ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬੀ, ਹਿੰਦੀ , ਸੰਸਕ੍ਰਿਤ , ਅਤੇ ਫ਼ਾਰਸੀ ਭਾਸ਼ਾ ਦਾ ਪੂਰਾ ਗਿਆਨ ਸੀ | ਉਹ ਉੱਚ-ਕੋਟੀ ਦੇ ਕਵੀ ਵੀ ਸਨ | ਭਾਵੇਂ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ 'ਸਰਸਾ ਦੀ ਲੜਾਈ' ਤੋਂ ਬਾਅਦ ਸਰਸਾ ਨਦੀ ਵਿੱਚ ਰੁੜ੍ਹ ਗਈਆਂ ਸਨ , ਪਰ ਫਿਰ ਵੀ ਉਹਨਾਂ ਦੀਆਂ ਕਾਫੀ ਰਚਨਾਵਾਂ ਅਜੇ ਵੀ ਮਿਲਦੀਆਂ ਹਨ | 'ਜਾਪੁ ਸਾਹਿਬ' , 'ਬਚਿੱਤਰ ਨਾਟਕ' , 'ਜ਼ਫਰਨਾਮਾ' , 'ਅਕਾਲ ਉਸਤਤ' , 'ਸ਼ਸ਼ਤਰ ਨਾਮ ਮਾਲਾ' , 'ਚੰਡੀ ਦੀ ਵਾਰ' ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ | ਗੁਰੂ ਗੋਬਿੰਦ ਸਿੰਘ ਜੀ ਆਪ ਵੀ ਮਹਾਨ ਕਵੀ ਹੋਣ ਦੇ ਨਾਲ-ਨਾਲ ਕਵੀਆਂ ਦੀ ਸੰਗਤ ਨੂੰ ਵੀ ਬਹੁਤ ਪਸੰਦ ਕਰਦੇ ਸਨ | ਪਾਉਂਟਾ ਸਾਹਿਬ ਵਿਖੇ ਆਪ ਨੇ 52 ਕਵੀ ਰੱਖੇ ਹੋਏ ਸਨ | ਉਹਨਾਂ ਦੇ ਪ੍ਰਸਿੱਧ ਕਵੀ ਸਨ - ਸੈਨਾਪਤ , ਨੰਦ ਲਾਲ , ਉਦੈ ਰਾਏ , ਅਨੀ ਰਾਏ , ਸੁਖਦੇਵ , ਹੰਸ ਰਾਜ ,ਲੱਖਨ ਅਤੇ ਗੋਪਾਲ ਆਦਿ |