ਪੰਜਾਬ ਦੇ ਇਤਿਹਾਸ ਵਿੱਚ " ਤਿੱਕੜੀ ਦੀ ਸਰਪ੍ਰਸਤੀ ਦਾ ਕਾਲ " ਕਿਸਨੂੰ ਆਖਦੇ ਹਨ ......?


Image result for maharaja ranjit singhਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਜਦੋਂ 1792 ਈ. ਵਿੱਚ ਮੌਤ ਹੋਈ ਤਾਂ ਉਸ ਸਮੇਂ ਰਣਜੀਤ ਸਿੰਘ ਦੀ ਉਮਰ ਕੋਈ ਬਾਰ੍ਹਾਂ ਕੁ ਸਾਲ ਦੀ ਸੀ . ਨਾਬਾਲਗ ਹੋਣ ਕਰ ਕੇ ਰਾਜ ਦੀ ਵਾਗਡੋਰ ਉਸ ਦੀ ਮਾਤਾ ਰਾਜ ਕੌਰ ਦੇ ਹੱਥਾਂ ਵਿੱਚ ਆ ਗਈ ਸੀ . ਉਸ ਨੇ ਰਾਜ ਪ੍ਰਬੰਧ ਦਾ ਸਾਰਾ ਕੰਮ ਸਰਦਾਰ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ .ਜਦੋਂ 1796 ਈ. ਵਿੱਚ ਰਣਜੀਤ ਸਿੰਘ ਦਾ ਵਿਆਹ ਹੋ ਗਿਆ ਤਾਂ ਉਸਦੀ ਸ਼ਾਦੀ ਦੇ ਬਾਅਦ ਸ਼ੁਕਰਚੱਕਿਆ ਮਿਸਲ ਦੇ ਰਾਜ-ਪ੍ਰਬੰਧ ਦੇ ਕੰਮ ਵਿੱਚ ਉਸ ਦੀ ਸੱਸ ਸਦਾ ਕੌਰ ਵੀ ਦਿਲਚਸਪੀ ਲੈਣ ਲੱਗ ਪਈ. ਇਸ ਤਰਾਂ 1792 ਈ.ਤੋਂ 1797 ਈ. ਤੱਕ ,ਜਦ ਤੱਕ ਰਣਜੀਤ ਸਿੰਘ ਨਾਬਾਲਗ ਰਿਹਾ ਸ਼ੁਕਰਚੱਕਿਆ ਮਿਸਲ ਦਾ ਰਾਜ ਪ੍ਰਬੰਧ ਤਿੰਨ ਵਿਅਕਤੀਆਂ - ਰਾਜ ਕੌਰ , ਦੀਵਾਨ ਲਖਪਤ ਰਾਏ ਅਤੇ ਸਦਾ ਕੌਰ ਦੇ ਹੱਥ ਵਿੱਚ ਰਿਹਾ . ਇਸ ਲਈ ਇਸ ਕਾਲ ਨੂੰ ਪੰਜਾਬ ਦੇ ਇਤਿਹਾਸ ਵਿੱਚ "ਤਿੱਕੜੀ ਦੀ ਸਰਪ੍ਰਸਤੀ ਦਾ ਕਾਲ " ਵੀ ਕਿਹਾ ਜਾਂਦਾ ਹੈ . 1797 ਈ.ਵਿੱਚ ਜਦੋਂ ਰਣਜੀਤ ਸਿੰਘ ਸਤਾਰ੍ਹਾਂ ਸਾਲ ਦਾ ਹੋਇਆ ਤਾਂ ਉਸ ਨੇ ਰਾਜ ਪ੍ਰਬੰਧ ਦੀ ਵਾਗ-ਡੋਰ ਆਪਣੇ ਹੱਥਾਂ ਵਿੱਚ ਲੈ ਲਈ . ਰਾਜ ਕੌਰ ਅਤੇ ਦੀਵਾਨ ਲਖਪਤ ਰਾਏ ਦੀ ਮੌਤ ਹੋ ਗਈ .ਸਦਾ ਕੌਰ ਰਣਜੀਤ ਸਿੰਘ ਦੀਆਂ ਮੁਢਲੀਆਂ ਜਿੱਤਾਂ ਵਿੱਚ ਬੜੀ ਸਹਾਇਕ ਸਿੱਧ ਹੋਈ. ਰਣਜੀਤ ਸਿੰਘ ਨੇ ਆਪਣੇ ਪਿਤਾ ਮਹਾਂ ਸਿੰਘ ਦੇ ਮਾਮੇ ਦਲ ਸਿੰਘ ਨੂੰ ਆਪਣਾ ਪ੍ਰਧਾਨਮੰਤਰੀ ਨਿਯੁਕਤ ਕਰ ਲਿਆ .ਮਹਾਰਾਜਾ ਰਣਜੀਤ ਸਿੰਘ ਆਪਣੇ ਕਾਬਿਲ ਸੈਨਾਪਤੀਆਂ ਅਤੇ ਆਪਣੀ ਕਾਬਲੀਅਤ ਅਤੇ ਯੋਗਤਾ ਸਦਕਾ ਪੰਜਾਬ ਦਾ ਪਹਿਲਾ ਅਤੇ ਆਖਰੀ ਮਹਾਨ ਸਿੱਖ ਸ਼ਾਸਕ ਸਿੱਧ ਹੋਇਆ. ਜਿੰਨੀਂ ਦੇਰ ਤੱਕ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ ਅੰਗਰੇਜਾਂ ਨੇ ਅੱਖ ਚੁੱਕ ਕੇ ਵੀ ਪੰਜਾਬ ਵੱਲ ਨਹੀਂ ਸੀ ਦੇਖਿਆ . 

ਪਾਣੀਪਤ ਦੀ ਪਹਿਲੀ ਲੜਾਈ (1526 AD) ਵਿੱਚ ਇਬ੍ਰਾਹੀਮ ਲੋਧੀ ਕੋਲ ਵਿਸ਼ਾਲ ਸੈਨਾ ਹੋਣ ਦੇ ਬਾਵਜੂਦ ਵੀ ਉਹ ਕਿਉਂ ਹਾਰ ਗਿਆ ....?




  • ਪਾਣੀਪਤ ਦਾ ਪਹਿਲਾ ਯੁੱਧ ਬਾਬਰ ਅਤੇ ਦਿੱਲੀ ਦੇ ਸ਼ਾਸਕ ਇਬ੍ਰਾਹਿਮ ਲੋਧੀ ਦੇ ਵਿਚਕਾਰ ਲੜਿਆ ਗਿਆ ਸੀ .ਇਸ ਯੁੱਧ ਦੀ ਮਹੱਤਤਾ ਇਸ ਗੱਲ ਤੋਂ ਹੈ ਕਿ ਇਸੇ ਯੁੱਧ ਤੋਂ ਬਾਅਦ ਦਿੱਲੀ ਵਿੱਚ ਲੋਧੀ ਵੰਸ਼ ਦੀ ਸਮਾਪਤੀ ਅਤੇ ਮੁਗ੍ਹਲ ਵੰਸ਼ ਦੀ ਸਥਾਪਨਾ ਹੋਈ ਸੀ .ਇਸ ਯੁੱਧ ਵਿੱਚ ਭਾਵੇ ਇਬ੍ਰਾਹਿਮ ਲੋਧੀ ਕੋਲ ਇੱਕ ਲੱਖ ਤੋਂ ਵੀ ਵੱਧ ਦੀ ਸੈਨਾ ਸੀ ਪ੍ਰੰਤੂ ਫਿਰ ਵੀ ਉਸਦੀ ਇਸ ਯੁੱਧ ਵਿੱਚ ਬੁਰੀ ਤਰਾਂ ਨਾਲ ਹਾਰ ਹੋਈ ਸੀ .ਜਦਕਿ ਦੂਜੇ ਪਾਸੇ ਬਾਬਰ ਕੋਲ ਬਹੁਤ ਹੀ ਥੋੜੇ ਜਿਹੇ ਸੈਨਿਕ ਸਨ ਅਤੇ ਫਿਰ ਵੀ ਉਹ ਇਸ ਯੁੱਧ ਵਿੱਚ ਜੇਤੂ ਰਿਹਾ ਸੀ. ਇਸਦੇ ਕੁਝ ਮੁੱਖ ਕਾਰਨਾਂ ਬਾਰੇ ਅਸੀਂ ਹੇਠ ਲਿਖੇ ਅਨੁਸਾਰ ਵਿਚਾਰ ਕਰ ਸਕਦੇ ਹਾਂ  :-

  • ਸੈਨਿਕਾਂ ਦੇ ਪੁਰਾਣੇ ਤਰੀਕੇ :- ਇਬ੍ਰਾਹੀਮ ਲੋਧੀ ਦੀ ਸੈਨਾ ਵਿੱਚ ਬਹੁਤ ਸਾਰੇ ਸੈਨਿਕ ਭਾੜ੍ਹੇ ਦੇ ਸੈਨਿਕ ਸਨ ਅਤੇ ਉਹਨਾਂ ਨੂੰ ਕਿਸੇ ਤਰਾਂ ਦੀ ਕੋਈ ਵਿਗਿਆਨਿਕ ਢੰਗ ਨਾਲ ਲੜ੍ਹਾਈ ਕਰਨ ਦਾ ਕੋਈ ਤਜੁਰਬਾ ਨਹੀਂ ਸੀ .ਭਾੜ੍ਹੇ ਤੇ ਆਏ ਹੋਏ ਸੈਨਿਕ ਕਦੇ ਵੀ ਉਤਸ਼ਾਹ ਅਤੇ ਪੂਰੀ ਵੀਰਤਾ ਨਾਲ ਨਹੀਂ ਸਨ ਲੜ੍ਹ ਸਕਦੇ .ਉਹਨਾਂ ਵਿੱਚ ਅਨੁਸ਼ਾਸਨ ਦੀ ਵੀ ਕਮੀ ਸੀ ਅਤੇ ਲੜ੍ਹਾਈ ਦੇ ਢੰਗ ਤਰੀਕੇ ਵੀ ਬਹੁਤ ਪੁਰਾਣੇ ਸਨ.ਉਹ ਮੱਧ ਕਾਲੀਨ ਢੰਗ ਨਾਲ ਲੜ੍ਹਨ ਵਾਲੇ ਸੈਨਿਕ ਸਨ .ਯੁੱਧ ਦੇ ਦੌਰਾਨ ਉਹ ਅਵਿਵਸਥਾ ਪੈਦਾ ਕਰ ਦਿੰਦੇ ਸਨ . ਜਦਕਿ ਬਾਬਰ ਕੋਲ ਪੂਰੀ ਤਰਾਂ ਉਸਨੂੰ ਸਮਰਪਿਤ ਸੈਨਿਕਾਂ ਦੀ ਫ਼ੌਜ ਸੀ ਭਾਵੇਂ ਉਹਨਾਂ ਦੀ ਗਿਣਤੀ ਘੱਟ ਸੀ ਪ੍ਰੰਤੂ ਉਹਨਾਂ ਦੇ ਯੁੱਧ ਲੜ੍ਹਨ ਦੇ ਢੰਗ ਤਰੀਕੇ ਆਧੁਨਿਕ ਅਤੇ ਵਿਗਿਆਨਿਕ ਵਿਉਂਤਬੰਦੀ ਵਾਲੇ ਸਨ. ਬਾਬਰ ਵੱਲੋਂ ਭਾਰਤ ਵਿੱਚ ਪਹਿਲੀ ਵਾਰੀ ਤੋਪਖਾਨੇ ਅਤੇ ਬੰਦੂਕਾਂ ਦਾ ਭਰਪੂਰ ਪ੍ਰਯੋਗ ਕੀਤਾ ਗਿਆ ਸੀ.ਰਸ਼ਬਰੂਕ ਵਿਲੀਅਮਜ਼ ਨੇ ਠੀਕ ਹੀ ਕਿਹਾ ਹੈ ਕਿ ,"ਬਾਬਰ ਦੀ ਜਿੱਤ ਦਾ ਕੋਈ ਇੱਕ ਵੱਡਾ ਕਾਰਣ ਜੇਕਰ ਕੋਈ ਸੀ ਤਾਂ ਉਹ ਕੇਵਲ ਉਸਦਾ ਸ਼ਕਤੀਸ਼ਾਲੀ ਤੋਪਖਾਨਾ ਸੀ." 


  • ਬਾਬਰ ਦੀ ਸਮਰਪਿਤ ਸੈਨਿਕ ਸ਼ਕਤੀ:- ਬਾਬਰ ਦੇ ਨਾਲ ਆਏ ਹੋਏ ਸੈਨਿਕ ਪੂਰੀ ਤਰਾਂ ਆਪਣੇ ਮਾਲਿਕ ਦੇ ਪ੍ਰਤੀ ਸਮਰਪਿਤ ਅਤੇ ਆਪਣੇ ਧਾਰਮਿਕ ਜੋਸ਼ ਨਾਲ ਲੜ੍ਹਨ ਵਾਲੇ ਸਨ .ਉਹ ਭਾਰਤ ਤੋਂ ਬਾਹਰੋਂ ਆਏ ਸਨ ਅਤੇ ਆਪਣੇ ਰਾਜਾ ਪ੍ਰਤੀ ਇਮਾਨਦਾਰ ਸਨ . 
  • ਤੋਪਖਾਨੇ ਦਾ ਪ੍ਰਯੋਗ:- ਬਾਬਰ ਕੋਲ ਵੱਡੀਆਂ ਅਤੇ ਛੋਟੀਆਂ ਦੋਵੇਂ ਪ੍ਰਕਾਰ ਦੀਆਂ ਤੋਪਾਂ ਸਨ ਅਤੇ ਕਾਫੀ ਮਾਤਰਾ ਵਿੱਚ ਗੋਲਾ-ਬਾਰੂਦ ਦਾ ਸਮਾਨ ਵੀ ਸੀ.ਉਸਦੀ ਸੈਨਾ ਵਿੱਚ ਉਸਤਾਦ ਅਲੀ ਅਤੇ ਮੁਸਤਫ਼ਾ ਵਰਗੇ ਨਿਪੁੰਨ ਤੋਪਚੀ ਵੀ ਸਨ ਜਿਹਨਾਂ ਨੇ ਆਪਣੀਆਂ ਤੋਪਾਂ ਨਾਲ ਅਫਗਾਨੀ ਸੈਨਾਂ ਦੇ ਪੱਖਚੜ੍ਹੇ ਉੜਾ ਦਿੱਤੇ ਅਤੇ ਅਫਗਾਨ ਸੈਨਾ ਦੇ ਹਾਥੀ ਤੋਪਾਂ ਦੀ ਆਵਾਜ਼ ਸੁਣਕੇ ਆਪਣੀ ਹੀ ਸੈਨਾ ਵਿੱਚ ਭਗਦੜ ਮਚਾਉਣ ਲੱਗ ਪਏ ਸਨ . 
  • ਭਾਰਤੀ ਰਾਜਿਆਂ ਵੱਲੋਂ ਇਬ੍ਰਾਹੀਮ ਲੋਧੀ ਦਾ ਸਾਥ ਨਾ ਦੇਣਾ:- ਉਸ ਸਮੇਂ ਜਦੋਂ ਵੀ ਕੋਈ ਵਿਦੇਸ਼ੀ ਸ਼ਾਸਕ ਕੇਂਦਰੀ ਸੱਤਾ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਚੌਗਿਰਦੇ ਵਾਲੀਆਂ ਰਿਆਸਤਾਂ ਖੁਸ਼ ਹੁੰਦੀਆਂ ਸਨ ਅਤੇ ਮੌਕਾ ਤਾੜ੍ਹਕੇ ਆਪਣਾ ਹੀ ਸਵਾਰਥ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਸਨ ਅਤੇ ਆਪਣੇ ਰਾਜ ਦੀਆਂ ਸੀਮਾਵਾਂ ਵਿੱਚ ਵਾਧਾ ਕਰਨ ਲਈ ਇੱਕ ਦੂਜੇ ਨਾਲ ਲੜ੍ਹਨ ਲੱਗ ਪੈਂਦੇ ਸਨ.ਇਸੇ ਕਾਰਣ ਹੀ ਪੰਜਾਬ ਦੇ ਦੌਲਤ ਖਾਂ ਲੋਧੀ ਨੇ ਬਾਬਰ ਨੂੰ ਦਿੱਲੀ ਉੱਤੇ ਹਮਲਾ ਕਰਨ ਲਈ ਸੱਦਾ ਦਿੱਤਾ ਸੀ .ਉਸਨੇ ਸੋਚਿਆ ਸੀ ਕਿ ਬਾਬਰ ਬਾਕੀ ਹਮਲਾਵਰਾਂ ਵਾਂਗ ਭਾਰਤ ਆ ਕੇ ਉਤਪਾਤ ਮਚਾਵੇਗਾ ਅਤੇ ਲੁੱਟਮਾਰ ਕਰਕੇ ਵਾਪਿਸ ਚਲਾ ਜਾਵੇਗਾ.ਇਸ ਨਾਲ  ਦਿੱਲੀ ਦੀ ਸੱਤਾ ਕਮਜ਼ੋਰ ਪੈ ਜਾਵੇਗੀ .ਬਾਬਰ ਦੇ ਵਾਪਿਸ ਜਾਣ ਤੋਂ ਬਾਅਦ ਰਾਜਨੀਤਿਕ ਅਵਿਵਸਥਾ ਦਾ ਲਾਭ ਲੈ ਕੇ ਉਹ ਆਪਣੇ ਰਾਜ ਦਾ ਵਿਸਥਾਰ ਕਰ ਸਕਣਗੇ .ਰਾਣਾ ਸਾਂਗਾ ਦੀ ਵੀ ਸੋਚ ਇਹੀ ਸੀ .ਅਜਿਹੀ ਸੋਚ ਕਾਰਣ ਹੀ ਇਹਨਾਂ ਵਿੱਚੋਂ ਕਿਸੇ ਨੇ ਵੀ  ਇਬ੍ਰਾਹੀਮ ਲੋਧੀ ਦਾ ਸਾਥ ਨਹੀਂ ਦਿੱਤਾ ਸੀ .ਦੂਜੇ ਅਫਗਾਨ ਅਤੇ ਰਾਜਪੂਤ ਰਾਜਿਆਂ ਨੇ ਵੀ ਉਸਦੀ ਕੋਈ ਸਹਾਇਤਾ ਨਹੀਂ ਕੀਤੀ ,ਸਗੋਂ ਉਹ ਸਾਰੇ ਮਨ ਹੀ ਮਨ ਉਸਦੇ ਹਾਰ ਜਾਣ ਦੀ ਕਾਮਨਾ ਕਰਦੇ ਹੋਏ ਪ੍ਰਸੰਨ ਹੁੰਦੇ ਸਨ .  
  • ਇਬ੍ਰਾਹੀਮ ਲੋਧੀ ਇੱਕ ਅਯੋਗ ਅਤੇ ਸਨਕੀ ਕਿਸਮ ਦਾ ਸ਼ਾਸਕ ਸੀ:-    ਇਬ੍ਰਾਹੀਮ ਲੋਧੀ ਭਾਵੇਂ ਦਿੱਲੀ ਦਾ ਸ਼ਾਸਕ ਸੀ ਪ੍ਰੰਤੂ ਉਹ ਨਾਂ ਤਾਂ ਇੱਕ ਯੋਗ ਸੈਨਾਪਤੀ ਸੀ ਅਤੇ ਨਾਂ ਹੀ ਯੋਗ ਸ਼ਾਸਕ ਸੀ .ਪਰਜਾ ਉਸਦੇ ਅਤਿਆਚਾਰਾਂ ਤੋਂ ਤੰਗ ਆ ਚੁੱਕੀ ਸੀ.ਆਪਣੇ ਭੈੜੇ ਵਰਤਾਉ ਕਾਰਣ ਹੀ ਉਸਦੇ ਸਾਰੇ ਸਰਦਾਰ ਅਤੇ ਸਗੇ ਸਬੰਧੀ ਵੀ ਉਸਨੂੰ ਚੰਗਾ ਨਹੀਂ ਸਨ ਸਮਝਦੇ .ਪੰਜਾਬ ਦਾ ਦੌਲਤ ਖਾਂ ਲੋਧੀ ਭਾਵੇਂ ਇਬ੍ਰਾਹੀਮ ਲੋਧੀ ਦਾ ਚਾਚਾ ਸੀ .ਪਰ ਉਹ ਵੀ ਇਬ੍ਰਾਹੀਮ ਲੋਧੀ ਦੇ ਵਿਰੁੱਧ ਇਸੇ ਕਰਕੇ ਹੋਇਆ ਸੀ ਕਿ ਇਬ੍ਰਾਹੀਮ ਲੋਧੀ ਨੇ ਉਸਦੇ ਲੜ੍ਹਕੇ ਨੂੰ ਦਿੱਲੀ ਵਿੱਚ ਕੈਦ ਕਰਕੇ ਉਸ ਨਾਲ ਬੁਰਾ ਸਲੂਕ ਕੀਤਾ ਸੀ.ਉਸਨੂੰ ਕੈਦਖਾਨੇ ਵਿੱਚ ਬਾਗੀਆਂ ਦੇ ਸੈੱਲ ਵਿੱਚ ਲਿਜਾਕੇ ਤਾੜਨਾ ਦਿੱਤੀ ਗਈ ਸੀ ਕਿ ਉਸਦੇ ਵਿਰੁੱਧ ਵਿਦ੍ਰੋਹ ਕਰਨ ਦਾ ਕੀ ਨਤੀਜਾ ਹੋ ਸਕਦਾ ਸੀ.ਪ੍ਰੰਤੂ ਦੌਲਤ ਖਾਂ ਦਾ ਲੜਕਾ ਦਿਲਾਵਰ ਖਾਂ ਲੋਧੀ ਕਿਸੇ ਤਰੀਕੇ ਉਸਦੀ ਕੈਦ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ ਅਤੇ ਪੰਜਾਬ ਪਹੁੰਚਕੇ ਉਸਨੇ ਆਪਣੇ ਪਿਉ ਦੌਲਤ ਖਾਂ ਲੋਧੀ ਨੂੰ ਦਿੱਲੀ ਵਿੱਚ ਹੋਈ ਸਾਰੀ ਘਟਨਾ ਦਾ ਹਾਲ ਸੁਣਾਇਆ .ਇਸਤੋਂ ਦੌਲਤ ਖਾਂ ਲੋਧੀ ਨੂੰ ਬਹੁਤ ਗੁੱਸਾ ਆਇਆ ਅਤੇ ਇਸੇ ਕਾਰਣ ਉਸਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਾ ਦਿੱਤਾ ਸੀ . 
  • ਅਫਗਾਨ ਸੈਨਾ ਵਿੱਚ ਅਨੁਸ਼ਾਸਨ ਦੀ ਕਮੀ ਸੀ .
  • ਇੱਕ ਹਫ਼ਤੇ ਤੱਕ ਸੈਨਿਕਾਂ ਦਾ ਆਹਮਣੇ-ਸਾਹਮਣੇ ਖੜ੍ਹੇ ਰਹਿਕੇ  ਸਮਾਂ ਬਰਬਾਦ ਕਰਨਾ.:- ਬਾਬਰ ਅਤੇ ਇਬ੍ਰਾਹਿਮ ਲੋਧੀ ਦੀਆਂ ਸੈਨਾਵਾਂ ਇੱਕ ਹਫ਼ਤੇ ਤੱਕ ਇੱਕ ਦੂਜੇ ਦੇ ਸਾਹਮਣੇ ਖੜ੍ਹੀਆਂ ਰਹੀਆਂ.ਪ੍ਰੰਤੂ ਇਬ੍ਰਾਹੀਮ ਲੋਧੀ ਨੇ ਯੁੱਧ ਛੇੜਨ ਦਾ ਕੋਈ ਜਤਨ ਨਹੀਂ ਕੀਤਾ .ਇਹ ਸਮਾਂ ਬਾਬਰ ਲਈ ਲਾਭਦਾਇਕ ਸਿੱਧ ਹੋਇਆ , ਕਿਉਂਕਿ ਬਾਬਰ ਦੇ ਸੈਨਿਕ ਇਬ੍ਰਾਹੀਮ ਲੋਧੀ ਦੇ ਸੈਨਿਕਾਂ ਦੀ ਸੰਖਿਆ ਵੇਖ ਕੇ ਘਬਰਾ ਗਏ ਸਨ ਅਤੇ ਜੇਕਰ ਉਹਨਾਂ ਨੇ ਤੁਰੰਤ ਹੀ ਹਮਲਾ ਕਰ ਦਿੱਤਾ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਡਰਕੇ ਉਥੋਂ  ਭੱਜਣਾ ਪੈ ਜਾਂਦਾ .ਪ੍ਰੰਤੂ ਇੱਕ ਹਫਤੇ ਦੇ ਸਮੇਂ ਦੌਰਾਨ ਬਾਬਰ ਨੇ ਆਪਣੀਆਂ ਸੈਨਾਵਾਂ ਨੂੰ ਹੌਂਸਲੇ ਅਤੇ ਉਤਸ਼ਾਹ ਦੀ ਭਾਵਨਾ ਨਾਲ  ਭਰ ਦਿੱਤਾ. ਇਸ ਇੱਕ ਹਫ਼ਤੇ ਦਾ ਬਾਬਰ ਨੇ ਭਰਪੂਰ ਫਾਇਦਾ ਉਠਾਇਆ ਅਤੇ ਆਪਣੀ ਸੈਨਾਵਾਂ ਨੂੰ ਵਿਉਂਤਬੰਦੀ ਨਾਲ ਖੜ੍ਹੇ ਕੀਤਾ .ਉਸ ਕੋਲ ਸਿਰਫ਼ 12000 ਸੈਨਿਕ ਸਨ ਜਦਕਿ ਇਬ੍ਰਾਹੀਮ ਲੋਧੀ ਦੀ ਸੈਨਾ ਵਿੱਚ 100000 ਸੈਨਿਕ ਅਤੇ 1000 ਦੇ ਕਰੀਬ ਹਾਥੀ ਸਨ .ਪਰ ਉਸਦੀ ਵਿਉਂਤਬੰਦੀ ਸਦਕਾ ਹੀ ਉਸਦੇ ਸੈਨਿਕਾਂ ਨੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਜਿੱਤ ਪ੍ਰਾਪਤ ਕੀਤੀ.
  • ਬਾਬਰ ਨੇ ਯੁੱਧ ਕਰਨ ਲਈ ਢੁੱਕਵਾਂ ਸਥਾਨ ਚੁਣਿਆ ਸੀ:-  ਉਸਨੇ ਡੇਰੇ ਲਗਾਉਣ ਤੋਂ ਬਾਅਦ ਹੀ ਨਿਸ਼ਚਿਤ ਯੋਜਨਾ ਅਨੁਸਾਰ ਸੈਨਾ ਦੇ ਅਗਲੇ ਭਾਗ ਦੀ ਅਗਵਾਈ ਖੁਸਰੋ ਕੁਕਲਤਾਸ਼ ਤੇ ਮੁਹੰਮਦ ਅਲੀ ਜੰਗਜੰਗ ਨੂੰ ਸੌੰਪੀ ਅਤੇ ਉਸਦੇ ਪਿੱਛੇ ਵਿਸ਼ਾਲ ਸੈਨਾ ਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡ ਦਿੱਤਾ ਗਿਆ .ਸੱਜੇ ਪਾਸੇ ਦਾ ਸੈਨਾਪਤੀ ਹੁਮਾਯੂੰ ਅਤੇ ਖੱਬੇ ਪਾਸੇ ਦਾ ਸੈਨਾਪਤੀ ਸੁਲਤਾਨ ਮਿਰਜ਼ਾ ਨੂੰ ਬਣਾਇਆ ਗਿਆ ਜਦਕਿ ਵਿਚਕਾਰਲੇ ਭਾਗ ਨੂੰ ਉਸਨੇ ਆਪਣੇ ਅਧੀਨ ਰਖਿਆ.
  • ਯੁੱਧ ਦੀ ਸ਼ੁਰੂਆਤ ਬਾਬਰ ਦੀ ਵਿਉਂਤਬੰਦੀ ਅਨੁਸਾਰ :-  ਇੱਕ ਹਫਤੇ ਤੱਕ ਕਿਸੇ ਨੇ ਵੀ ਯੁੱਧ ਵਿੱਚ ਪਹਿਲ ਕਰਨ ਦੀ ਹਿੰਮਤ ਨਹੀਂ ਕੀਤੀ ਸੀ .ਅੰਤ ਨੂੰ ਵੀਹ ਅਪ੍ਰੈਲ ਦੀ ਰਾਤ ਨੂੰ ਬਾਬਰ ਨੇ ਆਪਣੀ ਸੈਨਿਕ ਟੁਕੜੀ ਨੂੰ ਵੈਰੀਆਂ ਦੇ ਕੈੰਪ ਉੱਤੇ ਹੱਲਾ ਬੋਲਣ ਦਾ ਆਦੇਸ਼ ਦਿੱਤਾ ਤਾਂ ਜੋ ਦੁਸ਼ਮਨ ਨੂੰ ਭੜਕਾ ਕੇ ਉਸ ਥਾਂ ਵੱਲ ਲਿਆਂਦਾ ਜਾਵੇ ਜਿਸ ਪਾਸੇ ਉਹ ਖੁਦ ਉਹਨਾਂ ਨਾਲ ਲੜਨਾ ਚਾਹੁੰਦੇ ਸਨ.ਬਾਬਰ ਦੀ ਚਾਲ ਸਫਲ ਹੋਈ.ਅਫਗਾਨ ਸੈਨਿਕ ਉਸੇ ਜਗ੍ਹਾ ਵੱਲ ਲੜਦੇ ਲੜਦੇ ਪਹੁੰਚੇ ਜਿਸ ਥਾਂ ਵੱਲ ਬਾਬਰ ਨੇ ਵਿਉਂਤਬੰਦੀ ਕੀਤੀ ਹੋਈ ਸੀ .ਰਾਤ ਦੇ ਸਮੇਂ ਦੇ ਧਾਵੇ ਤੋਂ ਭੜਕ ਕੇ ਅਗਲੇ ਦਿਨ 21ਅਪ੍ਰੈਲ ਦੀ ਸਵੇਰ ਨੂੰ ਅਫਗਾਨ ਸੈਨਾ ਨੇ ਬਾਬਰ ਦੀ ਸੈਨਾ ਵੱਲ ਕੂਚ ਕਰ ਦਿੱਤਾ ਅਤੇ ਇਸ ਪ੍ਰਕਾਰ ਸਵੇਰੇ 9 ਵਜੇ ਦੇ ਕਰੀਬ ਲੜਾਈ ਦੀ ਸ਼ੁਰੂਆਤ ਹੋ ਗਈ.ਪ੍ਰੰਤੂ ਅਫਗਾਨ ਸੈਨਿਕ ਸੱਜੇ ਪਾਸੇ ਵੱਲ ਵਧੇ ਤਾਂ ਰਸਤੇ ਵਿੱਚ ਪੁੱਟੀਆਂ ਹੋਈਆਂ ਖਾਈਆਂ ਨੂੰ ਵੇਖ ਕੇ ਬਹੁਤ ਪਰੇਸ਼ਾਨ ਹੋਏ.ਇਹ ਖਾਈਆਂ ਬਾਬਰ ਦੇ ਸੈਨਿਕਾਂ ਵੱਲੋਂ ਪਹਿਲਾਂ ਹੀ ਤਿਆਰ ਕੀਤੀਆਂ ਹੋਈਆਂ ਸਨ.ਅਫਗਾਨ ਸੈਨਿਕਾਂ ਨੂੰ ਪਰੇਸ਼ਾਨੀ ਵਿੱਚ ਦੇਖਦੇ ਹੀ ਬਾਬਰ ਦੀ ਤੁਲਗਮਾ ਪਾਰਟੀਆਂ ਨੇ ਤੁਰੰਤ ਉਹਨਾਂ ਨੂੰ ਘੇਰਾ ਪਾ ਲਿਆ ਅਤੇ ਵਿਚਕਾਰੋਂ ਤੌਪਾਂ ਨੇ ਵੀ ਗਰਜਨਾ ਸ਼ੁਰੂ ਕਰ ਦਿੱਤਾ.ਉਸਤਾਦ ਅਲੀ ਅਤੇ ਮੁਸਤਫ਼ਾ ਨਾਮਕ ਬਾਬਰ ਦੇ ਤੋਪਚੀਆਂ ਨੇ ਸਮੇਂ ਸਮੇਂ ਤੇ ਫਾਇਰ ਕਰਕੇ ਅਫਗਾਨ ਸੈਨਾ ਵਿੱਚ ਭਗਦੜ ਦੀ ਸਥਿਤੀ ਪੈਦਾ ਕਰ ਦਿੱਤੀ .ਦੁਪਹਿਰ ਹੋਣ ਤੱਕ ਹੀ ਇਬ੍ਰਾਹੀਮ ਦੀ ਫ਼ੌਜ ਪੂਰੀ ਤਰਾਂ ਹਾਰ ਚੁਕੀ ਸੀ.ਇਬ੍ਰਾਹੀਮ ਲੋਧੀ ਕੋਈ 15000 ਤੋਂ 16000 ਹਜ਼ਾਰ ਸੈਨਿਕਾਂ ਸਹਿਤ ਲੜਦਾ ਹੋਇਆ ਯੁੱਧ ਵਿੱਚ ਹੀ ਮਾਰਿਆ ਗਿਆ.ਇਸ ਤਰਾਂ ਇਬ੍ਰਾਹੀਮ ਦੇ ਉਦੰਡ ਸੁਭਾਅ ਕਾਰਣ ਹੀ ਅਫਗਾਨਾਂ ਦੇ ਵੰਸ਼ ਜੋ ਕੀ ਬਹਿਲੋਲ ਲੋਧੀ ਨੇ ਸ਼ੁਰੂ ਕੀਤਾ ਸੀ ਇਬ੍ਰਾਹੀਮ ਲੋਧੀ ਨੇ ਉਸਦਾ ਅੰਤ ਕਰਵਾ ਦਿੱਤਾ.




                   ______________________________________________







 

ਹਰਸ਼ ਵਰਧਨ ਅਤੇ ਉਸ ਦਾ ਸ਼ਾਸਨ-ਕਾਲ




ਹਰਸ਼ ਵਰਧਨ ਦੇ ਸ਼ਾਸਨ-ਕਾਲ ਬਾਰੇ ਜਾਣਕਾਰੀ ਦੇਣ ਵਾਲੇ ਮੁਖ ਤੌਰ ਤੇ ਚਾਰ ਸ੍ਰੋਤ ਹਨ –


1
ਹਰਸ਼ਚਰਿਤ
ਬਾਣ ਭੱਟ
2
ਰਤਨਾਵਲੀ ,
ਪ੍ਰਿਯਦਰਸ਼ਿਕਾ ਅਤੇ
ਨਾਗਨੰਦ
ਹਰਸ਼ਵਰਧਨ
3
ਤਾਮਰ-ਪੱਤਰ
ਬੰਸਖੇਰਾ ਅਤੇ ਮਧੂਵਨ
4
ਸੀ-ਯੂ-ਕੀ
ਹਿਉਨ-ਸਾੰਗ


·         ਰਾਜ ਵਰਧਨ ਦੀ ਮੌਤ ਤੋਂ ਬਾਅਦ ਈ.ਵਿੱਚ ਹਰਸ਼ਵਰਧਨ ਥਾਨੇਸ਼ਵਰ ਦੀ ਗੱਦੀ ਤੇ ਬੈਠਾ.
·         ਉਸਨੂੰ ਸ਼ਿਲਾਦਿਤਿਆ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ .
·         ਰਾਜ ਵਰਧਨ ਹਰਸ਼ ਵਰਧਨ ਦਾ ਵੱਡਾ ਭਰਾ ਸੀ ਅਤੇ ਇੱਕ ਭੈਣ ਰਾਜਸ਼੍ਰੀ ਸੀ .
·         ਉਸਦਾ ਪਿਤਾ ਪ੍ਰਭਾਕਰ ਵਰਧਨ ਅਤੇ ਮਾਤਾ ਯਾਸ਼ੋਮਤੀ ਸੀ .
·         ਹਰਸ਼ਵਰਧਨ ਦੀ ਭੈਣ ਰਾਜਸ਼੍ਰੀ ਦੀ ਸ਼ਾਦੀ ਕਨੌਜ ਦੇ ਰਾਜਾ ਗ੍ਰਹਿਵਰਮਨ ਨਾਲ ਹੋਈ ਸੀ .
·         ਮਾਲਵਾ ਦੇ ਸ਼ਾਸਕ ਦੇਵ ਗੁਪਤ ਨੇ ਹਰਸ਼ ਵਰਧਨ ਦੇ ਜੀਜਾ ਗ੍ਰਹਿ ਵਰਮਨ ਦੀ ਹੱਤਿਆ ਕਰਕੇ ਰਾਜਸ਼੍ਰੀ ਨੂੰ ਬੰਦੀ ਬਣਾ ਲਿਆ .
·         ਹਰਸ਼ ਵਰਧਨ ਦੇ ਭਰਾ ਰਾਜ ਵਰਧਨ ਨੇ ਆਪਣੀ ਭੈਣ ਨੂੰ ਛੁੜਾਉਣ ਲਈ ਮਾਲਵਾ ਤੇ ਹਮਲਾ ਕਰਕੇ ਦੇਵ ਗੁਪਤ ਨੂੰ ਮਾਰ ਦਿੱਤਾ.
·         ਦੇਵ ਗੁਪਤ ਦੇ ਮਿੱਤਰ ਸ਼ਸ਼ਾੰਕ ਨੇ ਰਾਜ ਵਰਧਨ ਦੀ ਧੋਖੇ ਨਾਲ ਹੱਤਿਆ ਕਰਵਾ ਦਿੱਤੀ .
·         ਆਪਣੇ ਭਰਾ ਦੀ ਮੌਤ ਤੋਂ ਬਾਅਦ ਹਰਸ਼ ਵਰਧਨ ਨੇ ਸ਼ਸ਼ਾਂਕ ਨੂੰ ਹਰਾ ਕੇ ਕਨੌਜ ਉੱਤੇ ਅਧਿਕਾਰ ਕਰ ਲਿਆ .
·         ਉਸਨੇ ਕਨੌਜ ਨੂੰ ਆਪਣੀ ਰਾਜਧਾਨੀ ਬਣਾਇਆ .
·         ਬਾਣਭੱਟ ਹਰਸ਼ ਵਰਧਨ ਦਾ ਦਰਬਾਰੀ ਕਵੀ ਸੀ ,ਉਸਨੇ ਕਦੰਬਰੀ ਅਤੇ ਹਰਸ਼ਚਰਿਤ ਨਾਮਕ ਰਚਨਾਵਾਂ ਲਿਖੀਆਂ .
·         ਚੀਨੀ ਯਾਤਰੀ ਹਿਉਨ-ਸਾੰਗ ਹਰਸ਼ ਵਰਧਨ ਸਮੇਂ ਹੀ ਭਾਰਤ ਵਿੱਚ ਆਇਆ ਸੀ .
·         ਹਿਉਨ-ਸਾੰਗ ਨੇ ਆਪਣੀ ਕਿਤਾਬ “ ਸੀ-ਯੂ-ਕੀ ” ਵਿੱਚ ਉਸ ਸਮੇਂ ਦਾ ਬਿਰਤਾਂਤ ਲਿਖਿਆ ਹੈ .
·         ਹਿਉਨ-ਸਾੰਗ ਨੇ ਲਗਭਗ ਪੰਜ ਸਾਲ ਨਾਲੰਦਾ ਯੂਨੀਵਰਸਿਟੀ ਵਿੱਚ ਬਿਤਾਏ ਸਨ .
·         ਭੰਡੀ ਹਰਸ਼ ਵਰਧਨ ਦਾ ਪ੍ਰਧਾਨਮੰਤਰੀ ਸੀ .
·         ਹਰਸ਼ ਵਰਧਨ ਸਮੇਂ ਸਾਮਰਾਜ ਨੂੰ ਪ੍ਰਾਂਤਾਂ ,ਜ਼ਿਲ੍ਹੇ ਅਤੇ ਪਿੰਡਾਂ ਵਿੱਚ ਵੰਡਿਆ ਹੋਇਆ ਸੀ .
·         ਪ੍ਰਾਂਤ ਨੂੰ ਭੁਕਤੀ ਕਿਹਾ ਜਾਂਦਾ ਸੀ ਅਤੇ ਜ਼ਿਲ੍ਹੇ ਨੂੰ ਵਿਸ਼ ਆਖਦੇ ਸਨ .
·         ਭੁਕਤੀ ਦਾ ਸਭ ਤੋਂ ਵੱਡਾ ਅਧਿਕਾਰੀ ਉਪਰਿਕਾ ਅਖਵਾਉਂਦਾ ਸੀ ਜੋ ਸਾਰੇ ਪ੍ਰਾਂਤ (ਭੁਕਤੀ ) ਅੰਦਰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਜਿੰਮੇਵਾਰ ਹੁੰਦਾ ਸੀ .
·         ਵਿਸ਼ (ਜ਼ਿਲ੍ਹੇ ) ਦੇ ਅਧਿਕਾਰੀ ਨੂੰ ਵਿਸ਼ਪਤੀ ਆਖਦੇ ਸਨ ,ਉਹ ਜ਼ਿਲ੍ਹੇ ਦੇ ਪ੍ਰਬੰਧ ਵਾਸਤੇ ਜਿੰਮੇਵਾਰ ਹੁੰਦਾ ਸੀ .
·         ਹਰਸ਼ ਵਰਧਨ ਨੇ 643 ਈ. ਵਿੱਚ ਇਲਾਹਾਬਾਦ (ਪ੍ਰਯਾਗ ) ਵਿਖੇ ਇੱਕ ਧਰਮ ਸਭਾ ਬੁਲਾਈ ਜੋ ਕਿ 75 ਦਿਨ ਤੱਕ ਚਲਦੀ ਰਹੀ ਅਤੇ ਇਸ ਵਿੱਚ ਲਗਭਗ 20 ਸ਼ਾਸਕਾਂ ਅਤੇ 50,000 ਲੋਕਾਂ ਨੇ ਹਿੱਸਾ ਲਿਆ .
·         ਹਰਸ਼ ਵਰਧਨ ਨੇ ਦਖਣ ਵਿੱਚ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਚਾਲੁਕਿਆ ਸ਼ਾਸਕ ਪੁਲਕੇਸ਼ਿਨ ਦੂਜਾ ਦਾ ਸਾਹਮਣਾ ਕਰਨਾ ਪਿਆ .
·         ਪੁਲਕੇਸ਼ਨ ਦੂਜੇ ਤੋਂ ਉਸਨੂੰ ਨਰਮਦਾ ਨਦੀ ਕਿਨਾਰੇ ਹੋਏ ਯੁੱਧ ਵਿੱਚ ਹਾਰਨਾ ਪਿਆ.


                             _______________________________________

ਭਾਰਤ ਦੇ ਇਤਿਹਾਸ ਨੂੰ ਆਸਾਨੀ ਨਾਲ ਕਿਵੇਂ ਪੜ੍ਹੀਏ



         ਭਾਰਤ ਦੇ ਇਤਿਹਾਸ ਨੂੰ ਪੜ੍ਹਨ ਵਾਸਤੇ ਸਾਨੂੰ ਸਹੀ ਵਿਉਂਤਬੰਦੀ ਦੀ ਲੋੜ੍ਹ ਹੈ ਤਾਂ ਜੋ ਅਧਿਐਨ ਕਰਨ ਸਮੇਂ                  ਦਿਮਾਗ ਉੱਤੇ ਬਹੁਤਾ ਬੋਝ ਨਾ ਪਵੇ ਅਤੇ ਸਾਰੇ ਘਟਨਾਕ੍ਰਮ ਵੀ ਆਸਾਨੀ ਨਾਲ ਯਾਦ ਹੁੰਦੇ ਜਾਣ , ਆਸਾਨੀ ਨਾਲ          ਅਧਿਐਨ ਕਰਨ ਵਾਸਤੇ  ਇਸਨੂੰ ਅਸੀਂ ਅਲਗ-ਅਲਗ ਹਿੱਸਿਆਂ ਵਿੱਚ ਵੰਡ ਕੇ ਪੜ੍ਹ ਸਕਦੇ ਹਾਂ.

ਭਾਰਤ ਦੇ ਇਤਿਹਾਸ ਨੂੰ ਅਧਿਐਨ ਦੇ ਆਧਾਰ ਤੇ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ – ਪ੍ਰਾਚੀਨ ਕਾਲ , ਮੱਧ-ਕਾਲ ਅਤੇ ਆਧੁਨਿਕ ਕਾਲ .
         ਪ੍ਰਾਚੀਨ ਕਾਲ ਦੌਰਾਨ ਅਧਿਐਨ ਕਰਦੇ ਸਮੇਂ ਪਤਾ ਚਲਦਾ ਹੈ ਕਿ ਇਸ ਸਮੇਂ ਦੌਰਾਨ ਕੇਵਲ ਥੋੜ੍ਹੇ ਕੁ ਵੰਸ਼ਾਂ ਬਾਰੇ            ਸਾਨੂੰ ਜਾਣਕਾਰੀ ਮਿਲਦੀ ਹੈ .ਇਸ ਵਿੱਚ ਹੇਠ ਲਿਖੇ ਪ੍ਰਮੁਖ ਵੰਸ਼ ਹਨ ਜਿਹਨਾਂ ਬਾਰੇ ਜਾਣਕਾਰੀ ਹੋਣੀ ਬਹੁਤ                ਜ਼ਰੂਰੀ ਹੈ .

1.       ਮੌਰਿਆ ਵੰਸ਼
2.       ਗੁਪਤ ਵੰਸ਼
3.       ਵਰਧਨ ਵੰਸ਼
4.       ਰਾਜਪੂਤਾਂ ਦਾ ਉਥਾਨ

             
ਮਧਕਾਲ ਦੇ ਇਤਿਹਾਸ ਨੂੰ ਵੀ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ. ਪਹਿਲਾ ਹਿੱਸਾ ਦਿੱਲੀ-ਸਲਤਨਤ ਅਖਵਾਉਂਦਾ ਹੈ ਅਤੇ ਦੂਸਰਾ ਹਿੱਸਾ ਮੁਗ੍ਹਲ-ਕਾਲ ਅਖਵਾਉਂਦਾ ਹੈ . ਇਸਦੇ ਪਹਿਲੇ ਹਿੱਸੇ ਦਿੱਲੀ-ਸਲਤਨਤ ਦੌਰਾਨ ਪੰਜ ਵੰਸ਼ ਅਲਗ-ਅਲਗ ਸਮੇਂ ਦਿੱਲੀ ਉੱਪਰ ਰਾਜ ਕਰਦੇ ਰਹੇ ਹਨ . ਇਹਨਾਂ ਦੇ ਕ੍ਰਮ ਨੂੰ ਯਾਦ ਰਖਣ ਵਾਸਤੇ ਅਸੀਂ ਅੰਗ੍ਰੇਜੀ ਦਾ ਅੱਖਰ SKTS-l (ਸ੍ਕੇਟ੍ਸ-ਐੱਲ ) ਨੂੰ ਦਿਮਾਗ ਵਿੱਚ ਰੱਖ ਸਕਦੇ ਹਾਂ. ਇਸਦਾ ਵਰਣਨ ਹੇਠ ਲਿਖੇ ਅਨੁਸਾਰ ਹੈ ਅਤੇ ਸਾਨੂੰ ਦਿੱਲੀ ਸਲਤਨਤ ਦੌਰਾਨ ਹੋਏ ਸਾਰੇ ਵੰਸ਼ਾਂ ਦੀ ਲੜ੍ਹੀਵਾਰ ਤਰਤੀਬ ਨੂੰ ਯਾਦ ਰਖਣ ਵਿੱਚ ਸਹਾਇਕ ਹੁੰਦਾ ਹੈ

S = Slave dynasty
K = Khilji dynasty
T = Tughlaq dynasty
S = Sayyid dynasty
L = Lodhi dynasty


ਮੁਗ੍ਹਲ ਕਾਲ ਨੂੰ ਵੀ ਅਸੀਂ ਫਿਰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ . ਪਹਿਲਾ ਹਿੱਸਾ ਉਹਨਾਂ ਮਹਾਨ ਮੁਗ੍ਹਲ ਸ਼ਾਸਕਾਂ ਦਾ ਜਿਹਨਾਂ ਨੇ ਆਪਣੇ ਸਮੇਂ ਦੌਰਾਨ ਮੁਗ੍ਹਲ ਰਾਜ ਨੂੰ ਬੁਲੰਦੀਆਂ ਤੇ ਪਹੁੰਚਾਇਆ . ਅਤੇ ਦੂਸਰਾ ਹਿੱਸਾ ਉਹਨਾਂ ਮੁਗ੍ਹਲ ਸ਼ਾਸਕਾਂ ਦਾ ਜਿਹਨਾਂ ਨੂੰ ਅਸੀਂ ਪਿਛਲੇਰੇ ਮੁਗ੍ਹਲ ਆਖਦੇ ਹਾਂ ,ਜਿਹਨਾਂ ਨੇ ਆਪਣੀਆਂ ਕਮਜ਼ੋਰੀਆਂ ਸਦਕਾ ਮਹਾਨ ਮੁਗ੍ਹਲ ਸਾਮਰਾਜ ਨੂੰ ਤਿੱਤਰ-ਬਿੱਤਰ ਕਰਕੇ ਰੱਖ ਦਿੱਤਾ. ਪਹਿਲੇ ਹਿੱਸੇ ਵਿੱਚ ਛੇ ਸ਼ਾਸਕ ਹੋਏ ਹਨ .ਇਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ .

1.       ਬਾਬ
2.       ਹਮਾਯੂੰ
3.       ਅਕਬਰ
4.       ਜਹਾਂਗੀਰ
5.       ਸ਼ਾਹਜਹਾਂ
6.       ਔਰੰਗਜ਼ੇਬ

ਬਾਬਰ ਤੋਂ ਬਾਅਦ ਹਮਾਯੂੰ ਦਾ ਕਾਰਜਕਾਲ ਭਟਕਣ ਵਾਲਾ ਹੀ ਰਿਹਾ ਅਤੇ ਉਸਤੋਂ ਸ਼ੇਰ ਸ਼ਾਹ ਸੂਰੀ ਨੇ ਸੱਤਾ ਖੋਹ ਕੇ ਕੁਝ ਦੇਰ ਅਫਗਾਨਾਂ ਦਾ ਸ਼ਾਸਨ ਸਥਾਪਿਤ ਕਰ ਦਿੱਤਾ ਸੀ .ਪ੍ਰੰਤੂ ਸੌਲ੍ਹਾਂ ਸਾਲਾਂ ਬਾਅਦ ਹਮਾਯੂੰ ਵਾਪਿਸ ਆ ਕੇ ਆਪਣੀ ਹਾਜਰੀ ਇਤਿਹਾਸ ਦੇ ਪੰਨਿਆਂ ਵਿੱਚ ਲਗਵਾਉਂਦਾ ਹੈ . ਮੁਗ੍ਹਲ-ਕਾਲ ਦੇ ਦੂਸਰੇ ਹਿੱਸੇ ਵਿੱਚ ਕਮਜ਼ੋਰ ਸ਼ਾਸਕ ਜਲਦੀ-ਜਲਦੀ ਆਉਂਦੇ ਅਤੇ ਜਾਂਦੇ ਰਹੇ .ਇਸ ਦੌਰਾਨ ਕੁੱਲ ਗਿਆਰਾਂ ਮੁਗ੍ਹਲ ਸ਼ਾਸਕ ਹੋਏ ਜਿਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ :-


1.       ਬਹਾਦੁਰਸ਼ਾਹ ਪਹਿਲਾ
2.       ਜਹਾਂਦਾਰਸ਼ਾਹ
3.       ਫ਼ਾਰੁਖਸ਼ਿਅਰ
4.       ਰਫ਼ੀ-ਉਦ-ਦਰਜ਼ਾਤ
5.       ਰਫ਼ੀ-ਉਦ-ਦੌਲਾ
6.       ਮੁਹੰਮਦਸ਼ਾਹ (ਰੰਗੀਲਾ )
7.       ਅਹਮਦਸ਼ਾਹ
8.       ਆਲਮਗੀਰ ਦੂਜਾ
9.       ਸ਼ਾਹ ਆਲਮ
10.   ਅਕਬਰ ਦੂਜਾ
11.   ਬਹਾਦੁਰ ਸ਼ਾਹ ਦੂਜਾ (ਜਫ਼ਰ )


ਇਸਤੋਂ ਬਾਅਦ ਆਧੁਨਿਕ ਕਾਲ ਸ਼ੁਰੂ ਹੋ ਜਾਂਦਾ ਹੈ ਅਤੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਦੀ ਕਹਾਣੀ ਪੂਰਨ ਤੋਰ ਤੇ ਆਧੁਨਿਕ ਭਾਰਤ ਦੇ ਇਤਿਹਾਸ ਦਾ ਵਰਣਨ ਕਰਦੀ ਹੈ ਜੋ ਦੇਸ਼ ਦੀ ਆਜ਼ਾਦੀ ਤੱਕ ਚਲਦੀ ਹੈ . ਆਧੁਨਿਕ ਕਾਲ ਦਾ ਅਧਿਐਨ ਕਰਦੇ ਸਮੇਂ ਸਾਨੂੰ ਵੰਸ਼ਾਵਲੀ ਯਾਦ ਰੱਖਣ ਦੀ ਸਹੂਲਤ ਖਤਮ ਹੋ ਜਾਂਦੀ ਹੈ .
          ਪ੍ਰੰਤੂ ਆਧੁਨਿਕ ਕਾਲ ਦਾ ਅਧਿਐਨ ਕਰਨ ਵੇਲੇ ਵੀ ਅਸੀਂ ਇਸਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ.ਪਹਿਲੇ ਹਿੱਸੇ ਵਿੱਚ ਈਸਟ ਇੰਡੀਆ ਕੰਪਨੀ ਦੇ ਕਾਰਜਕਾਲ ਦਾ ਸਮਾਂ ਆਉਂਦਾ ਹੈ ਅਤੇ ਦੂਸਰੇ ਹਿੱਸੇ ਵਿੱਚ 1857 ਈ. ਦੀ ਆਜ਼ਾਦੀ ਦੀ ਜੰਗ ਤੋਂ ਸ਼ੁਰੂ ਹੋ ਕੇ ਭਾਰਤ ਦੀ ਆਜ਼ਾਦੀ ਤੱਕ ਦਾ ਸਮਾਂ ਆਉਂਦਾ ਹੈ .ਰਾਜਨੀਤੀ ਸ਼ਾਸਤਰ ਦਾ ਅਧਿਐਨ ਕਰਨ ਵਾਲੇ ਸੰਵਿਧਾਨ ਦਾ ਅਧਿਐਨ ਕਰਨ ਵੇਲੇ ਈਸਟ ਇੰਡੀਆ ਕੰਪਨੀ ਦੁਆਰਾ ਬਣਾਏ ਗਏ ਕ਼ਾਨੂਨਾਂ ਤੋਂ ਹੀ ਸ਼ੁਰੂ ਕਰਦੇ ਹਨ .



                               ______________________________________


ਮਹਾਂਵੀਰ ਜੈਨ ਅਤੇ ਮਹਾਤਮਾ ਬੁੱਧ ਬਾਰੇ ਤੁਲਨਾਤਮਕ ਤਾਲਿਕਾ


ਮਹਾਂਵੀਰ ਜੈਨ ਅਤੇ ਮਹਾਤਮਾ ਬੁੱਧ ਦੇ ਜੀਵਨ ਦੇ ਬਿਰਤਾਂਤ ਬਾਰੇ ਹੇਠਾਂ ਤਾਲਿਕਾ ਦਿੱਤੀ ਗਈ ਹੈ . ਵਿਦਿਆਰਥੀ ਇਸ ਤਾਲਿਕਾ ਤੋਂ ਪੜ੍ਹਕੇ ਦੋਨੇ ਮਹਾਂਪੁਰਖਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ .( ਇਹ ਗੱਲ ਯਾਦ ਰੱਖੀ ਜਾਵੇ ਕੀ ਜਨਮ ਅਤੇ ਮੌਤ ਬਾਰੇ ਸਾਲ ਅਲਗ-ਅਲਗ ਸਰੋਤਾਂ ਤੋਂ ਅਲਗ-ਅਲਗ ਮਿਲਦੇ ਹਨ ਪ੍ਰੰਤੂ ਇਥੇ ਅਸੀਂ ਕੇਵਲ ਸੰਭਾਵਿਤ ਸਮਾਂ ਲਿਆ ਹੈ ਜੋ ਬਹੁਤੇ ਸਰੋਤਾਂ ਤੋਂ ਸਾਨੂੰ ਮਿਲਦਾ ਹੈ . 


ਲੜੀ ਨੰਬਰ
ਵਿਸ਼ਾ
ਵਰਧਮਾਨ ਜੈਨ
ਮਹਾਤਮਾ ਬੁੱਧ
1
ਜਨਮ ਦਾ ਸੰਭਾਵਿਤ ਸਾਲ
599 ਈ.ਪੁ.
566 ਈ.ਪੁ.
2
ਜਨਮ ਸਥਾਨ
ਕੁੰਡਗ੍ਰਾਮ
ਲੁੰਬਨੀ (ਨੇਪਾਲ )
3
ਮਾਤਾ ਦਾ ਨਾਮ
ਤ੍ਰਿਸ਼ਲਾ (ਲਿਛਵਿਆਂ ਦੇ ਇੱਕ ਸਰਦਾਰ ਦੇਵਕ ਦੀ ਭੈਣ )
ਮਹਾਂਮਾਇਆ
4
ਪਿਤਾ ਦਾ ਨਾਮ
ਸਿਧਾਰਥ
ਸ਼ਦੋਧਨ (ਕਪਿਲਵਸਤੁ ਦੇ ਸਾਕਿਆ ਗਣਰਾਜ ਦੇ ਸ਼ਾਸਕ )
5
ਪਤਨੀ ਦਾ ਨਾਮ
ਯਸ਼ੋਧਾ
ਯਸ਼ੋਧਰਾ
6
ਬੱਚੇ ਦਾ ਨਾਮ
ਪ੍ਰਿਯਦਰਸ਼ਨੀ (ਲੜਕੀ )
ਰਾਹੁਲ (ਲੜਕਾ )
7
ਗਿਆਨ ਦੀ ਪ੍ਰਾਪਤੀ
ਸਾਲ ਦੇ ਦਰੱਖਤ ਹੇਠਾਂ
ਪੀਪਲ ਦੇ ਦਰੱਖਤ ਹੇਠਾਂ
8
ਸਿਧਾਂਤ
ਤ੍ਰਿਰਤਨ
ਅਸ਼ਟਮਾਰਗ
9
ਪਹਿਲਾ ਉਪਦੇਸ਼ ਦਿੱਤਾ
ਰਾਜਗ੍ਰਹਿ ਵਿਖੇ
ਸਾਰਨਾਥ ਵਿਖੇ
10
ਗਿਆਨ ਪ੍ਰਾਪਤੀ ਤੋਂ ਬਾਅਦ ਕਹਿਲਾਏ
ਜਿੰਨ
ਬੁੱਧ
11
ਬਚਪਨ ਦਾ ਨਾਮ
ਵਰਧਮਾਨ
ਸਿਧਾਰਥ
12
ਵੰਸ਼
ਲਿਛਵੀ
ਸ਼ਾਕਿਆ
13
ਮੌਤ
ਪਾਵਾ ਦੇ ਸਥਾਨ ਤੇ
ਕੁਸ਼ੀਨਗਰ
14
ਮੌਤ ਸਮੇਂ ਉਮਰ
72 ਸਾਲ
80 ਸਾਲ
15
ਮੌਤ ਦਾ ਸੰਭਾਵਤ ਸਾਲ
527 ਈ.ਪੁ.
486 ਈ.ਪੁ.
16
ਮੌਤ ਤੋਂ ਬਾਅਦ ਧਰਮ ਦੀਆਂ ਸ਼ਾਖਾਵਾਂ
ਦਿਗੰਬਰ ਅਤੇ ਸ਼ਵੇਤਾਂਬਰ
ਮਹਾਂਯਾਨ ਅਤੇ ਹੀਨਯਾਨ