ਮਹਾਰਾਜਾ ਰਣਜੀਤ
ਸਿੰਘ ਨੇ 1818 ਈ: ਵਿੱਚ ਪਹਿਲੀ
ਵਾਰੀ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਸਨ | ਉਸਦੇ ਪ੍ਰਸਿੱਧ ਜਰਨੈਲ ਸ. ਹਰੀ ਸਿੰਘ ਨਲੂਆ ਨੇ 1830 ਈ: ਵਿੱਚ ਇੱਥੇ ਗੁਰੁਦੁਆਰੇ ਦੀ
ਸੇਵਾ ਕਰਵਾਈ ਸੀ | ਸ਼ੇਰੇ ਪੰਜਾਬ ਤੋਂ ਬਾਅਦ ਮੂਰਕ੍ਰਾਫਟ ਜੋ ਈਸਟ ਇੰਡੀਆ ਕੰਪਨੀ ਵਿੱਚ ਘੋੜਿਆਂ ਦਾ
ਡਾਕਟਰ ਸੀ ,ਨੇ ਵੀ ਇਸ ਸਥਾਨ ਦੀ ਯਾਤਰਾ ਕੀਤੀ ਸੀ ਅਤੇ ਉਸਦੇ ਬਾਅਦ ਪ੍ਰਸਿਧ ਆਸਟਰੀਅਨ ਯਾਤਰੂ
ਬੈਰਨ ਹੂਗਲ ਨੇ ਵੀ 1835 ਈ: ਵਿੱਚ ਇਸ ਸਥਾਨ
ਦੀ ਯਾਤਰਾ ਕੀਤੀ ਅਤੇ ਇਥੋਂ ਦੇ ਮੌਜੂਦ ਦ੍ਰਿਸ਼ਾਂ ਬਾਰੇ ਲਿਖਿਆ ਹੈ | ਮੁਨਸ਼ੀ ਸ਼ਾਹਮਤ ਅਲੀ 1839 ਈ: ਵਿੱਚ ਪੇਸ਼ਾਵਰ ਜਾਂਦਾ ਹੋਇਆ ਪੰਜਾ ਸਾਹਿਬ ਵਿਖੇ ਆਇਆ ਸੀ | ਉਸਨੇ ਆਪਣੀ ਪੁਸਤਕ ‘ ਦੀ ਸਿਖਸ ਐਂਡ ਅਫਗਾਨਜ਼ ‘ ਵਿੱਚ
ਹੇਠ ਲਿਖੀ ਲਿੱਖਤ ਲਿਖੀ ਹੈ :-
“ ਹਸਨ ਅਬਦਾਲ ਵਿਚ ਇੱਕ ਖੂਬਸੂਰਤ ਬਾਜ਼ਾਰ ਹੈ , ਜਿਸ
ਵਿਚੋਂ ਸਭ ਲੋੜੀਂਦੀਆਂ ਚੀਜਾਂ ਮਿਲ ਸਕਦੀਆਂ ਹਨ | ਪਾਣੀ ਵੀ ਅੱਛਾ ਹੈ | ਸ਼ਹਿਰ ਦੇ ਪੁਰਬ ਵੱਲ
ਛਾਂ-ਦਾਰ ਦਰੱਖਤਾਂ ਦੀ ਝੰਗੀ ਵਿੱਚ ਬੜਾ ਚਸ਼ਮਾ ਹੈ | ਇਸ ਚਸ਼੍ਮੇ ਦੇ ਠੀਕ ਉੱਪਰ ਪਰੇ ਪੱਥਰ ਪਰ
ਪੰਜੇ ਦਾ ਨਿਸ਼ਾਨ ਹੈ , ਜਿਸ ਨੂੰ ਬਾਬਾ ਨਾਨਕ ( ਸਾਹਿਬ ) ਸਿੱਖਾਂ ਦੇ ਪਹਿਲੇ ਗੁਰੂ ਦੇ ਹੱਥ ਦਾ
ਨਿਸ਼ਾਨ ਦੱਸਦੇ ਹਨ , ਇਸ ਕਰਕੇ ਸਿੱਖ ਹਸਨ ਅਬਦਾਲ ਨੂੰ ‘ ਪੰਜਾ ਸਾਹਿਬ ‘ ਸੱਦਦੇ ਹਨ |ਇਹ ਅਮਰ ਉਸ
ਸਦਾਕਤ ਦਾ ਜ਼ਾਹਿਰਾ ਸਬੂਤ ਹੈ ਕਿ ਲੋਕ ਆਪਣੀਆਂ ਧਾਰਮਿਕ ਰਵਾਇਤਾਂ ਤੇ ਵਿਥਿਆ ਨੂੰ ਸਦਾ ਜਿਉਂਦਾ
ਰੱਖਦੇ ਹਨ | ਕਿਹਾ ਜਾਂਦਾ ਹੈ ਕਿ ਜਦ (ਸਤਿਗੁਰੁ ) ਨਾਨਕ ਇਥੇ ਪਧਾਰੇ ਸਨ ਤਾਂ ਇੱਕ ਦਿਨ ਪਿਆਸ ਦੇ
ਕਾਰਨ ਨਾਲ ਦੇ ਪਹਾੜ ਉੱਪਰ ਰਹਿਣ ਵਾਲੇ ਸਾਈੰ ਲੋਕ ਤੋਂ ਇੱਕ ਕਟੋਰਾ ਪਾਣੀ ਦਾ ਲੈ ਕੇ ਛੱਕਣ ਦੀ
ਇੱਛਾ ਪਰਗਟ ਕੀਤੀ | ਇਸ ਪਰ ਵਲੀ ਚਿੜ੍ਹ ਗਿਆ ਅਤੇ ਤਾਅਨੇ ਨਾਲ ਆਖਿਆ ਕਿ “ ਜੇਕਰ (ਗੁਰੂ) ਨਾਨਕ ਸਾਹਿਬ
ਕਸ੍ਬ ਤੇ ਕਰਾਮਾਤੀ ਹੈ ਤਾਂ ਬਿਨਾਂ ਕਿਸੇ ਦੀ ਸਹਾਇਤਾ ਦੇ ਆਪਣੇ ਲਈ ਆਪਣੀਆਂ ਲੋੜਾਂ ਪੂਰੀਆਂ ਕਰਨ
ਦਾ ਪ੍ਰਬੰਧ ਕਰ ਲਏ , ਫਿਰ ਇੱਕ ਭਾਰੀ ਗਟ ਉਸ ਪਰ ਧਕੇਲ ਕੇ ਆਖਿਆ ਕਿ ਦੇਖਾਂ ਉਹ ਇਸ ਨੂੰ ਭੀ ਰੋਕ
ਲਏਗਾ ? ” (ਸਤਿਗੁਰ) ਨਾਨਕ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਉਸ ਗੱਟ ਨੂੰ ਰੋਕ ਲਿਆ , ਜਿਸ ਪਰ ਉਸ
ਦੇ ਹੱਥ ਦੀਆਂ ਪੰਜਾਂ ਉਂਗਲਾਂ ਦਾ ਨਿਸ਼ਾਨ ਉਸ ਚੱਟਾਨ ਪਰ ਜੰਮ ਗਿਆ | ਇਹ ਪੰਜੇ ਦਾ ਨਿਸ਼ਾਨ ਉੱਥੇ
ਅੱਜ ਤੀਕ ਮੌਜੂਦ ਹੈ | ਬਾਬੇ (ਜੀ) ਦੀ ਇਸ ਯਾਦਗਾਰ ਪਰ ਸਰਦਾਰ ਹਰਿ ਸਿੰਘ ਨੇ ਇੱਕ ਗੁਰੂਦੁਆਰਾ
ਬਣਵਾਇਆ , ਜਿਸ ਨੂੰ ਪੰਜਾਂ ਉਂਗਲਾਂ ਦੇ ਨਿਸ਼ਾਨ ਦੇ ਕਾਰਨ ਪੰਜੇ ਸਾਹਿਬ ਦਾ ਗੁਰਦਵਾਰਾ ਸੱਦਦੇ ਹਨ |
( ਮੁਨਸ਼ੀ ਸ਼ਾਹਾਮਤ ਅਲੀ , ਸਫ਼ਾ 158 ) | ”
ਖਾਲਸਾ ਰਾਜ ਚਲੇ ਜਾਣ
ਦੇ ਨਾਲ ਹੀ ਇਥੋਂ ਦੇ ਗੁਰਦਵਾਰੇ ਦੇ ਉਸ ਪ੍ਰਬੰਧ ਵਿੱਚ - ਜਿਹੜਾ ਸਰਦਾਰ ਹਰੀ ਸਿੰਘ (ਨਲੂਆ) ਨੇ
ਆਰੰਭ ਕਰਵਾਇਆ ਸੀ _ਕਾਫੀ ਤਬਦੀਲੀਆਂ ਹੋ ਗਈਆਂ | ਸਹਿਜੇ-ਸਹਿਜੇ ਇਹ ਮਹਾਨ ਗੁਰਦੁਆਰਾ ਇਕ ਜਾਤੀ
ਜਾਇਦਾਦ ਦੇ ਰੂਪ ਵਿੱਚ ਢਲਦਾ ਗਿਆ : ਇਥੋਂ ਤੱਕ ਕਿ ਸੰਨ 1920 ਈ: ਦੇ ਲਗਭਗ ਮਹੰਤ ਸਾਹਿਬ ਵੱਲੋਂ ਭੀ ਖੁਲ੍ਹਮਖੁਲ੍ਹੀ ਇਹੋ ਗੱਲ ਕਹੀ
ਜਾਣ ਲੱਗੀ | ਇਸ ਸਮੇਂ ਪੰਥ ਵਿੱਚ ਗੁਰੂਦੁਆਰਿਆਂ ਦੇ ਸੁਧਾਰ ਦੀ ਮੰਗ ਉਛਾਲੇ ਖਾ ਰਹੀ ਸੀ , ਸੋ
ਇਥੋਂ ਦੀਆਂ ਕੁਰੀਤੀਆਂ ਨੂੰ ਸੁਰਿਤੀਆਂ ਵਿੱਚ ਪਲਟਾਉਣ ਲਈ ਪੰਥ ਦਰਦੀ ਜਾਨਾਂ ਹੂਲ ਕੇ ਮੈਦਾਨ ਵਿੱਚ
ਆਏ ਅਤੇ 22 ਨਵੰਬਰ ਸੰਨ 1921 ਈ: ਨੂੰ ਸ਼੍ਰੀ ਪੰਜਾ ਸਾਹਿਬ ਜੀ ਦੇ ਗੁਰਦੁਆਰੇ ਦਾ ਪ੍ਰਬੰਧ ਸ਼ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆਇਆ |
ਸ੍ਰੋਤ : ਜੀਵਨ ਇਤਿਹਾਸ – ਹਰੀ ਸਿੰਘ ਨਲੂਆ
ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ