ਬ੍ਰਿਟਿਸ਼ ਰਾਜ
ਦੌਰਾਨ ਭਾਰਤ ਤੋਂ ਬਹੁਤ ਸਾਰੇ ਲੋਕ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਅਤੇ ਕੈਨੇਡਾ ਆਦਿ ਦੇਸ਼ਾਂ
ਵਿੱਚ ਗਏ ਹੋਏ ਸਨ | ਪਰ ਉਥੋਂ ਦੇ ਹਾਲਾਤ ਅਜਿਹੇ ਸਨ ਕਿ ਭਾਰਤੀ ਮਜ਼ਦੂਰ ਹਰ ਪਾਸਿਓਂ ਸ਼ੋਸ਼ਿਤ ਹੋ ਰਹੇ
ਸਨ ਅਤੇ ਉਹਨਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ | ਕਿਉਂਕਿ ਉਹ ਇੱਕ ਗੁਲਾਮ ਦੇਸ਼ ਦੇ
ਨਿਵਾਸੀ ਸਨ | ਭਾਵੇਂ ਅਮਰੀਕਾ ਵਿੱਚ ਕਾਫੀ ਸਮੇਂ ਤੋਂ ਰਹਿ ਰਹੇ ਕੁਝ ਲੋਕ ਬਹੁਤ ਅਮੀਰ ਵੀ ਹੋ ਗਏ
ਸਨ ਪਰ ਫਿਰ ਵੀ ਅਮਰੀਕਨ ਲੋਕ ਉਹਨਾਂ ਨੂੰ ਨਫ਼ਰਤ ਹੀ ਕਰਦੇ ਸਨ | ਚਾਹੇ ਰੇਲ ਗੱਡੀ ਹੋਵੇ, ਹੋਟਲ
ਹੋਵੇ , ਪਾਰਕ ਜਾਂ ਫਿਰ ਥਿਏਟਰ ਹੋਣ ਉਹਨਾਂ ਨੂੰ ਰੰਗ-ਭੇਦ ਦੀ ਨੀਤੀ ਦਾ ਸਾਹਮਣਾ ਕਰਨਾ ਪੈਂਦਾ ਸੀ
| ਅਜਿਹੀਆਂ ਭੇਦਭਾਵਪੂਰਨ ਗੱਲਾਂ ਨੇ ਭਾਰਤੀ
ਲੋਕਾਂ ਨੂੰ ਇਹ ਸੋਚਣ ‘ਤੇ ਮਜਬੂਰ ਕਰ ਦਿੱਤਾ ਕਿ ਉਹਨਾਂ ਦਾ ਵਿਦੇਸ਼ਾਂ ਵਿੱਚ ਸਨਮਾਨ ਤਾਂ ਹੀ ਹੋ ਸਕਦਾ ਹੈ ਜੇਕਰ ਉਹਨਾਂ ਦਾ ਆਪਣਾ ਦੇਸ਼ ਸੁਤੰਤਰ ਹੋਵੇ |
ਅਮਰੀਕਾ ਦੇ ਸੁਤੰਤਰਤਾ ਸੰਗ੍ਰਾਮ ਨੇ ਵੀ ਭਾਰਤੀ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਆਪਣੇ ਦੇਸ਼
ਨੂੰ ਆਜ਼ਾਦ ਕਰਵਾਉਣ ਲਈ ਕ੍ਰਾਂਤੀਕਾਰੀ ਢੰਗ ਅਪਨਾਉਣ | ਇਸਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਵਿੱਚ
ਰਹਿੰਦੇ ਹੋਏ ਆਇਰਲੈੰਡ , ਰੂਸ , ਜਰਮਨੀ ਅਤੇ ਹੋਰ ਵਿਦੇਸ਼ੀ ਲੋਕਾਂ ਦੇ ਸੰਪਰਕ ਵਿੱਚ ਆਉਣ ਕਾਰਨ
ਉਹਨਾਂ ਨੂੰ ਵਿਦੇਸ਼ਾਂ ਵਿੱਚ ਹੋ ਰਹੇ ਆਜ਼ਾਦੀ ਘੋਲਾਂ ਬਾਰੇ ਵੀ ਜਾਣਕਾਰੀ ਮਿਲਦੀ ਰਹਿੰਦੀ ਸੀ |
ਇਹਨਾਂ ਗੱਲਾਂ ਨਾਲ ਉਹਨਾਂ ਨੂੰ ਭਾਰਤ ਵਿੱਚ ਵੀ ਅਜਿਹੇ ਕ੍ਰਾਂਤੀਕਾਰੀ ਅੰਦੋਲਨ ਚਲਾ ਕੇ ਭਾਰਤ ਨੂੰ
ਆਜ਼ਾਦ ਕਰਵਾਉਣ ਲਈ ਹੌਂਸਲਾ ਮਿਲਿਆ | ਇਸ ਉਦੇਸ਼ ਨਾਲ ਉਹਨਾਂ ਨੇ ਬਹੁਤ ਸਾਰੇ ਸੰਗਠਨ ਬਨਾਉਣੇ ਸ਼ੁਰੂ
ਕਰ ਦਿੱਤੇ ਅਤੇ ਭਾਰਤ ਵਿੱਚੋਂ ਅੰਗਰੇਜਾਂ ਨੂੰ ਕਢਣ ਦੀਆਂ ਸਕੀਮਾਂ ਬਨਾਉਣ ਲੱਗੇ |ਇਸ ਤਰਾਂ 1906 ਈ. ਤੱਕ ਵਿਦੇਸ਼ਾਂ ਵਿੱਚ ਬਹੁਤ ਸਾਰੇ ਰਾਜਨੀਤਕ ਸੰਗਠਨ ਹੋਂਦ ਵਿੱਚ ਆਏ |
ਪਰ ਅੰਤ ਵਿੱਚ ਇਹ ਸਾਰੇ ਸੰਗਠਨ ਮਿਲ ਗਏ ਅਤੇ ਇਸਦਾ ਨਾਮ ਗਦਰ ਪਾਰਟੀ ਰੱਖ ਦਿੱਤਾ | ਸ਼ੁਰੂ ਵਿੱਚ
ਇਸ ਸੰਗਠਨ ਦਾ ਨਾਮ “ ਅਮਰੀਕਾ ਵਾਲਿਆਂ ਦੀ ਹਿੰਦੀ ਐਸੋਸਿਏਸ਼ਨ ” ਰੱਖਿਆ ਗਿਆ | ਪਰ ਜਦੋਂ ਇਸ ਐਸੋਸੀਏਸ਼ਨ ਨੇ “ ਗਦਰ ” ਨਾਂ ਨਾਲ ਆਪਣਾ ਇੱਕ ਹਫਤਾਵਾਰ ਅਖਬਾਰ
ਕੱਢਿਆ ਤਾਂ ਇਸਦਾ ਨਾਮ ਵੀ ਗਦਰ ਪਾਰਟੀ ਹੀ ਪੈ ਗਿਆ | ਇਸ ਅੰਦੋਲਨ ਦੇ ਪਿੱਛੇ ਲਾਲਾ ਹਰਦਿਆਲ ਦੀ
ਮੁੱਖ ਭੂਮਿਕਾ ਰਹੀ | ਇਸ ਅੰਦੋਲਨ ਦੇ ਹੋਰ ਪ੍ਰਮੁੱਖ ਮੈਂਬਰ ਬਾਬਾ ਗੁਰਮੁੱਖ ਸਿੰਘ , ਭਾਈ
ਪਰਮਾਨੰਦ , ਬਰਕਤ ਉੱਲਾਹ , ਕਰਤਾਰ ਸਿੰਘ ਸਰਾਭਾ ਅਤੇ ਰਹਿਮਤ ਅਲੀ ਸ਼ਾਹ ਆਦਿ ਸਨ |
ਗਦਰ ਪਾਰਟੀ ਨੇ
ਆਪਣਾ ਕੰਮ ਆਪਣੇ ਮੁੱਖ ਦਫਤਰ ਤੋਂ ਕਰਨਾ ਸ਼ੁਰੂ ਕੀਤਾ ਜੋ “ ਯੁਗਾਂਤਰ ਆਸ਼ਰਮ ” ਦੇ ਨਾਮ ਨਾਲ
ਪ੍ਰਸਿਧ ਸੀ ਅਤੇ ਜੋ ਸੈਨ-ਫ੍ਰਾਂਸਿਸਕੋ ਵਿੱਚ ਹਿਲ-ਸਟ੍ਰੀਟ ਵਿਖੇ ਸਥਿੱਤ ਸੀ | ਸਾਰੇ ਕੰਮ ਦੀ
ਯੋਜਨਾ ਬਨਾਉਣ ਲਈ ਇੱਕ ਕੇਂਦਰੀ ਕਮੇਟੀ ਦਾ ਨਿਰਮਾਣ ਕੀਤਾ ਗਿਆ | ਹਰ ਰਾਜ ਤੋਂ ਦੋ ਨੁਮਾਇੰਦੇ ਇਸ
ਕਮੇਟੀ ਦੇ ਮੈਂਬਰ ਚੁਣੇ ਜਾਂਦੇ ਸਨ | ਇਹ ਮੈਂਬਰ ਦੋ ਸਾਲ ਲਈ ਚੁਣੇ ਜਾਂਦੇ ਸਨ | ਦੋ ਸਾਲ ਬਾਅਦ
ਨਵੇਂ ਮੈਂਬਰਾਂ ਦੀ ਚੋਣ ਹੁੰਦੀ ਸੀ ਅਤੇ ਫਿਰ ਇੱਕ ਨਵੀਂ ਕਮੇਟੀ ਦਾ ਨਿਰਮਾਣ ਹੁੰਦਾ ਸੀ |ਇਸ
ਕਮੇਟੀ ਦੀਆਂ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਹੁੰਦੀ ਸੀ | ਪਰ ਲੋੜ ਪੈਣ ਤੇ ਵਿਸ਼ੇਸ਼ ਮੀਟਿੰਗ ਵੀ
ਬੁਲਾਈ ਜਾ ਸਕਦੀ ਸੀ |
ਕਿਉਂਕਿ ਗਦਰ ਨੇਤਾ
ਭਾਰਤ ਵਿੱਚ ਸਸ਼ਸਤਰ ਕ੍ਰਾਂਤੀ ਲਿਆਉਣ ਦੇ ਪੱਖ ਵਿੱਚ ਸਨ | ਇਸ ਲਈ ਉਹਨਾਂ ਨੇ ਬਹੁਤ ਸਾਰਾ ਧਨ
ਇੱਕਠਾ ਕੀਤਾ ਗੋਲਾ ਬਾਰੂਦ ਇੱਕਠਾ ਕੀਤਾ ਅਤੇ ਬਹੁਤ ਸਾਰੇ ਮੈਂਬਰਾਂ ਨੂੰ ਸਿਖਲਾਈ ਵੀ ਦਿੱਤੀ |
ਫਿਰ ਇਹਨਾਂ ਨੂੰ ਸਾਜੋ-ਸਮਾਨ ਸਮੇਤ ਭਾਰਤ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ | ਜਿਉਂ ਹੀ 1914 ਈ. ਵਿੱਚ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੁਆਤ ਹੋਈ ਤਾਂ ਇਹਨਾਂ ਨੂੰ ਇੱਕ
ਸੁਨਹਿਰੀ ਮੌਕਾ ਮਿਲ ਗਿਆ | ਅਗਸਤ 1914 ਈ. ਵਿੱਚ “ ਕੋਰੀਆ ”
ਨਾਮਕ ਜਹਾਜ ਤੇ ਜਵਾਲਾ ਸਿੰਘ ਨਾਲ ਲਗਭਗ 60 ਕ੍ਰਾਂਤੀਕਾਰੀਆਂ ਦਾ
ਇੱਕ ਜੱਥਾ ਸੈਨ-ਫ੍ਰਾਂਸਿਸਕੋ ਤੋਂ ਭਾਰਤ ਵੱਲ ਰਵਾਨਾ ਹੋਇਆ | ਕੈੰਟਨ ਦੀ ਬੰਦਰਗਾਹ ਤੋਂ 100 ਮੈਂਬਰਾਂ ਦਾ ਇੱਕ ਹੋਰ ਜੱਥਾ ਵੀ ਇਸ ਜਹਾਜ ਵਿੱਚ ਸਵਾਰ ਹੋ ਗਿਆ | ਪਰ
ਜਿਉਂ ਹੀ ਇਹ ਜਹਾਜ ਕਲਕੱਤਾ ਦੀ ਬੰਦਰਗਾਹ ਤੇ ਪਹੁੰਚਿਆ ਤਾਂ ਜਵਾਲਾ ਸਿੰਘ ਅਤੇ ਉਸਦੇ ਸਾਥੀਆਂ ਨੂੰ
ਫੜ ਲਿਆ ਗਿਆ ਅਤੇ ਪੰਜਾਬ ਵਿੱਚ ਭੇਜਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ | ਇਸੇ ਤਰਾਂ ਥੋੜੀ
ਦੇਰ ਬਾਅਦ ਇੱਕ ਹੋਰ “ ਤੋਸਾਮਾਰੁ ” ਨਾਮ ਦਾ
ਜਹਾਜ ਕੋਈ 173 ਗਦਰ
ਕ੍ਰਾਂਤੀਕਾਰੀਆਂ ਨੂੰ ਸੋਹਣ ਸਿੰਘ ਭਕਨਾ ਦੀ ਨੁਮਾਇੰਦਗੀ ਵਿੱਚ 29 ਅਕਤੂਬਰ 1914 ਈ. ਨੂੰ ਭਾਰਤ ਦੀ
ਤੱਟ ਸੀਮਾ ਤੇ ਪੁੱਜਿਆ ਤਾਂ ਤੁਰੰਤ ਹੀ ਇਸ ਜਹਾਜ ਨੂੰ ਵੀ ਸਰਕਾਰ ਨੇ ਆਪਣੇ ਕਬਜੇ ਵਿੱਚ ਲੈ ਲਿਆ
ਅਤੇ ਇਸ ਵਿੱਚ ਸਵਾਰ ਸਾਰੇ ਕ੍ਰਾਂਤੀਕਾਰੀਆਂ ਨੂੰ ਪਕੜਕੇ ਭਾਰਤ ਦੀਆਂ ਭਿੰਨ-ਭਿੰਨ ਜੇਲ੍ਹਾਂ ਵਿੱਚ
ਬੰਦ ਕਰ ਦਿੱਤਾ ਗਿਆ | ਪਰ ਇਹਨਾਂ ਸਭ ਪਾਬੰਦੀਆਂ ਦੇ ਬਾਵਜੂਦ ਵੀ ਕੋਈ 700 ਕ੍ਰਾਂਤੀਕਾਰੀ ਕਿਸੇ ਨਾ ਕਿਸੇ ਤਰਾਂ ਕਨੈਡਾ ਅਤੇ ਅਮੀਰਕਾ ਤੋਂ ਭਾਰਤ
ਪਹੁੰਚਣ ਵਿੱਚ ਸਫਲ ਹੋ ਗਏ | ਉਹ ਦੇਸ਼ ਦੇ ਅਨੇਕ ਭਾਗਾਂ ਵਿੱਚ ਫੈਲ ਗਏ | ਵਿਸ਼ੇਸ਼ ਕਰਕੇ ਉਹਨਾਂ ਵਿੱਚੋਂ
ਬਹੁਤ ਸਾਰੇ ਪੰਜਾਬ ਵਿੱਚ ਪਹੁੰਚ ਗਏ ਅਤੇ ਉਹਨਾਂ ਨੇ ਲੋਕਾਂ ਨੂੰ ਅੰਗ੍ਰੇਜੀ ਸਰਕਾਰ ਦੇ ਵਿਰੁੱਧ
ਭੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੀਆਂ ਅਨੇਕ ਤਰਾਂ ਨਾਲ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ | ਉਹਨਾਂ
ਨੇ ਪੰਜਾਬ ਵਿੱਚ ਇੱਕ ਖੁੱਲੇ ਵਿਦਰੋਹ ਦੀ ਯੋਜਨਾ ਬਣਾਈ | ਇਸ ਵਿਦਰੋਹ ਲਈ 21 ਫਰਵਰੀ 1915 ਈ. ਦੀ ਤਰੀਖ
ਨਿਸ਼ਚਿਤ ਕੀਤੀ ਗਈ | ਪਰ ਇੱਕ ਗੱਦਾਰ ਕਿਰਪਾਲ ਸਿੰਘ ਦੀ ਗੱਦਾਰੀ ਦੇ ਕਾਰਨ , ਜਿਸਨੇ ਇਹ ਸਾਰੀ ਯੋਜਨਾ ਪੁਲਿਸ ਨੂੰ ਦੱਸ ਦਿੱਤੀ ਸੀ ,
ਸਾਰੀ ਦੀ ਸਾਰੀ ਯੋਜਨਾ ਧਰੀ ਦੀ ਧਰੀ ਰਹਿ ਗਈ | ਸਰਕਾਰ ਨੇ ਵਿਦਰੋਹ ਵਿੱਚ ਭਾਗ ਲੈਣ ਵਾਲੀਆਂ
ਟੁਕੜੀਆਂ ਨੂੰ ਭੰਗ ਕਰ ਦਿੱਤਾ ਅਤੇ ਉਹਨਾਂ ਦੇ ਨੇਤਾਵਾਂ ਨੂੰ ਜਾਂ ਤਾਂ ਲੰਬੀਆਂ ਸਜਾਵਾਂ ਦਿੱਤੀਆਂ
ਗਈਆਂ ਜਾਂ ਫਿਰ ਕੁਝ ਨੂੰ ਫਾਂਸੀ ਤੇ ਚੜ੍ਹਾ ਦਿੱਤਾ ਗਿਆ | ਇਹਨਾਂ ਵਿੱਚ ਇੱਕ ਸੈਨਿਕ ਟੁੱਕੜੀ 23 ਕੇਵੈਲਰੀ ਸੀ | ਇਸਦੇ 12 ਮੈਂਬਰਾਂ ਨੂੰ ਮੌਤ
ਦੀ ਸਜ਼ਾ ਦਿੱਤੀ ਗਈ | ਪੰਜਾਬ ਦੀ ਸਰਕਾਰ ਹਰ ਪਾਸੇ ਕ੍ਰਾਂਤੀਕਾਰੀਆਂ ਦੇ ਪਿੱਛੇ ਹੱਥ ਧੋ ਕੇ ਪੈ ਗਈ
| ਬਹੁਤ ਸਾਰੀ ਸੰਖਿਆ ਵਿੱਚ ਕ੍ਰਾਂਤੀਕਾਰੀਆਂ ਨੂੰ ਫੜਕੇ ਉਹਨਾਂ ਉੱਤੇ ਮੁੱਕਦਮੇ ਚਲਾਏ ਗਏ | ਕੋਈ 42 ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ , 93 ਨੂੰ ਲੰਬੇ ਸਮੇਂ ਦੀ ਕੈਦ ਸੁਣਾਈ ਗਈ ,194 ਦੇ ਲਗਭਗ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ | ਜਿਹਨਾਂ ਦੇਸ਼ ਭਗਤਾਂ
ਨੂੰ ਫਾਂਸੀ ਦਿੱਤੀ ਗਈ ਉਹਨਾਂ ਵਿੱਚ ਕਰਤਾਰ ਸਿੰਘ ਸਰਾਭਾ , ਸਰਦਾਰ ਜਸਵੰਤ ਸਿੰਘ , ਸਰਦਾਰ ਸੇਵਾ
ਸਿੰਘ , ਸਰਦਾਰ ਹਰਨਾਮ ਸਿੰਘ ਅਤੇ ਸ਼੍ਰੀ ਵਿਸ਼ਨੂੰ ਗਣੇਸ਼ ਪਿੰਗਲੇ ਆਦਿ ਦੇ ਨਾਮ ਵਿਸ਼ੇਸ਼ ਹਨ |
ਭਾਰਤ ਤੋਂ ਬਾਹਰ
ਗਦਰ ਪਾਰਟੀ ਦੇ ਮੈਂਬਰਾਂ ਨੇ ਸਿੰਗਾਪੁਰ , ਸਿਆਮ , ਸ਼ਿੰਘਾਈ , ਮੱਧ ਅਤੇ ਪੂਰਬੀ ਟਾਪੂਆਂ , ਅਤੇ
ਕਾਬੁਲ ਦੇ ਵਿਦਰੋਹੀਆਂ ਨੂੰ ਸੰਗਠਤ ਕਰਨ ਦੀ ਕੋਸ਼ਿਸ਼ ਕੀਤੀ | ਪਰ ਉਹਨਾਂ ਨੂੰ ਇਸ ਕੰਮ ਵਿੱਚ ਕੋਈ
ਵਿਸ਼ੇਸ਼ ਸਫਲਤਾ ਨਾ ਮਿਲੀ | ਸਿੰਗਾਪੁਰ ਵਿੱਚ , ਗਦਰ ਕ੍ਰਾਂਤੀਕਾਰੀਆਂ ਦੇ ਉਕਸਾਵੇ ਤੇ 5ਵੀਂ ਲਾਇਟ ਇਨਫੈਂਟ੍ਰੀ ਦੇ 700 ਸੈਨਿਕਾਂ ਨੇ ਆਪਣੇ ਨੇਤਾਵਾਂ ਅਤੇ ਸੂਬੇਦਾਰ ਦੁਰਦੇ ਖਾਂ ਅਤੇ ਜਮਾਦਾਰ
ਚਿਸ਼ਤੀ ਖਾਂ ਦੀ ਅਗਵਾਈ ਹੇਠ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ | ਆਪਸ ਵਿੱਚ ਜੰਮਕੇ ਲੜਾਈ ਹੋਈ
ਜਿਹਨਾਂ ਵਿੱਚ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਸੈਨਿਕ ਮਾਰੇ ਗਏ | ਬਾਕੀਆਂ ਨੂੰ ਪਕੜ ਲਿਆ ਗਿਆ |
ਜਦਕਿ ਚਾਰ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ , 37 ਨੂੰ ਖੁਲ੍ਹੇਆਮ
ਫਾਂਸੀ ਦਿੱਤੀ ਗਈ | ਇਸ ਤਰਾਂ ਗਦਰ ਅੰਦੋਲਨ ਕੇਵਲ ਇੱਕ ਗੱਦਾਰ ਦੀ ਗੱਦਾਰੀ ਕਾਰਨ ਅਸਫਲ ਹੋ ਗਿਆ |
______________________________________________