ਗਦਰ ਤੋਂ ਪਹਿਲਾਂ ਲਾਲਾ ਹਰਦਿਆਲ ਜੀ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ

ਲਾਲਾ ਹਰਦਿਆਲ ਜਿਹਨਾਂ ਦਿਨਾਂ ਵਿੱਚ ਆਕਸਫੋਰਡ ਵਿੱਚ ਪੜ੍ਹ ਰਹੇ ਸਨ ਉਹਨੀਂ ਦਿਨੀਂ ਦਾਦਾ ਭਾਈ ਨੌਰੋਜੀ ਇੰਗਲੈਂਡ ਵਿੱਚ “ਇੰਡੀਅਨ ਐਸੋਸੀਏਸ਼ਨ” ਨਾਂ ਦੀ ਇੱਕ ਸੰਸਥਾ ਚਲਾ ਰਹੇ ਸਨ | ਇੰਗਲੈਂਡ ਵਿੱਚ ਪੜ੍ਹਨ ਵਾਲੇ ਸਾਰੇ ਭਾਰਤੀ ਵਿਦਿਆਰਥੀ ਇਸ ਐਸੋਸੀਏਸ਼ਨ ਦੀ ਬੈਠਕਾਂ ਵਿੱਚ ਭਾਗ ਲਿਆ ਕਰਦੇ ਸਨ | ਸਨ 1905 ਈ. ਵਿੱਚ ਜਦੋਂ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕਰ ਦਿੱਤੀ ਤਾਂ ਉਸ ਵੰਡ ਦੇ ਵਿਰੋਧ ਵਿੱਚ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਜੋਰਾਂ ਤੇ ਚੱਲ ਪਿਆ | ਉਸ ਸਮੇਂ ਲਾਲਾ ਹਰਦਿਆਲ ਅੰਗਰੇਜਾਂ ਦੇ ਅਤਿਆਚਾਰਾਂ ਬਾਰੇ ਖਬਰਾਂ ਇੰਗਲੈਂਡ ਵਿੱਚ ਰਹਿੰਦੇ ਹੋਏ ਪੜ੍ਹਦੇ ਤਾਂ ਉਹਨਾਂ ਦਾ ਖੂਨ ਖੋਲਣ ਲੱਗ ਪੈਂਦਾ ਸੀ | ਉਹਨੀਂ ਦਿਨੀ ਲਾਲਾ ਲਾਜਪਤ ਰਾਏ ਅਤੇ ਸਰਦਾਰ ਅਜੀਤ ਸਿੰਘ ਦੇ ਦੇਸ਼ ਨਿਕਾਲੇ ਦੀ ਖਬਰ ਸੁਣਕੇ ਉਹ ਗੁੱਸੇ ਨਾਲ ਭਰ ਗਏ | ਉਹਨਾਂ ਨੂੰ ਅੰਗ੍ਰੇਜੀ ਸ਼ਾਸਨ ਨਾਲ ਪੂਰੀ ਤਰਾਂ ਨਫ਼ਰਤ ਹੋਣ ਲੱਗ ਪਈ | ਉਹਨਾਂ ਨੇ ਪੜ੍ਹਾਈ ਛੱਡ ਦਿੱਤੀ ਅਤੇ ਅੰਗ੍ਰੇਜੀ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਵਜੀਫਾ ਵੀ ਲੈਣ ਤੋਂ ਇਨਕਾਰ ਕਰ ਦਿੱਤਾ | ਉਹਨਾਂ ਦੀ ਲਿਆਕਤ ਅਤੇ ਯੋਗਤਾ ਨੂੰ ਦੇਖਦੇ ਹੋਏ ਉਹਨਾਂ ਦੇ ਕਈ ਅੰਗਰੇਜ ਮਿੱਤਰਾਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵਜੀਫਾ ਭਾਵੇਂ ਨਾ ਲਵੋ ਪਰ ਪੜ੍ਹਾਈ ਨਾ ਛੱਡੋ | ਤੁਹਾਡੀ ਪੜ੍ਹਾਈ ਦਾ ਸਾਰਾ ਖਰਚ ਅਸੀਂ ਚੁੱਕਾਂਗੇ | ਪਰ ਲਾਲਾ ਹਰਦਿਆਲ ਆਪਣੇ ਇਰਾਦੇ ਦੇ ਪੱਕੇ ਰਹੇ | ਇਹਨਾਂ ਦਿਨ੍ਹਾਂ ਵਿੱਚ ਲੰਦਨ ਵਿੱਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੁਆਰਾ ਸਥਾਪਤ “ ਇੰਡੀਆ ਹਾਉਸ ” ਭਾਰਤ ਦੇ ਕ੍ਰਾਂਤੀਕਾਰੀਆ ਦਾ ਅੱਡਾ ਸੀ | ਭਾਈ ਪਰਮਾਨੰਦ ਅਤੇ ਵੀਰ ਸਾਵਰਕਰ ਜਿਹੇ ਕ੍ਰਾਂਤੀਕਾਰੀ ਵੀ ਉੱਥੇ ਆ ਕੇ ਆਪਸ ਵਿੱਚ ਮਿਲਿਆ ਕਰਦੇ ਸਨ | 10 ਮਈ , 1907 ਈ. ਨੂੰ ਉੱਥੇ “1857 ਦਾ ਗਦਰ ਦਿਵਸ ” ਮਨਾਇਆ ਗਿਆ , ਜਿਸ ਵਿੱਚ ਭਾਰਤ ਦਾ ਝੰਡਾ ਵੀ ਫਹਿਰਾਇਆ ਗਿਆ | ਉਸ ਵਿੱਚ ਲਾਲਾ ਹਰਦਿਆਲ ਵੀ ਸ਼ਾਮਿਲ ਹੋਏ ਸਨ | ਹੋਲ੍ਹੀ-ਹੋਲ੍ਹੀ ਉਹ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਵੱਧ-ਚੜ੍ਹਕੇ ਹਿੱਸਾ ਲੈਣ ਲੱਗ ਪਏ | ਜਦੋਂ ਇੰਡੀਆ ਹਾਉਸ ਵਿੱਚ ਲਾਲਾ ਹਰਦਿਆਲ ਦੀ ਮੁਲਾਕਾਤ ਸਾਵਰਕਰ ਨਾਲ ਹੋਈ ਤਾਂ ਉਹ ਦੋਵੇਂ ਇੱਕ ਦੂਸਰੇ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਉਹਨਾਂ ਵਿੱਚ ਮਿੱਤਰਤਾ ਵੱਧ ਗਈ |
ਜਦੋਂ ਲਾਲਾ ਹਰਦਿਆਲ ਨੇ ਵਜੀਫਾ ਠੁਕਰਾਇਆ ਸੀ ਤਾਂ ਉਸੇ ਦਿਨ ਤੋਂ ਉਹ ਅੰਗ੍ਰੇਜੀ ਸਰਕਾਰ ਦੀਆਂ ਨਜ਼ਰਾਂ ਵਿੱਚ ਆ ਗਏ ਸਨ | ਉਹਨਾਂ ਉੱਤੇ ਸਰਕਾਰ ਦੀ ਤਿੱਖੀ ਨਜ਼ਰ ਰਹਿਣ ਲੱਗੀ | ਇਸਤੋਂ ਬਾਅਦ ਉਹ ਭਾਰਤ ਵਾਪਿਸ ਪਰਤ ਆਏ | ਭਾਰਤ ਆ ਕੇ ਉਹ ਪੂਨਾ ਵਿੱਚ ਜਾ ਕੇ ਬਾਲ ਗੰਗਾਧਰ ਤਿਲਕ ਨੂੰ ਮਿਲੇ | ਤਿਲਕ ਦੀ ਸਲਾਹ ਤੇ ਉਹਨਾਂ ਨੇ ਲਾਹੌਰ ਵਿੱਚ ਇੱਕ ਆਸ਼ਰਮ ਦੀ ਸਥਾਪਨਾ ਕੀਤੀ | ਲਾਹੌਰ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਗੋਪਾਲ ਕ੍ਰਿਸ਼ਨ ਗੋਖਲੇ ਵੀ ਆ ਕੇ ਮਿਲੇ ਅਤੇ ਉਹਨਾਂ ਨੂੰ “ ਸਰਵੈਂਟ ਆਫ ਇੰਡੀਆ ਸੋਸਾਇਟੀ ” ਨਾਲ ਜੁੜ੍ਹਣ ਦਾ ਸੁਝਾਉ ਦਿੱਤਾ | ਪਰ ਲਾਲਾ ਜੀ ਨੇ ਇਹ ਸੁਝਾਉ ਨਹੀਂ ਮੰਨਿਆਂ | ਲਾਹੌਰ ਵਿੱਚ ਉਹ “ ਮਾਡਰਨ ਰਵਿਊ ” ਵਿੱਚ ਆਪਣੇ ਲੇਖ ਲਿੱਖ ਕੇ ਭਾਰਤੀ ਜਨਤਾ ਨੂੰ ਜਾਗ੍ਰਤ ਕਰਨ ਦਾ ਕੰਮ ਕਰਦੇ ਰਹੇ | ਸਨ 1908 ਈ. ਵਿੱਚ ਜਦੋਂ ਖੁਦੀਰਾਮ ਬੋਸ ਨੂੰ ਫਾਂਸੀ ਦਿੱਤੀ ਗਈ ਤਾਂ ਲਾਲਾ ਜੀ ਨੂੰ ਬਹੁਤ ਦੁੱਖ ਹੋਇਆ | ਉਹਨਾਂ ਨੇ “ ਮਾਡਰਨ ਰਵਿਊ ” ਵਿੱਚ ਖੁਦੀਰਾਮ ਬੋਸ ਦੀ ਬਹਾਦੁਰੀ ਅਤੇ ਦੇਸ਼ਭਗਤੀ ਦੀ ਪ੍ਰਸ਼ੰਸਾ ਕੀਤੀ | ਉਸ ਤੋਂ ਕੁਝ ਸਮੇਂ ਬਾਅਦ ਬਾਲ ਗੰਗਾਧਰ ਤਿਲਕ ਉੱਤੇ ਵੀ ਰਾਜਦ੍ਰੋਹ ਦਾ ਮੁੱਕਦਮਾ ਚਲਾ ਕੇ ਉਹਨਾਂ ਨੂੰ ਛੇ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ | “ ਮਾਡਰਨ ਰਵਿਊ ” ਵਿੱਚ ਲਾਲਾ ਜੀ ਅੰਗਰੇਜ ਸਰਕਾਰ ਦਾ ਖੁੱਲਕੇ ਵਿਰੋਧ ਕਰਦੇ | ਇਸਤੇ ਸਰਕਾਰ ਉਹਨਾਂ ਨੂੰ ਵੀ ਗਿਰਫਤਾਰ ਕਰਨ ਦੀਆਂ ਯੋਜਨਾਂਵਾਂ ਬਨਾਉਣ ਲੱਗੀ | ਇੱਕ ਦਿਨ ਲਾਲਾ ਲਾਜਪਤ ਰਾਏ ਨੇ ਲਾਲਾ ਹਰਦਿਆਲ ਨੂੰ ਆਪਣੇ ਕੋਲ ਬੁਲਾਕੇ ਕਿਹਾ ਕਿ ,” ਤੁਹਾਨੂੰ ਜਲਦੀ ਹੀ ਗਿਰਫਤਾਰ ਕਰ ਲਿਆ ਜਾਵੇਗਾ | ਮੇਰੀ ਰਾਏ ਹੈ ਕਿ ਤੁਸੀਂ ਹਿੰਦੁਸਤਾਨ ਤੋਂ ਬਾਹਰ ਚਲ੍ਹੇ ਜਾਓ |”
ਲਾਲਾ ਹਰਦਿਆਲ ਨੇ ਆਪਣੇ ਲਾਹੌਰ ਵਾਲੇ ਆਸ਼ਰਮ ਦਾ ਕੰਮ ਮਾਸਟਰ ਅਮੀਰ ਚੰਦ ਨੂੰ ਸੌਂਪ ਕੇ ਆਸ਼ਰਮ ਦੇ ਕੰਮ ਵੱਲੋਂ ਨਿਸ਼ਚਿੰਤ ਹੋ ਗਏ | ਉਸਤੋਂ ਬਾਅਦ ਪਹਿਲੇ ਉਹ ਕੋਲੰਬੋ ਗਏ , ਫਿਰ ਇਟਲੀ ਅਤੇ ਉਸਤੋਂ ਬਾਅਦ ਪੈਰਿਸ ਵਿੱਚ ਜਾ ਪਹੁੰਚੇ | ਪੈਰਿਸ ਵਿੱਚ ਉਹ ਕ੍ਰਾਂਤੀਕਾਰੀਆਂ ਦੇ ਅਖਬਾਰ “ ਵੰਦੇ ਮਾਤਰਮ ” ਦਾ ਸੰਪਾਦਨ ਕਰਨ ਲੱਗੇ | ਪੈਰਿਸ ਤੋਂ ਬਾਅਦ ਲਾਲਾ ਜੀ ਨੇ ਯੂਰਪ ਅਤੇ ਹੋਰ ਕਈ ਦੇਸ਼ਾਂ ਦੀ ਵੀ ਯਾਤਰਾ ਕੀਤੀ | ਕੁਝ ਦਿਨ੍ਹਾਂ ਲਈ ਉਹ ਇਕਾਂਤ ਜੀਵਨ ਬਤੀਤ ਕਰਨ ਲਈ ਲਾਮਾਰਟਿਨ ਦੀਪ ਵਿੱਚ ਵੀ ਰਹੇ ਸਨ | ਉਹਨਾਂ ਦਿਨ੍ਹਾਂ ਵਿੱਚ ਭਾਈ ਪਰਮਾਨੰਦ ਵੀ ਲਾਮਾਰਟਿਨ ਵਿੱਚ ਹੀ ਸਨ | ਉੱਥੇ ਦੋਹਾਂ ਦੀ ਸੰਜੋਗ ਨਾਲ ਮੁਲਾਕਾਤ ਹੋਈ | ਉਹਨਾਂ ਦੀ ਸਲਾਹ ਤੇ ਲਾਲਾ ਜੀ ਹੋਨੋਲੂਲੁ ਵੀ ਗਏ | ਬਾਅਦ ਵਿੱਚ ਭਾਈ ਪਰਮਾਨੰਦ ਕੈਲੀਫ਼ੋਰਨਿਆ ਚਲੇ ਗਏ ਅਤੇ ਲਾਲਾ ਜੀ ਨੂੰ ਵੀ ਆਪਣੇ ਕੋਲ ਹੀ ਬੁਲਾ ਲਿਆ | ਕੈਲੀਫ਼ੋਰਨਿਆ ਵਿੱਚ ਬਹੁਤ ਸਾਰੇ ਪੰਜਾਬੀ  ਸਿੱਖ ਵੀ ਰਹਿੰਦੇ ਸਨ | ਲਾਲਾ ਹਰਦਿਆਲ ਅਤੇ ਭਾਈ ਪਰਮਾਨੰਦ ਨੇ ਉਹਨਾਂ ਨੂੰ ਪਹਿਲਾਂ ਸੰਗਠਿਤ ਕੀਤਾ | ਇਸ ਸੰਗਠਨ ਰਾਹੀਂ ਕੁਝ ਪੈਸਾ ਇੱਕਠਾ ਕੀਤਾ ਗਿਆ ਅਤੇ ਉਸਦੇ ਬਾਅਦ ਭਾਰਤੀ ਵਿਦਿਅਰਥੀਆਂ ਨੂੰ ਕੈਲੀਫ਼ੋਰਨਿਆ ਬੁਲਾਉਣ ਦੀ ਵਿਵਸਥਾ ਕੀਤੀ ਗਈ | ਲਾਲਾ ਜੀ ਆਪਣੇ ਭਾਸ਼ਣਾਂ ਰਾਹੀਂ ਪ੍ਰਚਾਰ ਕਰਦੇ ਅਤੇ ਨਾਲ ਹੀ ਅਮਰੀਕੀ ਅਖਬਾਰਾਂ ਵਿੱਚ ਵੀ ਲੇਖ ਲਿਖਦੇ | ਆਪਣੀਆਂ ਗਤੀਵਿਧੀਆਂ ਕਾਰਨ ਉਹ ਅਮਰੀਕਾ ਵਿੱਚ ਕਾਫੀ ਚਰਚਿਤ ਹੋ ਗਏ ਸਨ | ਲਾਲਾ ਜੀ ਦੀ ਲਿਆਕਤ ਕਾਰਨ ਹੀ ਉਹਨਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦਾ ਪਦ ਮਿਲ ਗਿਆ ਸੀ | ਉੱਥੇ ਉਹ ਭਾਰਤੀ ਸੰਸਕ੍ਰਿਤੀ ਪੜ੍ਹਾਉਂਦੇ ਸਨ | ਇਸ ਕੰਮ ਲਈ ਉਹ ਕੋਈ ਵੇਤਨ ਨਹੀਂ ਸਨ ਲੈਂਦੇ | ਅਮਰੀਕਾ ਵਿੱਚ ਲਾਲਾ ਜੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧਦੀ ਦੇਖ ਕੇ ਅੰਗਰੇਜ ਸਰਕਾਰ ਚਿੰਤਾ ਵਿੱਚ ਪੈ ਗਈ | ਅਤੇ ਸਰਕਾਰੀ ਗੁਪਤਚਰ ਲਗਾਤਾਰ ਉਹਨਾਂ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਲੱਗੇ | ਸਟੀਲ ਨਾਂ ਦੇ ਇੱਕ ਗੁਪਤਚਰ ਨੇ ਲਾਲਾ ਜੀ ਦੇ ਸਬੰਧ ਵਿੱਚ ਇੱਕ ਰਿਪੋਰਟ ਤਿਆਰ ਕਰਕੇ ਅੰਗਰੇਜ ਸਰਕਾਰ ਦੇ ਕੋਲ ਭੇਜ ਦਿੱਤੀ | ਇਸ ਵਿੱਚ ਉਸਨੇ ਲਿਖਿਆ ਕਿ – “ ਲਾਲਾ ਹਰਦਿਆਲ ਅਰਾਜਕਤਾ ਅਤੇ ਵਿਦਰੋਹ ਨੂੰ ਉਕਸਾ ਰਿਹਾ ਹੈ ਅਤੇ ਉਹ ਅਮਰੀਕੀ ਜਨਤਾ ਵਿੱਚ ਅੰਗ੍ਰੇਜੀ ਸ਼ਾਸਨ ਦੇ ਵਿਰੁਧ ਅਤੇ ਭਾਰਤ ਦੀ ਆਜ਼ਾਦੀ ਦੇ ਪੱਖ ਵਿੱਚ ਪ੍ਰਚਾਰ ਕਰ ਰਿਹਾ ਹੈ | ” ਸੈਨਫ੍ਰਾਂਸਿਸਕੋ ਵਿੱਚ ਰਹਿੰਦੇ ਹੋਏ ਹੀ ਲਾਲਾ ਹਰਦਿਆਲ ਨੇ “ ਗਦਰ ” ਨਾਂ ਦਾ ਇੱਕ ਹਫਤਾਵਾਰ ਅਖਬਾਰ ਕਢਿਆ | ਅਮਰੀਕਾ ਤੋਂ ਦੇਸ਼ੀ ਭਾਸ਼ਾ ਵਿੱਚ ਨਿਕਲਣ ਵਾਲਾ ਇਹ ਪਹਿਲਾ ਅਖਬਾਰ ਸੀ |

                            _________________________________