ਭਾਰਤ ਦੀ ਸਭ ਤੋਂ ਪ੍ਰਾਚੀਨ ਸਭਿਅਤਾ - ਸਿੰਧੁ ਘਾਟੀ ਦੀ ਸਭਿਅਤਾ ਬਾਰੇ ਕੁਝ ਰੋਚਕ ਤੱਥ

(1)ਹੜੱਪਾ ਦੀ ਸਭਿਅਤਾ ਨੂੰ ਸਿੰਧੁ ਘਾਟੀ ਦੀ ਸਭਿਅਤਾ ਵੀ ਕਿਹਾ ਜਾਂਦਾ ਹੈ | ਕਿਉਂਕਿ ਇਸਦੇ ਬਹੁਤੇ ਸਥਾਨ ਸਿੰਧੁ ਨਦੀ ਦੇ ਕਿਨਾਰੇ-ਕਿਨਾਰੇ ਵਸੇ ਹੋਏ ਸਨ |

(2)1921-22 ਈ. ਵਿੱਚ ਆਰ.ਡੀ. ਬੈਨਰਜੀ ਅਤੇ ਦਇਆ ਰਾਮ ਸਾਹਨੀ , ਸਰ ਜਾਨ ਮਾਰਸ਼ਲ ਅਤੇ ਮਾਰਟੀਮਰ ਵਹੀਲਰ ਆਦਿ ਦੀਆਂ ਕੋਸ਼ਿਸ਼ਾਂ ਨਾਲ ਸਿੰਧੁ ਘਾਟੀ ਸਭਿਅਤਾ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੀ ਸੀ |

(3)ਇਸ ਤੋਂ ਪਹਿਲਾਂ ਭਾਰਤ ਦੇ ਇਤਿਹਾਸ ਦੀ ਸ਼ੁਰੁਆਤ ਆਰਿਆ ਸਭਿਅਤਾ ਤੋਂ ਹੀ ਸਮਝੀ ਜਾਂਦੀ ਸੀ | ਪਰ ਇਸ ਨਵੀਂ ਖੋਜ ਨੇ ਸਾਰੀਆਂ ਕਲਪਨਾਵਾਂ ਨੂੰ ਇੱਕ ਨਵੀਂ ਅਸਲੀਅਤ ਬਾਰੇ ਜਾਣੂੰ ਕਰਵਾਇਆ |

(4)ਇਸ ਸਭਿਅਤਾ ਦਾ ਵਿਕਾਸ ਸਮੁਚੇ ਸਿੰਧੁ ਨਦੀ ਪ੍ਰਣਾਲੀ ਖੇਤਰ ਵਿੱਚ ਹੋਇਆ ਸੀ | ਪਰ ਇਹਨਾਂ ਨੇ ਉੱਤਰ ਪ੍ਰਦੇਸ਼ ਦੇ ਆਲਮਗੀਰ ਤੋਂ ਅੱਗੇ ਪੈਰ ਨਹੀਂ ਪਸਾਰੇ ਸਨ |

(5)ਸਿੰਧੁ ਘਾਟੀ ਦਾ ਸਮਾਂ ਕਾਲ ਕਾਰਬਨ ਡੇਟਿੰਗ ਪ੍ਰੋਸੈਸ ਅਨੁਸਾਰ 2750 ਈ.ਪੁ. ਤੋਂ ਲੈ ਕੇ 1750 ਈ.ਪੁ. ਤੱਕ ਦਾ ਮੰਨਿਆਂ ਜਾਂਦਾ ਹੈ |

(6)ਭਾਵੇ ਹੁਣ ਤੱਕ ਬਹੁਤ ਸਾਰੇ ਸਹਿਰ ਅਤੇ ਹੋਰ ਇਲਾਕੇ ਖੋਜੇ ਜਾ ਚੁੱਕੇ ਹਨ | ਪਰ ਫਿਰ ਵੀ ਹੜੱਪਾ ਅਤੇ ਮੋਹਨਜੋਦਾੜੋ ( ਸ਼ਬਦੀ ਅਰਥ ਹਨ – ਮੁਰਦਿਆਂ ਦਾ ਟਿੱਲਾ ) ਇਸ ਸਭਿਅਤਾ ਦੇ ਮੁੱਖ ਵੱਡੇ ਸ਼ਹਿਰ ਹਨ |

(7)ਹੜ੍ਹੱਪਾ ਦਾ ਕਿਲ੍ਹਾ ਆਇਤਾਕਾਰ ਸ਼ਕਲ ਵਿੱਚ ਹੈ ਜੋ 460 ਯਾਰਡ ਲੰਬਾ ( ਉੱਤਰ-ਦੱਖਣ ) ਅਤੇ 215 ਯਾਰਡ ਚੋੜਾ ( ਪੁਰਬ-ਪੱਛਮ ) ਹੈ ਅਤੇ 15-17 ਯਾਰਡ ਉੱਚਾ ਹੈ |

(8)ਸਿੰਧੁ ਘਾਟੀ ਸਭਿਅਤਾ ਦੀ ਲਿਪੀ ਤਸਵੀਰੀ ( ਪਿਕਟੋਰਿਅਲ ) ਸੀ ਜਿਸ ਵਿੱਚ 600 ਤੋਂ ਵੱਧ ਤਸਵੀਰੀ-ਸ਼ਬਦਾਂ ਅਤੇ 60 ਅਸਲੀ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ | ਇਹ ਭਾਸ਼ਾ ਹਾਲੇ ਤੱਕ ਵੀ ਪੜ੍ਹੀ ਨਹੀਂ ਜਾ ਸਕੀ ਹੈ |

(9)ਚੰਨੂਦਾੜੋੰ ਵਿੱਚ ਕੋਈ ਵੀ ਕਿਲ੍ਹਾ ਨਹੀਂ ਮਿਲਿਆ ਹੈ |

(10)ਬਹੁਤ ਸਾਰੇ ਪ੍ਰਸਿੱਧ ਸਥਾਨ ਜਿਵੇਂ _ ਨਾਲ , ਡਾਬਰਕੋਟ , ਰਾਖੀਗੜੀ , ਬਨਵਾਲੀ , ਰੰਗਪੁਰ , ਲੋਥਲ , ਅਮਰੀ , ਦਿਪਲਾਬਾਗ , ਕਵੇਟਾ ਅਤੇ ਹੋਰ ਬਹੁਤ ਸਾਰੀਆਂ ਅਜਿਹੀਆਂ ਪ੍ਰਸਿੱਧ ਇਤਿਹਾਸਿਕ ਜਗ੍ਹਾ ਹਨ ਜਿੱਥੇ ਸਿੰਧੁ ਘਾਟੀ ਸਭਿਅਤਾ ਦੇ ਹੀ ਨਹੀਂ ਸਗੋਂ ਉਸਤੋਂ ਵੀ ਪਹਿਲਾਂ ਦੇ ਅਵਸ਼ੇਸ਼ ਮਿਲ੍ਹੇ ਹਨ |

(11)ਰਾਜਸਥਾਨ ਵਿੱਚ ਸਿੰਧੁ ਘਾਟੀ ਸਭਿਅਤਾ ਦਾ ਸ਼ਹਿਰ ਕਾਲੀਬੰਗਨ ਹੈ | ਇੱਥੇ ਵੀ ਸਿੰਧੁ ਘਾਟੀ ਅਤੇ ਉਸਤੋਂ ਪਹਿਲਾਂ ਦੀਆਂ ਇਤਿਹਾਸਿਕ ਤਹਿਆਂ ਮਿਲਦੀਆਂ ਹਨ | ਇਥੋਂ ਕਾਲੇ ਰੰਗ ਦੀਆਂ ਵੰਗਾਂ ਮਿਲੀਆਂ ਸਨ | ਕਿਲ੍ਹੇ ਅਤੇ ਸ਼ਹਿਰ ਦੇ ਚਾਰੇ ਪਾਸੇ ਦੀਵਾਰਾਂ ਮਿਲਦੀਆਂ ਹਨ | ਇਥੇ ਬੀ.ਕੇ. ਥਾਪਰ ਦੀ ਦੇਖ ਰੇਖ ਵਿੱਚ 1961 ਈ. ਵਿੱਚ ਖੁਦਾਈ ਦਾ ਕੰਮ ਕੀਤਾ ਗਿਆ ਸੀ |

(12)ਲੋਥਲ ਸਿੰਧੁ ਘਾਟੀ ਦੇ ਸਮੇਂ ਦੀ ਪ੍ਰਸਿੱਧ ਬੰਦਰਗਾਹ ਸੀ ਜੋ ਗੁਜਰਾਤ ਦੇ ਤੱਟ ਤੇ ਮਿਲੀ ਹੈ | ਇਸ ਬੰਦਰਗਾਹ ਤੋਂ ਸਾਨੂੰ ਸਿੰਧੁ ਘਾਟੀ ਦੇ ਲੋਕਾਂ ਦੇ ਪਛਮੀ ਸਭਿਅਤਾਵਾਂ ਦੇ ਨਾਲ ਵਪਾਰਕ ਰਿਸ਼ਤੇ ਹੋਣ ਦੇ ਸਬੂਤ ਮਿਲਦੇ ਹਨ | ਇਥੋਂ ਦੇ ਲੋਕ ਚਾਵਲ ਦਾ ਪ੍ਰਯੋਗ ਕਰਦੇ ਸਨ |

(13)ਯੂਨਾਨੀ ਲੋਕਾਂ ਨੇ ਸਿੰਧੁ ਨੂੰ ਸੇਡੋਨ ਦੇ ਨਾਂ ਨਾਲ ਪੁਕਾਰਿਆ ਸੀ | ਉਹਨਾਂ ਜਰੀਏ ਸਾਨੂੰ ਇੱਥੇ ਕਪਾਹ ਦੀ ਖੇਤੀ ਹੋਣ ਬਾਰੇ ਪਤਾ ਲਗਦਾ ਹੈ |

(14)ਕੁੱਤਾ ਅਤੇ ਬਿੱਲੀ ਘਰਾਂ ਵਿੱਚ ਆਮ ਹੀ ਪਾਲੇ ਜਾਂਦੇ ਸਨ | ਪਰ ਸਾਰੀ ਖੁਦਾਈ ਦੌਰਾਨ ਕਿਧਰੇ ਵੀ ਘੋੜੇ ਦੀ ਉਪਸਥਿਤੀ ਦਾ ਪਤਾ ਨਹੀਂ ਲਗਦਾ ਹੈ | ਇਹ ਕੇਵਲ ਸਰਕੋਤਦਾ ਵਿਖੇ ਹੀ ਪਾਇਆ ਗਿਆ ਹੈ |

(15)ਹੜੱਪਾ ਸੰਸਕ੍ਰਿਤੀ ਦੇ ਭਾਰ ਤੋਲਕ 16 ਦੇ ਗੁਣਕ ਵਿੱਚ ਹੁੰਦੇ ਸਨ |

(16)ਤਾਂਬੇ ਅਤੇ ਕਾੱਪਰ ਦੇ ਬਹੁਤ ਸਾਰੇ ਤਾਵੀਜ ਮਿਲ੍ਹੇ ਹਨ ਜੋ ਉਹਨਾਂ ਦੇ ਅੰਧਵਿਸ਼ਵਾਸ ਬਾਰੇ ਇਸ਼ਾਰਾ ਕਰਦੇ ਹਨ |

(17)ਉਹ ਲੋਕ ਦੇਵੀ ਮਾਤਾ ਅਤੇ ਪਸ਼ੁਪਤੀ ਦੀ ਪੂਜਾ ਕਰਦੇ ਸਨ | ਇਹ ਲੋਕ ਜਾਦੂ ਟੂਣਿਆਂ ਵਿੱਚ ਬਹੁਤ ਵਿਸ਼ਵਾਸ ਰਖਦੇ ਸਨ |

(18)ਉਹਨਾਂ ਨੂੰ ਲੋਹੇ ਦਾ ਵੀ ਕੋਈ ਗਿਆਨ ਨਹੀਂ ਸੀ | ਕੇਵਲ ਤਾਂਬੇ ਅਤੇ ਕਾਪਰ ਬਾਰੇ ਜਾਣਕਾਰੀ ਸੀ | ਕਾਪਰ ਰਾਜਸਥਾਨ ਦੀ ਖੇਤਰੀ ਇਲਾਕੇ ਤੋਂ ਮਿਲਦਾ ਹੋਵੇਗਾ |

(19)ਉਹਨਾਂ ਦਾ ਸਭ ਤੋਂ ਪ੍ਰਸਿੱਧ ਮਹੱਤਵ ਉਹਨਾਂ ਦੀ ਨਗਰ ਯੋਜਨਾ ਵਿੱਚ ਸੀ | ਗਲੀਆਂ ਅਤੇ ਸੜ੍ਹਕਾਂ ਇੱਕ ਦੂਜੇ ਨੂੰ ਨੱਬੇ ਡਿਗਰੀ ਦੇ ਕੋਣ ਤੇ ਕੱਟਦੀਆਂ ਸਨ ਅਤੇ ਅੱਜ ਦੇ ਚੰਡੀਗੜ੍ਹ ਵਰਗੇ ਨਕਸ਼ੇ ਦੀ ਯਾਦ ਤਾਜਾ ਕਰਵਾਉਂਦੀਆਂ ਹਨ |

(20)ਇਸ ਸਮੇਂ ਸਿੰਧੁ ਘਾਟੀ ਸਭਿਅਤਾ ਦੇ ਬਹੁਤੇ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਹਨ |

(21)ਪੁਰਬ ਵਿੱਚ ਆਲਮਗੀਰ ਦਖਣੀ ਹਿੱਸੇ ਵਿੱਚ ਗੁਜਰਾਤ ਅਤੇ ਉੱਤਰ ਵਿੱਚ ਕਸ਼ਮੀਰ ਤੱਕ ਅਤੇ ਪੱਛਮ ਵਿੱਚ ਇਰਾਨ ਦੇ ਨਾਲ ਲਗਦੀ ਹੱਦ ਤੱਕ ਇਸ ਸਭਿਅਤਾ ਦਾ ਵਿਕਾਸ ਸੀ |

(22)ਹੜੱਪਾ ਵਿੱਚ ਇੱਕ ਵਿਸ਼ਾਲ ਇਸ਼ਨਾਨ ਘਰ ਮਿਲਿਆ ਹੈ ਅਤੇ ਅਨਾਜ ਦੇ ਗੋਦਾਮ ਮਿਲੇ ਹਨ | ਇਹ ਸ਼ਹਿਰ ਰਾਵੀ ਨਦੀ ਦੇ ਕੰਡੇ ਤੇ ਸਥਿੱਤ ਹੈ |

(23)ਮੋਹਨਜੋਦਾੜੋ ਪਾਕਿਸਤਾਨ ਦੇ ਸਿੰਧੁ ਪ੍ਰਾਂਤ ਦੇ ਲਾੜਕਾਨਾ ਜਿਲ੍ਹੇ ਵਿੱਚ ਸਥਿੱਤ ਹੈ | ਖੁਦਾਈ ਦੌਰਾਨ ਪਾਈਆਂ ਗਈਆਂ ਪਰਤਾਂ ਤੋਂ ਪਤਾ ਲਗਦਾ ਹੈ ਕਿ ਇਹ ਸ਼ਹਿਰ ਲਗਭਗ ਸੱਤ ਵਾਰੀ ਵੱਸਿਆ ਅਤੇ ਉੱਜੜਿਆ ਸੀ |

(24)ਇਹ ਲੋਕ ਲੜਾਕੇ ਨਹੀਂ ਸਨ ਬਲਕਿ ਵਪਾਰੀ ਲੋਕ ਸਨ ਅਤੇ ਸ਼ਾਂਤੀ ਨਾਲ ਰਹਿਣਾ ਪਸੰਦ ਕਰਦੇ ਸਨ |

(25)ਇਸ ਸਭਿਅਤਾ ਦੇ ਅੰਤ ਬਾਰੇ ਭੂਚਾਲ , ਹੜ੍ਹ ਆਉਣ ਜਾਂ ਆਰਿਆ ਲੋਕਾਂ ਨਾਲ ਯੁੱਧ , ਸੋਕਾ ਪੈ ਜਾਣ ਆਦਿ ਬਾਰੇ ਇਤਿਹਾਸਕਾਰਾਂ ਵੱਲੋਂ ਆਪਣੇ-ਆਪਣੇ ਵਿਚਾਰ ਦਿੱਤੇ ਜਾਂਦੇ ਹਨ |



_____________________________________________