ਗੁਰੂਦੁਆਰਾ ਸ਼ਹੀਦ
ਗੰਜ ਇੱਕ ਪ੍ਰਸਿੱਧ ਗੁਰੂਦੁਆਰਾ ਹੈ ਜੋ ਇਸ ਸਮੇਂ ਪਾਕਿਸਤਾਨ ਵਿੱਚ ਸਥਿੱਤ ਹੈ | ਇਹ ਗੁਰਦੁਆਰਾ
ਪਾਕਿਸਤਾਨ ਵਿਖੇ ਲਾਹੌਰ ਸ਼ਹਿਰ ਵਿੱਚ ਸਥਿੱਤ ਹੈ | ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ | ਇਹ
ਸਿੱਖਾਂ ਅਤੇ ਮੁਸਲਮਾਨਾਂ ਵਿੱਚ ਕਈ ਵਰ੍ਹਿਆਂ ਤੱਕ ਝਗੜੇ ਦੀ ਜੜ੍ਹ ਬਣਿਆ ਰਿਹਾ | ਕਿਹਾ ਜਾਂਦਾ ਹੈ
ਕਿ ਫਲਗ ਬੇਗ ਖਾਂ ਨੇ ਇਹ 1772 ਈ: ਵਿੱਚ ਦਾਨ ਦੇ
ਰੂਪ ਵਿੱਚ ਦੇ ਦਿੱਤਾ ਸੀ | ਇਸ ਦਾ ਖੇਤਰਫਲ 3 ਕਨਾਲ ਅਤੇ 15 ਮਰਲੇ ਹੈ | ਇਸ ਵਿੱਚ ਇੱਕ ਮਸਜਿਦ , ਇੱਕ ਖੂਹ , ਇੱਕ ਬਾਗ ਅਤੇ ਇੱਕ
ਸਕੂਲ ਬਣਿਆ ਹੋਇਆ ਹੈ | 1762 ਈ: ਵਿੱਚ ਲਾਹੌਰ
ਉੱਪਰ ਭੰਗੀ ਮਿਸਲ ਦੇ ਸਰਦਾਰਾਂ ਦਾ ਕਬਜਾ ਹੋ ਜਾਣ ਉੱਤੇ ਇਹ ਸਾਰੀ ਜਾਇਦਾਦ ਉਹਨਾਂ ਦੇ ਹੱਥ ਲੱਗੀ
| ਉਹਨਾਂ ਨੇ ਇੱਥੇ ਗੁਰੂ ਗਰੰਥ ਸਾਹਿਬ ਦੀ ਸਥਾਪਨਾ ਕੀਤੀ | ਸਿੱਖਾਂ ਨੇ ਇਸਨੂੰ ਸ਼ਹੀਦ ਗੰਜ ਦਾ
ਨਾਮ ਇਸ ਲਈ ਦਿੱਤਾ ਕਿਉਂਕਿ ਉਨ੍ਹਾਂ ਦਾ ਵਿਚਾਰ ਸੀ ਕਿ ਇਸੇ ਸਥਾਨ ਉੱਪਰ ਭਾਈ ਤਾਰੂ ਸਿੰਘ ਨੇ
ਅਨੇਕਾਂ ਲੋਕਾਂ ਨਾਲ ਮੁਸਲਮਾਨਾਂ ਹੱਥੋਂ ਸ਼ਹੀਦੀ ਪ੍ਰਾਪਤ ਕੀਤੀ ਸੀ | ਪੰਜਾਬ ਦੀ ਹਾਈ ਕੋਰਟ ਅਤੇ
ਪ੍ਰਿਵੀ ਕੌਂਸਲ ਨੇ ਵੀ ਇਸ ਉੱਪਰ ਸਿੱਖਾਂ ਦਾ ਹੱਕ ਮੰਨ ਲਿਆ ਅਤੇ ਉਨ੍ਹਾਂ ਦੇ ਇਸ ਮਤ ਨੂੰ ਮਾਣਤਾ
ਦੇ ਦਿੱਤੀ |
1849 ਈ: ਵਿੱਚ ਜਦ
ਅੰਗਰੇਜਾਂ ਨੇ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਤਾਂ ਕੁਝ ਮਹੰਤਾਂ ਨੇ ਇਸ ਸਾਰੀ
ਜਾਇਦਾਦ ਉੱਪਰ ਕਬਜ਼ਾ ਕਰ ਲਿਆ | ਮੁਸਲਮਾਨਾਂ ਨੇ ਇਸ ਨੂੰ ਆਪਣੇ ਅਧਿਕਾਰ ਵਿੱਚ ਲੈਣ ਲਈ 1858 ਈ: ਵਿੱਚ ਫੌਜਦਾਰੀ ਅਤੇ ਦੀਵਾਨੀ ਮੁਕੱਦਮੇ ਦਾਇਰ ਕੀਤੇ ਪਰ ਇਹ ਦੋਵੇਂ
ਮੁੱਕਦਮੇ ਰੱਦ ਕਰ ਦਿੱਤੇ ਗਏ | 1935 ਈ: ਵਿੱਚ ਇਹ ਇਮਾਰਤ
ਢਾਹ ਦਿੱਤੀ ਗਈ | ਇਸ ਤੋਂ ਬਾਅਦ ਇਸ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਮੁਸਲਮਾਨਾਂ ਅਤੇ ਸਿੱਖਾਂ
ਵਿੱਚ ਕਈ ਵਾਰ ਦੰਗੇ-ਫ਼ਸਾਦ ਹੋਏ | ਦੋਹਾਂ ਧਿਰਾਂ ਵਿੱਚ ਸੁਲਾਹ ਕਰਾਉਣ ਦੇ ਸਾਰੇ ਜਤਨ ਅਸਫ਼ਲ ਰਹੇ |
ਅਕਤੂਬਰ 1935 ਈ: ਵਿੱਚ ਮੁਸਲਮਾਨਾਂ ਨੇ
ਦੁਬਾਰਾ ਇੱਕ ਦੀਵਾਨੀ ਮੁੱਕਦਮਾ ਦਾਇਰ ਕੀਤਾ | ਉਹਨਾਂ ਨੇ ਇਸ ਇਮਾਰਤ ਨੂੰ ਦੁਬਾਰਾ ਨਾ ਉਸਾਰਨ ਅਤੇ
ਇੱਥੇ ਮੁਸਲਮਾਨਾਂ ਨੂੰ ਇਬਾਦਤ ਕਰਨ ਦੀ ਆਗਿਆ ਦਿੱਤੇ ਜਾਣ ਦੀ ਮੰਗ ਕੀਤੀ | ਕੋਰਟ ਨੇ ਇਹ ਮੁੱਕਦਮਾ
ਵੀ ਰੱਦ ਕਰ ਦਿੱਤਾ | ਇਵੇਂ ਇਸ ਉੱਪਰ ਸਿੱਖਾਂ ਦਾ ਅਧਿਕਾਰ ਬਣਿਆ ਰਿਹਾ | ਅੱਜ ਵੀ ਇਸ ਗੁਰੁਦੁਆਰੇ
ਉੱਪਰ ਸਿੱਖਾਂ ਦਾ ਅਧਿਕਾਰ ਹੈ ਅਤੇ ਇਸ ਦਾ ਪ੍ਰਬੰਧ ਕੇਂਦਰੀ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ
ਦੇ ਹੱਥ ਵਿੱਚ ਹੈ | ਇੱਥੇ ਹਰ ਸਾਲ ਜੂਨ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਲੇ
ਦਿਹਾੜੇ ਇੱਕ ਮੇਲਾ ਲੱਗਦਾ ਹੈ ਜਿਸ ਨੂੰ ਮਨਾਉਣ ਲਈ ਭਾਰਤ ਤੋਂ ਸਿੱਖ ਭਾਰੀ ਗਿਣਤੀ ਵਿੱਚ ਇਕੱਠੇ
ਹੁੰਦੇ ਹਨ |
______________________________________________________________________
ਸ੍ਰੋਤ : ਪੰਜਾਬ ਦਾ ਇਤਿਹਾਸ ( ਲੇਖਕ ਡੀ.ਐਨ. ਕੁੰਦਰਾ )