ਭਗਤ ਸਿੰਘ ਤੋਂ ਪਹਿਲਾਂ ਪੰਜਾਬ ਵਿੱਚ ਕ੍ਰਾਂਤੀਕਾਰੀ ਅੰਦੋਲਨ

ਭਾਰਤ ਦੀ ਆਜ਼ਾਦੀ ਲਈ ਭਾਰਤ ਦੇ ਭਿੰਨ-ਭਿੰਨ ਖੇਤਰਾਂ ਵਿੱਚ ਦੇਸ਼ ਭਗਤਾਂ ਨੇ ਆਪਣੇ-ਆਪਣੇ ਸੰਘਰਸ਼ ਨਾਲ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਜਤਨ ਕੀਤੇ  | ਇਹਨਾਂ ਖੇਤਰਾਂ ਵਿੱਚ ਬੰਗਾਲ , ਮਹਾਰਾਸ਼ਟਰ ਅਤੇ ਪੰਜਾਬ ਦਾ ਨਾਮ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ |ਪੰਜਾਬ ਦੇ ਅਨੇਕ ਦੇਸ਼ ਭਗਤਾਂ ਨੇ ਆਪਣੇ ਭਾਸ਼ਣਾਂ , ਕਵਿਤਾਵਾਂ ਅਤੇ ਲੇਖਾਂ ਰਾਹੀਂ  ਕ੍ਰਾਂਤੀਕਾਰੀ ਵਿਚਾਰਾਂ ਦਾ ਲੋਕਾਂ ਵਿੱਚ ਸੰਚਾਰ ਕਰ ਦਿੱਤਾ | ਉਹਨਾਂ ਨੇ ਅਨੇਕ ਕ੍ਰਾਂਤੀਕਾਰੀ ਸੰਘਠਨਾਂ ਦੀ ਨੀਂਹ ਰੱਖੀ ਜਿਹਨਾਂ ਵਿੱਚ ਸਭ ਤੋਂ ਮੁੱਖ ਸੰਘਠਨ ਸੀ “ਅੰਜੁਮਨ ਮੁਹਿਬਾਨ-ਏ-ਵਤਨ” ਜੋ ਜਨ ਸਧਾਰਣ ਵਿੱਚ “ਭਾਰਤ ਮਾਤਾ ਸੋਸਾਇਟੀ” ਦੇ ਨਾਮ ਨਾਲ ਪ੍ਰਸਿੱਧ ਹੋਇਆ |
1907 ਈ. ਵਿੱਚ ਭਗਤ ਸਿੰਘ ਦੇ ਚਾਚਾ , ਸਰਦਾਰ ਅਜੀਤ ਸਿੰਘ ਨੇ ਬ੍ਰਿਟਿਸ਼ ਸਰਕਾਰ ਵੱਲੋਂ ਪਾਸ ਕੀਤੇ ਗਏ “ ਬਸਤੀ ਕਾਨੂਨ ” ਦੇ ਵਿਰੁਧ ਅੰਦੋਲਨ ਸ਼ੁਰੂ ਕੀਤਾ ਕਿਉਂਕਿ ਇਸ ਕਾਨੂਨ ਨਾਲ ਲਾਇਲਪੁਰ ਅਤੇ ਪੰਜਾਬ ਦੇ ਹੋਰ ਭਾਗਾਂ ਦੇ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦੇ ਫਲ ਤੋਂ ਵੰਚਿਤ ਰੱਖਿਆ ਜਾਣਾ  ਸੀ | ਇਸ ਸਮੇਂ ਬਾਂਕੇ ਲਾਲ ਦਾ ਪ੍ਰਸਿੱਧ ਗੀਤ “ ਪੱਗੜੀ ਸੰਭਾਲ ਜੱਟਾ ” ਪੰਜਾਬ ਦੇ ਘਰ-ਘਰ ਵਿੱਚ ਗੂੰਜਣ ਲੱਗਾ ਅਤੇ ਕਿਸਾਨਾਂ ਨੇ ਇਹ ਦ੍ਰਿੜ ਨਿਸ਼ਚਾ ਕਰ ਲਿਆ ਕਿ ਉਹ ਸਰਕਾਰ ਨੂੰ ਪਾਣੀ ਉੱਪਰ ਲਗਾਇਆ ਗਿਆ ਟੈਕਸ ਨਹੀਂ ਦੇਣਗੇ | ਇਸਦੇ ਨਾਲ ਹੀ ਰਾਵਲਪਿੰਡੀ ਅਤੇ ਲਾਹੌਰ ਵਿੱਚ ਗੜਬੜ ਸ਼ੁਰੂ ਹੋ ਗਈ | ਪੁਲਿਸ ਨੇ ਲੋਕਾਂ ਉੱਤੇ ਲਾਠੀਆਂ ਵਰ੍ਹਾਈਆਂ ਅਤੇ  ਬਹੁਤ ਸਾਰੇ ਲੋਕਾਂ ਨੂੰ ਘੋੜਿਆਂ ਦੇ ਪੈਰਾਂ ਹੇਠਾਂ ਕੁਚਲਿਆ ਗਿਆ | ਬਹੁਤ ਸਾਰੇ ਲੋਕਾਂ ਨੂੰ ਪਕੜ ਕੇ ਜੇਲਾਂ ਵਿੱਚ ਭੇਜ ਦਿੱਤਾ ਗਿਆ | 19 ਮਈ , 1907 ਈ. ਨੂੰ ਪੰਜਾਬ ਦੇ ਮਹਾਨ ਨੇਤਾ ਸਰਦਾਰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ ਫੜ ਕੇ ਮਾੰਡਲੇ ਜੇਲ ਵਿੱਚ ਭੇਜ ਦਿੱਤਾ ਗਿਆ | ਜਿਉਂ ਹੀ ਇਸ ਘਟਨਾ ਦੀ ਖਬਰ ਫੈਲੀ ਤਾਂ ਸਾਰਾ ਦੇਸ਼ ਗੁੱਸੇ ਦੀ ਅੱਗ ਵਿੱਚ ਜਲਨ ਲੱਗਿਆ | ਲੋਕਾਂ ਵਿੱਚ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲਲਕ ਹੋਰ ਵੀ ਤੇਜ ਹੋ ਗਈ |
ਇੱਕ ਹੋਰ ਦੇਸ਼ ਭਗਤ ਸੂਫੀ ਅੰਬਾ ਪ੍ਰਸਾਦ , ਜੋ ਸਰਦਾਰ ਅਜੀਤ ਸਿੰਘ ਦਾ ਸਹਿਯੋਗੀ ਸੀ , ਉਹ ਵੀ ਇੱਕ ਮਹਾਨ ਕ੍ਰਾਂਤੀਕਾਰੀ ਸੀ | ਅੰਗੇਜ਼ੀ ਸਰਕਾਰ ਉਸਨੂੰ ਆਪਣਾ ਸਭ ਤੋਂ ਵੱਡਾ ਅਤੇ ਖਤਰਨਾਕ ਦੁਸ਼ਮਨ ਸਮਝਦੀ ਸੀ | ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੇ ਕਾਰਨ ਹੀ ਉਹ ਦੋ ਵਾਰੀ 1897 ਅਤੇ 1907 ਈ. ਨੂੰ ਸਜਾਵਾਂ ਭੁਗਤ ਚੁੱਕਾ ਸੀ | ਜੇਲ੍ਹ ਤੋਂ ਛੁੱਟਣ ਤੋਂ ਬਾਅਦ ਸਰਦਾਰ ਅਜੀਤ ਸਿੰਘ ਅਤੇ ਅੰਬਾ ਪ੍ਰਸਾਦ ਨੇ ਮਿਲਕੇ ਲੋਕਾਂ ਵਿੱਚ ਏਕਤਾ ਪੈਦਾ ਕਰਨ ਲਈ ਵੱਡੀ ਮਾਤਰਾ ਵਿੱਚ ਕ੍ਰਾਂਤੀਕਾਰੀ ਸਾਹਿੱਤ ਵੰਡਣਾ ਸ਼ੁਰੂ ਕੀਤਾ | ਜਦੋਂ ਸਰਕਾਰ ਨੇ ਉਹਨਾਂ ਨੂੰ ਪਕੜਨ ਦਾ ਜਤਨ ਕੀਤਾ ਤਾਂ ਉਹ ਚੁਪਕੇ ਜਿਹੇ ਇਰਾਨ ਨੂੰ ਖਿਸਕ ਗਏ | ਉਥੇ ਬਾਅਦ ਵਿੱਚ ਅੰਬਾ ਪ੍ਰਸਾਦ ਦੀ ਮੌਤ ਹੋ ਗਈ |
ਲਾਲ ਚੰਦ ਫਲਕ ਪੰਜਾਬ ਦਾ ਇੱਕ ਹੋਰ ਮਹਾਨ ਕ੍ਰਾਂਤੀਕਾਰੀ ਸੀ | 1908 ਈ. ਵਿੱਚ ਉਸਨੇ ਇੱਕ ਕਿਤਾਬ ਛਾਪੀ ਜਿਸਦਾ ਨਾਮ ਸੀ “ਖਿਆਲਾਤ-ਏ-ਤਿਲਕ” ਜਾਂ “ਤਿਲਕ ਦੇ ਵਿਚਾਰ” | ਇਸਤੋਂ ਇਲਾਵਾ ਉਸਨੇ ਕ੍ਰਾਂਤੀ ਪੈਦਾ ਕਰ ਦੇਣ ਵਾਲੀਆਂ ਅਨੇਕ ਕਵਿਤਾਵਾਂ ਵੀ ਲਿੱਖੀਆਂ | ਅਜਿਹਾ ਸਾਹਿੱਤ ਲਿਖਣ ਕਾਰਨ ਉਹ ਸਾਢੇ ਚਾਰ ਸਾਲ ਜੇਲ੍ਹ ਵਿੱਚ ਵੀ ਰਹੇ |
ਲਾਲਾ ਪਿੰਡੀਦਾਸ ਦਾ ਨਾਮ ਪੰਜਾਬ ਦੇ ਕ੍ਰਾਂਤੀਕਾਰੀਆਂ ਵਿੱਚ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ | “ ਇੰਡੀਆ ” ਨਾਮਕ ਹਫਤਾਵਾਰ ਪਤ੍ਰਿਕਾ  ਵਿੱਚ ਇੱਕ ਵਿਸ਼ੇਸ਼ ਕਾਲਮ ਉਹਨਾਂ ਵਾਸਤੇ ਨਿਸ਼ਚਿਤ ਹੁੰਦਾ ਸੀ | “ ਸ਼ਿਵ ਸ਼ੰਕਰ ਦਾ ਚਿੱਠਾ ” ਨਾਮਕ ‘ ਕਲਮ ‘ ਵਿੱਚ ਉਹ ਮਜ਼ਾਕ-ਮਜ਼ਾਕ ਵਿੱਚ ਬ੍ਰਿਟਿਸ਼ ਅਧਿਕਾਰੀਆਂ ਦੇ ਗਲਤ ਕਾਰਨਾਮਿਆਂ ਅਤੇ ਉਹਨਾਂ ਦੀ ਦਮਨਕਾਰੀ ਨੀਤੀਆਂ ਦੀ ਖੂਬ ਆਲੋਚਨਾ ਕਰਦੇ ਸਨ | ਲਾਲਾ ਪਿੰਡੀਦਾਸ ਨੂੰ ਵੀ ਕ੍ਰਾਂਤੀਕਾਰੀ ਗਤੀਵਿਧੀਆਂ ਕਾਰਨ ਲਗਭਗ ਸੱਤ ਸਾਲ ਜੇਲ੍ਹ ਵਿੱਚ ਰਹਿਣਾ ਪਿਆ | ਪੰਜਾਬ ਦੇ ਕ੍ਰਾਂਤੀਕਾਰੀਆਂ ਨੇ ਵਿਦੇਸ਼ੀ ਸ਼ਾਸਨ ਦੇ ਖਿਲਾਫ਼ ਇੱਕ ਵਿਦ੍ਰੋਹ ਦੀ ਵੀ ਯੋਜਨਾ ਬਣਾਈ | ਪਰ 1909 ਈ. ਵਿੱਚ ਜਦੋਂ ਹੁਸ਼ਿਆਰਪੁਰ ਦੀ ਤਿਲਕ ਪ੍ਰੈੱਸ ਉੱਤੇ ਛਾਪਾ ਪਿਆ ਤਾਂ ਇਸ ਯੋਜਨਾ ਦਾ ਭੰਡਾਫੋੜ ਹੋ ਗਿਆ ਕਿਉਂਕਿ ਇਸ ਛਾਪੇ ਦੌਰਾਨ ਯੋਜਨਾ ਸਬੰਧੀ ਸਾਰੇ ਪੱਤਰ-ਵਿਹਾਰ ਦਾ ਰਿਕਾਰਡ ਫੜਿਆ ਗਿਆ ਸੀ | ਇਸ ਕਾਰਨ ਕ੍ਰਾਂਤੀ ਦੀਆਂ ਸਾਰੀਆਂ ਯੋਜਨਾਵਾਂ ਧਰੀਆਂ ਹੀ ਰਹਿ ਗਈਆਂ |

ਬੇਸ਼ਕ ਆਪਣੀਆਂ ਯੋਜਨਾਵਾਂ ਨੂੰ ਉਹ ਉਸ ਸਮੇਂ ਅਮਲੀ ਰੂਪ ਨਾ ਦੇ ਸਕੇ ਪਰ ਆਉਣ ਵਾਲੇ ਸਮੇਂ ਲਈ ਉਹ ਇੱਕ ਨਵੀਂ ਸੇਧ ਦੇਸ਼ ਪਿਆਰਿਆਂ ਨੂੰ ਦੇ ਗਏ ਜਿਹਨਾਂ ਦੇ ਸੰਘਰਸ਼ ਸਦਕਾ ਬਾਅਦ ਵਿੱਚ ਅੰਗਰੇਜਾਂ ਨੂੰ ਭਾਰਤ ਤੋਂ ਅਖੀਰ 1947 ਈ. ਵਿੱਚ ਜਾਣਾ ਪਿਆ |