰੀ , ਬਾਬੂ
ਰਾਜਿੰਦਰ ਪ੍ਰਸਾਦ ਆਦਿ ਨੇਤਾਵਾਂ ਨੇ ਸਮਰਥਨ ਨਹੀਂ ਕੀਤਾ ਅਤੇ ਉਹਨਾਂ ਨੇ ਵਿਧਾਨ ਸਭਾ ਦੀ ਕੋਉਂਸਿਲ
ਵਿੱਚ ਪ੍ਰਵੇਸ਼ ਕਰਨ ਦਾ ਵਿਰੋਧ ਕੀਤਾ | ਉਹਨਾਂ ਦਾ ਸਮਰਥਨ ਲਗਾਤਾਰ ਮਹਾਤਮਾ ਗਾਂਧੀ ਨੂੰ ਜਾਰੀ
ਰਿਹਾ |
ਸੀ.ਆਰ.ਦਾਸ. ਅਤੇ ਮੋਤੀ ਲਾਲ ਨਹਿਰੂ ਨੇ ਆਪਣੇ ਇਸ ਨਾਅਰੇ
ਨੂੰ ਅਮਲੀ ਰੂਪ ਦੇਣ ਵਾਸਤੇ 1922 ਈ.
ਵਿੱਚ ਇਲਾਹਾਬਾਦ ਵਿਖੇ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ | ਚਿਤਰੰਜਨ ਦਾਸ ਆਪ ਪ੍ਰਧਾਨ ਅਤੇ ਮੋਤੀ
ਲਾਲ ਨਹਿਰੂ ਇਸਦੇ ਸੱਕਤਰ ਬਣੇ | ਆਪਣੇ ਕੋਉਂਸਿਲ ਅੰਦਰ ਦਾਖਿਲ ਹੋਣ ਦੇ ਸਿਧਾਂਤ ਬਾਰੇ ਦੱਸਣ ਅਤੇ
ਸਮਰਥਨ ਲੈਣ ਲਈ ਉਹਨਾਂ ਨੇ ਸਾਰੇ ਭਾਰਤ ਦੀ ਯਾਤਰਾ ਕੀਤੀ | ਇਸਤੋਂ ਬਾਅਦ 1923 ਈ. ਵਿੱਚ ਹੋਣ ਵਾਲੀਆਂ ਚੋਣਾਂ ਵਿੱਚ
ਉਹਨਾਂ ਨੇ ਹਿੱਸਾ ਲਿਆ ਅਤੇ ਕਾਫੀ ਸਫਲਤਾ ਪ੍ਰਾਪਤ ਕੀਤੀ | ਉਹਨਾਂ ਨੂੰ 101 ਵਿੱਚੋਂ 42 ਸੀਟਾਂ ਪ੍ਰਾਪਤ ਹੋਈਆਂ | ਚੁਣੇ
ਹੋਏ ਮੈਂਬਰਾਂ ਨੇ ਵਿਧਾਨ ਸਭਾ ਵਿੱਚ ਸਰਕਾਰੀ ਪ੍ਰੋਗਰਾਮਾਂ ਵਿੱਚ ਰੁਕਾਵਟਾਂ ਪਾਉਣੀਆਂ ਸ਼ੁਰੂ
ਕੀਤੀਆਂ |ਇਸ ਤਰਾਂ ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਦਾ ਅੰਦਰ ਜਾ ਕੇ ਵਿਰੋਧ ਕਰਕੇ ਸਰਕਾਰ ਨੂੰ
ਤੰਗ ਕਰਨ ਦਾ ਨਵਾਂ ਰਾਹ ਲਭਿਆ | ਉਹਨਾਂ ਨੇ ਸਰਕਾਰ ਦੇ ਬਜੱਟ ਦਾ ਵਿਰੋਧ ਕੀਤਾ ਅਤੇ ਕਈ ਪੱਖਾਂ
ਤੋਂ ਇਸਦੀ ਨੁਕਤਾਚੀਨੀ ਕੀਤੀ | ਉਹਨਾਂ ਨੇ ਪਾਸ ਹੋਣ ਜਾ ਰਹੇ ਜਨ-ਵਿਰੋਧੀ ਕਾਨੂੰਨਾਂ ਦਾ ਵਿਰੋਧ
ਕੀਤਾ | ਸਨ 1924 ਈ.
ਵਿੱਚ ਜਦੋਂ ਮਹਾਤਮਾ ਗਾਂਧੀ ਜੀ ਜੇਲ ਤੋਂ ਬਾਹਰ ਆਏ ਤਾਂ ਉਹਨਾਂ ਨੇ ਵੀ ਸਵਰਾਜ ਪਾਰਟੀ ਦੇ
ਪ੍ਰੋਗਰਾਮਾਂ ਦਾ ਸਮਰਥਨ ਕੀਤਾ | ਬੇਸ਼ਕ ਕੁਝ ਹੱਦ ਤੱਕ ਸਵਰਾਜ ਪਾਰਟੀ ਦੇ ਨੇਤਾ ਆਪਣੀਆਂ ਨੀਤੀਆਂ
ਵਿੱਚ ਸਫਲ ਰਹੇ ਪਰ ਉਹ ਕੁਝ ਖਾਸ ਬਦਲਾਵ ਨਾ ਲਿਆ ਸਕੇ | ਇਸੇ ਦੌਰਾਨ ਇਸ ਪਾਰਟੀ ਵਿੱਚ ਵੀ ਦਰਾਰ
ਪੈ ਗਈ | ਜਦੋਂ 1925 ਈ.ਵਿੱਚ
ਚਿਤਰੰਜਨ ਦਾਸ ਦਾ ਦਿਹਾਂਤ ਹੋ ਗਿਆ ਤਾਂ ਉਸਦੇ ਨਾਲ ਹੀ ਸਵਰਾਜ ਪਾਰਟੀ ਦਾ ਵੀ ਲਗਭਗ ਅੰਤ ਹੋ ਗਿਆ |
ਕਿਉਂਕਿ ਅਗਲੇ ਸਾਲ 1926 ਈ.
ਦੀਆਂ ਚੋਣਾਂ ਵਿੱਚ ਪਾਰਟੀ ਕੁਝ ਵੀ ਖਾਸ ਨਹੀਂ ਕਰ ਸਕੀ | ਭਾਵੇਂ 1934 ਈ. ਤੱਕ ਪ੍ਰਾਂਤਾਂ ਵਿੱਚ ਇਸ ਪਾਰਟੀ ਨੂੰ
ਇੱਕਾ ਦੁੱਕਾ ਸਫਲਤਾ ਜਰੂਰ ਮਿਲਦੀ ਰਹੀ | ਪਰ ਅੰਤ ਵਿੱਚ 1935 ਈ.
ਨੂੰ ਇਸ ਪਾਰਟੀ ਦਾ ਕਾਂਗਰਸ ਪਾਰਟੀ ਵਿੱਚ ਮਿਲਨ ਹੋ ਗਿਆ |
__________________________________________