ਪਹਿਲੇ ਵਿਸ਼ਵ ਯੁੱਧ ਦੌਰਾਨ ਚੱਲਣ ਵਾਲਾ ਅੰਦੋਲਨ - " ਹੋਮ ਰੂਲ ਅੰਦੋਲਨ "

ਜਦੋਂ ਬ੍ਰਿਟਿਸ਼ ਸਰਕਾਰ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ ਲੋਕਾਂ ਨੂੰ ਪੁੱਛੇ ਬਿਨਾਂ ਹੀ ਭਾਰਤ ਨੂੰ ਇਸ ਯੁੱਧ ਵਿੱਚ ਧਕੇਲ ਦਿੱਤਾ  ਤਾਂ ਸਾਰੇ ਭਾਰਤ ਵਿੱਚ ਰੋਸ ਦੀ ਲਹਿਰ ਫੈਲ ਗਈ | ਕਿਉਂਕਿ ਭਾਰਤੀ ਲੋਕਾਂ ਨੂੰ ਪੁੱਛੇ ਬਿਨਾਂ ਹੀ ਉਸਦੇ ਸਿਪਾਹੀਆਂ ਨੂੰ ਸਮੁੰਦਰੋਂ ਪਾਰ ਲੜਨ ਵਾਸਤੇ ਭੇਜਿਆ ਜਾ ਰਿਹਾ ਸੀ |  ਇਸ ਸਮੇਂ ਬਾਲ ਗੰਗਾਧਰ ਤਿਲਕ ਨੇ ਜੇਲ ਤੋਂ ਰਿਹਾ ਹੋਣ ਤੋਂ ਬਾਅਦ ਸ਼੍ਰੀ ਮਤੀ ਐਨੀ ਬੇਸੰਟ ਦੀ ਸਹਾਇਤਾ ਨਾਲ ਇੱਕ ਸੰਗਠਨ ਤਿਆਰ ਕੀਤਾ | ਉਹਨਾਂ ਨੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਸੁਤੰਤਰਤਾ ਦੀ ਪ੍ਰਾਪਤੀ ਵਾਸਤੇ 28 ਅਪ੍ਰੈਲ 1916 ਵਿੱਚ ਇੱਕ ਹੋਮ ਰੂਲ ਲੀਗ ਬਣਾਈ | ਪਹਿਲੀ ਹੋਮ ਰੂਲ ਲੀਗ  ਪੂਨਾ ਵਿੱਚ ਸਥਾਪਿਤ ਕੀਤੀ ਗਈ ਅਤੇ ਦੂਸਰੀ ਹੋਮ ਰੂਲ ਲੀਗ ਦੀ ਸਥਾਪਨਾ ਮਦਰਾਸ ਵਿਖੇ ਕੀਤੀ ਗਈ  | ਅਜਿਹੀਆਂ ਗਤੀਵਿਧੀਆਂ ਕਾਰਨ ਬ੍ਰਿਟਿਸ਼ ਸਰਕਾਰ ਵੱਲੋਂ ਸ਼੍ਰੀ ਮਤੀ ਐਨੀਂ ਬੇਸੰਟ ਨੂੰ ਬੰਦੀ ਬਣਾ ਲਿਆ ਗਿਆ | ਬਾਲ ਗੰਗਾਧਰ ਤਿਲਕ ਨੇ ਉਸਦੀ ਗਿਰਫਤਾਰੀ ਦੇ ਖਿਲਾਫ਼ ਸਤਿਆਗ੍ਰਹਿ ਸ਼ੁਰੂ ਕਰ ਦਿੱਤਾ | ਉਹਨਾਂ ਨੇ ਆਪਣੀ ਅਖਬਾਰ “ਕੇਸਰੀ” ਅਤੇ “ਮਰਾਠਾ” ਵਿੱਚ “ਹੋਮ ਰੂਲ” ਦੇ ਪੱਖ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਸਾਰੇ ਭਾਰਤ ਵਿੱਚ ਥਾਂ-ਥਾਂ ਤੇ ਹੋਮ ਰੂਲ ਦੇ ਸਮਰਥਨ ਵਿੱਚ ਪ੍ਰਦਰ੍ਸ਼ਨ ਹੋਣ ਲੱਗੇ | ਸਾਰੇ ਦੇਸ਼ ਵਿਚ ਅੰਗਰੇਜਾਂ ਦੇ ਖਿਲਾਫ਼ ਵਿਰੋਧ ਦੀ ਅੱਗ ਭੜਕ ਉੱਠੀ | ਸਾਰੇ ਦੇਸ਼ ਵਿੱਚ ਹੜਤਾਲਾਂ , ਪ੍ਰਦਰ੍ਸ਼ਨ ਅਤੇ ਵਿਰੋਧ ਸ਼ੁਰੂ ਹੋ ਗਏ | ਅੰਤ ਵਿੱਚ ਸਰਕਾਰ ਨੂੰ ਐਨੀ ਬੇਸੰਟ ਨੂੰ ਰਿਹਾ ਕਰਨਾ ਪਿਆ | ਭਾਵੇ ਇਹ ਅੰਦੋਲਨ ਸਰਕਾਰ ਵੱਲੋਂ ਬੜੀ ਸਖਤੀ ਨਾਲ ਦਬਾ ਦਿੱਤਾ ਗਿਆ ਪਰ ਇਸ ਅੰਦੋਲਨ ਨੇ ਆਉਣ ਵਾਲੇ ਸਮੇਂ ਵਿੱਚ ਭਾਰਤੀ ਨੇਤਾਵਾਂ ਨੂੰ ਇੱਕ ਨਵੀਂ ਸੇਧ ਦਿੱਤੀ | ਬਾਲ ਗੰਗਾਧਰ ਤਿਲਕ ਅਤੇ ਸ਼੍ਰੀ ਮਤੀ ਐਨੀ ਬੇਸੰਟ ਨੇ ਜੋ ਹੋਮ ਰੂਲ ਅੰਦੋਲਨ ਸ਼ੁਰੂ ਕੀਤਾ ਉਸਦੇ ਉਦੇਸ਼ ਇਸ ਤਰਾਂ ਸਨ :

( 1 )  ਭਾਰਤੀਆਂ ਨੂੰ ਅੰਦਰੂਨੀ ਮਾਮਲਿਆਂ ਵਿੱਚ ਪੂਰੀ ਸੁਤੰਤਰਤਾ ਦਿੱਤੀ ਕੀਤੀ ਜਾਵੇ | ਦੇਸ਼ ਵਿੱਚ ਬਣਨ ਵਾਲੀ ਸਰਕਾਰ ਵਿੱਚ ਲੋਕਾਂ ਦੀ ਨੁਮਾਇੰਦਗੀ ਹੋਵੇ |

( 2 ) ਉਸਦਾ ਦੂਸਰਾ ਉਦੇਸ਼ ਰਾਸ਼ਟਰੀ ਅੰਦੋਲਨ ਨੂੰ ਹੋਰ ਵਿਆਪਕ ਬਣਾਕੇ ਉਸਨੂੰ ਜਨ ਅੰਦੋਲਨ ਵਿੱਚ ਬਦਲਣਾ ਸੀ |

( 3 ) ਬ੍ਰਿਟਿਸ਼ ਸਰਕਾਰ ਉੱਤੇ ਭਾਰਤੀ ਲੋਕਾਂ ਦੀਆਂ ਮੰਗਾਂ ਮਨਾਉਣ ਲਈ ਦਬਾਉ ਬਨਾਉਣਾ |

( 4 ) ਇਸਦਾ ਇੱਕ ਹੋਰ ਉਦੇਸ਼ ਰਾਸ਼ਟਰੀ ਅੰਦੋਲਨ ਨੂੰ ਗਤੀ ਦੇਣਾ ਵੀ ਸੀ ਕਿਉਂਕਿ ਨਰਮ ਦਲ ਦੀਆਂ ਗਤੀਵਿਧਿਆਂ ਨਾਲ ਕੁਝ ਖਾਸ ਪ੍ਰਾਪਤੀਆਂ ਦੀ ਆਸ ਨਹੀਂ ਕੀਤੀ ਜਾ ਸਕਦੀ ਸੀ |


ਇਸ ਅੰਦੋਲਨ ਨਾਲ ਬਾਲ ਗੰਗਾਧਰ ਤਿਲਕ ਅਤੇ ਗਰਮ ਦਲ ਦੇ ਨੇਤਾਵਾਂ ਦਾ ਪ੍ਰਭਾਵ ਵੱਧ ਗਿਆ | ਤਿਲਕ ਦੇ ਦੇਸ਼-ਪ੍ਰੇਮ , ਨਿਡਰਤਾ ਅਤੇ ਉਤਸਾਹ ਨੇ ਭਾਰਤ ਦੇ ਲੋਕਾਂ ਤੇ ਬਹੁਤ ਡੂੰਘਾ ਅਸਰ ਪਾਇਆ | ਤਿਲਕ ਨੇ ਆਪਣੇ ਆਪ ਨੂੰ ਜਨ-ਸਧਾਰਣ ਪਧਰ ਤੇ ਲਿਆ ਕੇ ਇਸਨੂੰ ਜਨਤਾ ਦਾ ਅੰਦੋਲਨ ਬਣਾ ਦਿੱਤਾ |ਜਦੋਂ ਉਹਨਾਂ ਨੂੰ ਸਰਕਾਰ ਨੇ ਨਜ਼ਰਬੰਦ ਕਰ ਦਿੱਤਾ ਤਾਂ ਸਾਰੇ ਦੇਸ਼ ਵਿੱਚ ਇੱਕ ਤੁਫਾਨ ਜਿਹਾ ਆ ਗਿਆ | ਉਸ ਸਮੇਂ ਦੋ ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਇਹ ਕਸਮ ਖਾਧੀ ਕਿ ਉਹ ਹੋਮ ਰੂਲ ਲੀਗ ਨੂੰ ਗੈਰ-ਕਾਨੂਨੀ ਕਰਾਰ ਦਿੱਤੇ ਜਾਣ ‘ ਤੇ ਕੁਝ ਵੀ ਕੋਈ ਵੀ ਤਿਆਗ ਕਰਨ ਲਈ ਤਿਆਰ ਹਨ | ਇਸ ਅੰਦੋਲਨ ਨੇ ਇੱਕ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ ਕਿ ਜੇਕਰ ਕਾਂਗਰਸ ਆਪਣੇ ਉਦੇਸ਼ (ਦੇਸ਼ ਦੀ ਆਜ਼ਾਦੀ ) ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ ਤਾਂ ਉਸਦਾ ਪ੍ਰਤੀਨਿੱਧ ਕਰਨ ਵਾਲੇ ਵਿਅਕਤੀ ਅਜਿਹੇ ਨਹੀਂ ਹੋਣੇ ਚਾਹੀਦੇ ਜੋ ਕੇਵਲ ਥੋੜਾ ਜਿਹਾ ਸਮਾਂ ਹੀ ਰਾਜਨੀਤਿਕ ਕਾਰਜਾਂ ਵਿੱਚ ਲਗ ਸਕਦੇ ਹੋਣ | ਬਲਕਿ ਅਜਿਹੇ ਵਿਅਕਤੀ ਹੋਣੇ ਚਾਹੀਦੇ ਹਨ ਜੋ ਆਮ ਜਨਤਾ ਦੀ ਭਾਵਨਾ ਨੂੰ ਸਮਝ ਸਕਣ ਅਤੇ ਆਪਣਾ ਸਾਰਾ ਸਮਾਂ ਅਤੇ ਸ਼ਕਤੀ ਦੇਸ਼ ਸੇਵਾ ਵਿੱਚ ਲਗਾਉਣ ਲਈ ਤਿਆਰ ਰਹਿਣ | ਇਸ ਅੰਦੋਲਨ ਦਾ ਪ੍ਰਭਾਵ ਇੰਨਾ ਪਿਆ ਕਿ ਕੇਵਲ ਭਾਰਤ ਵਿੱਚ ਹੀ ਨਹੀਂ ਅਮਰੀਕਾ ਅਤੇ ਇਥੋਂ ਤੱਕ ਕਿ ਇੰਗਲੈਂਡ ਵਿੱਚ ਵੀ ਕੁਝ ਰਾਜਨੀਤਿਕਾਂ ਨੇ ਭਾਰਤ ਨੂੰ “ ਹੋਮ ਰੂਲ “ ਦਿੱਤੇ ਜਾਣ ਦਾ ਸਮਰਥਨ ਕੀਤਾ |

                                  __________________________________________