ਸਿੱਖ ਇਤਿਹਾਸ ਵਿੱਚ ਮੰਜੀ ਪ੍ਰਥਾ

ਸਿੱਖ ਇਤਿਹਾਸ ਵਿੱਚ ਮੰਜੀ ਪ੍ਰਥਾ ਦਾ ਵਿਸ਼ੇਸ਼ ਅਸਥਾਨ ਹੈ |ਇਸ ਪ੍ਰਥਾ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਜਾ ਸਕਿਆ | ਇਸ ਨਾਲ ਸਿੱਖ ਧਰਮ ਦੀਆਂ ਨੀਹਾਂ ਹੋਰ ਪੱਕੀਆਂ ਹੋਈਆਂ ਅਤੇ ਉਹਨਾਂ ਵਿੱਚ ਏਕਤਾ ਦੀ ਭਾਵਨਾ ਪੈਦਾ ਹੋਈ |
ਮੰਜੀ ਦਾ ਸ਼ਬਦੀ ਅਰਥ ਚਾਰਪਾਈ ਹੈ | ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਅਨੁਆਈਆਂ ਨੂੰ ਮੰਜੀ ਉੱਤੇ ਬੈਠ ਕੇ ਸਿੱਖਿਆ ਦਿੰਦੇ ਹੁੰਦੇ ਸਨ | ਉਥੋਂ ਹੀ ਮੰਜੀ ਸ਼ਬਦ ਵਰਤੋਂ ਵਿੱਚ ਆਉਣ ਲੱਗ ਪਿਆ | ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ , ਉਹਨਾਂ ਨੂੰ ਮੰਜੀਆਂ ਦਾ ਨਾਮ ਦਿੱਤਾ ਗਿਆ | ਇਹਨਾਂ ਮੰਜੀਆਂ ਜਾਂ ਕੇਂਦਰਾਂ ਵਿੱਚ ਗੁਰੂ ਜੀ ਦੇ ਅਨੁਆਈ ਪ੍ਰੇਮ ਨਾਲ ਸੰਗਤ ਵਿੱਚ ਇਕੱਠੇ ਹੁੰਦੇ ਅਤੇ ਗੁਰੂ ਜੀ ਦੇ ਉਪਦੇਸ਼ ਸੁਣਦੇ ਅਤੇ ਧਾਰਮਿਕ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਸਨ | ਇਸ ਲਈ ਇਹਨਾਂ ਦਾ ਨਾਂ ਮੰਜੀਆਂ ਪੈ ਗਿਆ | ਮੰਜੀਆਂ ਦੇ ਮੁੱਖੀ ਉੱਚਾ ਅਤੇ ਸੁੱਚਾ ਜੀਵਨ ਬਤੀਤ ਕਰਦੇ ਅਤੇ ਗੁਰੂ ਨਾਨਕ ਦੇਵ ਜੀ ਦੇ ਅਨੁਆਈਆਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਯਤਨ ਕਰਦੇ |
ਗੁਰੂ ਨਾਨਕ ਦੇਵ ਜੀ ਨੇ ਜਿਲ੍ਹਾ ਗੁਜਰਾਂਵਾਲਾ ਵਿਖੇ ਐਮਨਾਬਾਦ ਦੇ ਸਥਾਨ ਉੱਤੇ ਪਹਿਲੀ ਮੰਜੀ ਦੀ ਸਥਾਪਨਾ ਕੀਤੀ | ਇਸ ਮੰਜੀ ਦਾ ਮੁਖਿਆ ਆਪ ਨੇ ਭਾਈ ਲਾਲੋ ਨੂੰ ਬਣਾਇਆ | ਇਸ ਤੋਂ ਬਿਨਾਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਕਈ ਮੰਜੀਆਂ ਸਥਾਪਤ ਕੀਤੀਆਂ | ਤੁਲੰਬਾ ਵਿਖੇ ਸੱਜਣ ਠੱਗ ਨੂੰ ਅਤੇ ਬਨਾਰਸ ਵਿੱਚ ਚਿਤਰਦਾਸ ਬ੍ਰਾਹਮਣ ਨੂੰ ਮੰਜੀਆਂ ਦਾ ਮੁਖਿਆ ਥਾਪਿਆ | ਮੰਜੀ ਪ੍ਰਥਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਪਰ ਗੁਰੂ ਅਮਰ ਦਾਸ ਜੀ ਦੇ ਸਮੇਂ ਇਸ ਪ੍ਰਥਾ ਦਾ ਬਹੁਤ ਵਿਕਾਸ ਹੋਇਆ | ਗੁਰੂ ਅਮਰਦਾਸ ਜੀ ਆਪ ਵਡੇਰੀ ਉਮਰ ਦੇ ਹੋਣ ਕਾਰਣ ਵੱਖ-ਵੱਖ ਥਾਵਾਂ ਉੱਤੇ ਧਰਮ ਪ੍ਰਚਾਰ ਲਈ ਨਹੀਂ ਜਾ ਸਕਦੇ ਸਨ | ਇਸ ਲਈ ਧਰਮ ਪ੍ਰਚਾਰ ਲਈ ਉਹਨਾਂ ਨੇ ਅਨੇਕਾਂ ਥਾਵਾਂ ਉੱਤੇ ਕਈ ‘ ਮੰਜੀਆਂ ’ ਜਾਂ ਧਰਮ ਪ੍ਰਚਾਰ ਕੇਂਦਰ ਬਣਾ ਦਿੱਤੇ | ਉਹਨਾਂ ਦੀ ਧਾਰਮਿਕ ਨੀਤੀ “ਮੰਜੀ ਪ੍ਰਥਾ” ਉੱਤੇ ਅਧਾਰਤ ਸੀ | ਗੁਰੂ ਸਾਹਿਬ ਨੇ ਆਪਣੇ ਅਧਿਆਤਮਕ ਇਲਾਕੇ ਨੂੰ 22 ਭਾਗਾਂ ਵਿੱਚ ਵੰਡਿਆ ਹੋਇਆ ਸੀ | ਹਰ ਭਾਗ “ਮੰਜੀ” ਅਖਵਾਉਂਦਾ ਸੀ | ਹਰ ਮੰਜੀ ਦਾ ਇਕ ਮੁਖਿਆ ਹੁੰਦਾ ਸੀ , ਜੋ ਨੈਤਿਕ ਅਤੇ ਧਾਰਮਿਕ ਪੱਖ ਤੋਂ ਕਾਫੀ ਉੱਚਾ ਅਤੇ ਸੁੱਚਾ ਹੁੰਦਾ ਸੀ | ਉਹ ਆਪਣੀ ਮੰਜੀ ਦੇ ਖੇਤਰ ਵਿਚ ਗੁਰੂ ਸਾਹਿਬ ਦੇ ਪ੍ਰਤਿਨਿਧ ਦੇ ਰੂਪ ਵਿਚ ਕੰਮ ਕਰਦਾ ਸੀ | ਮੰਜੀ ਦਾ ਮੁਖਿਆ ਗੁਰੂ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਦਾ ਸੀ ਅਤੇ ਮੰਜੀ ਸਬੰਧੀ ਸਾਰੀ ਜਾਣਕਾਰੀ ਗੁਰੂ ਸਾਹਿਬ ਤਾਈੰ ਪਹੁੰਚਾਉਂਦਾ ਰਹਿੰਦਾ ਸੀ | ਸਾਰੀਆਂ “ ਮੰਜੀਆਂ ” ਗੁਰੂ ਸਾਹਿਬ ਦੇ ਅਧੀਨ ਹੁੰਦੀਆਂ ਸਨ ਅਤੇ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਦੀਆਂ ਸਨ | ਹਰ ਮੰਜੀ ਵਿੱਚ ਲੰਗਰ ਦਾ ਪ੍ਰਬੰਧ ਹੁੰਦਾ ਸੀ | ਯਾਤਰੀਆਂ ਦੇ ਰਹਿਣ ਦਾ ਵੀ ਪ੍ਰਬੰਧ ਹੁੰਦਾ ਸੀ | ਹਰ ਮੰਜੀ ਦਾ ਖਰਚ ਲੋਕਾਂ ਦੇ ਦਾਨ ਨਾਲ ਚਲਦਾ ਸੀ |
    ਗੁਰੂ ਅਰਜਨ ਦੇਵ ਜੀ ਦੇ ਸਮੇਂ ਉਹਨਾਂ ਨੂੰ ਸਰੋਵਰਾਂ ਅਤੇ ਮੰਦਿਰਾਂ ਦੀ ਉਸਾਰੀ ਲਈ ਧਨ ਦੀ ਬਹੁਤ ਜਰੂਰਤ ਸੀ | ਇਸ ਲਈ ਦੇਸ਼ ਵਿਚ ਮੰਜੀਆਂ ਦਾ ਜਾਲ ਵਿਛਾ ਦਿੱਤਾ ਗਿਆ , ਜਿਹਨਾਂ ਨੂੰ ਮਸੰਦਾਂ ਦੇ ਅਧੀਨ ਕਰ ਦਿੱਤਾ | ਮਸੰਦ ਸਿੱਖਾਂ ਪਾਸੋਂ ਧਨ ਵੀ ਇੱਕਠਾ ਕਰਦੇ ਸਨ , ਧਰਮ ਪ੍ਰਚਾਰ ਦਾ ਕੰਮ ਵੀ ਕਰਦੇ ਸਨ | ਇਸ ਨਾਲ ਮੰਜੀਆਂ ਦੀ ਥਾਂ ਮਸੰਦ ਪ੍ਰਥਾ ਨੇ ਲੈ ਲਈ , ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ ਸੀ | ਕਿਉਂਕਿ ਇਹ ਮਸੰਦ ਬਾਅਦ ਵਿੱਚ ਆਪਣੇ ਅਸਲੀ ਮਕਸਦ ਨੂੰ ਭੁੱਲ ਕੇ ਗਲਤ ਰਸਤੇ ਤੇ ਪੈ ਗਏ ਸਨ |




ਸ੍ਰੋਤ : ਹਿਸਟਰੀ ਆਫ ਪੰਜਾਬ ( ਲੇਖਕ ਸ਼ਿਵ ਗਜਰਾਨੀ )


     _________________________________________________