ਪੰਜਾਬ ਅਤੇ ਭਾਰਤ ਵਿੱਚ ਅੰਗਰੇਜਾਂ ਦੇ ਪੈਰ ਜੰਮਣ ਤੱਕ ਕੁਝ ਮਹਤਵਪੂਰਣ ਤੱਤ

1.    ਔਰੰਗਜ਼ੇਬ ਦੇ ਪੁੱਤਰ ਮੁਅਜ਼ਮ ਨੂੰ “ ਸ਼ਾਹੇ ਬੇਖਬਰ ” ਕਿਹਾ ਜਾਂਦਾ ਸੀ |
2.  ਮੁਗਲ ਸਮਰਾਟ ਫਾਰੁਖਸੀਅਰ ਨੇ ਅੰਗਰੇਜਾਂ ਨੂੰ ਬਿਣਾ ਕਿਸੇ ਟੈਕਸ ਦੇ ਬੰਗਾਲ , ਗੁਜਰਾਤ ਆਏ ਹੈਦਰਾਬਾਦ ਵਿੱਚ ਵਪਾਰ ਕਰਨ ਦੀ ਛੂਟ ਦਿੱਤੀ ਸੀ |
3.  ਮਰਾਠਾ ਸ਼ਾਸਕ ਸ਼ਾਹੂ ਦੀ ਮੌਤ ਤੋਂ ਬਾਅਦ ਮਰਾਠਾ ਰਾਜ ਦੀ ਅਸਲੀ ਸ਼ਕਤੀ ਪੇਸ਼ਵਾਂ ਦੇ ਹੱਥ ਵਿੱਚ ਆ ਗਈ |
4.  ਸਨ 1761 ਈ. ਵਿੱਚ ਹੈਦਰ ਅਲੀ ਨੇ ਨੰਦਰਾਜ ਨੂੰ ਗੱਦੀ ਤੋਂ ਲਾਹ ਕੇ ਆਪ ਮੈਸੂਰ ਰਾਜ ਉੱਤੇ ਆਪਣਾ ਅਧਿਕਾਰ ਕਰ ਲਿਆ |
5.  ਪਹਿਲੇ ਐਂਗਲੋ-ਮੈਸੂਰ ਯੁੱਧ ਵਿੱਚ ਹੈਦਰ ਅਲੀ ਨੇ ਅੰਗਰੇਜਾਂ ਨੂੰ ਬੁਰੀ ਤਰਾਂ ਹਰਾਇਆ ਸੀ |
6.    ਰੁਹੇਲਖੰਡ ਦੀ ਸਥਾਪਨਾ ਦਾ ਸਿਹਰਾ ਅਲੀ ਮੁਹੰਮਦ ਖਾਂ ਨੂੰ ਜਾਂਦਾ ਹੈ |
7.  ਸਨ 1721 ਈ. ਵਿੱਚ ਸਿੱਖਾਂ ਦੇ ਦੋ ਦਲ “ਬੰਦਈ” ਅਤੇ “ਤੱਤ ਖਾਲਸਾ” ਦੁਬਾਰਾ ਇੱਕ ਹੋ ਗਏ ਅਤੇ “ਦਲ ਖਾਲਸਾ” ਦਾ ਜਨਮ ਹੋਇਆ | ਦਲ ਖਾਸਲਾ ਨੇ ਮੁਗਲਾਂ ਦੀ ਨੱਕ ਵਿੱਚ ਦਮ ਕਰੀ ਰੱਖਿਆ |
8.   ਸਿੱਖਾਂ ਨੂੰ ਸੰਤ ਸਿਪਾਹੀ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਬਦਲਿਆ ਸੀ | ਉਹਨਾਂ ਨੇ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ | ਮੀਰੀ ਦੀ ਤਲਵਾਰ ਦੁਨੀਆਂਦਾਰੀ ਦੀ ਪ੍ਰਤੀਕ ਸੀ ਜਦਕਿ ਪੀਰੀ ਦੀ ਤਲਵਾਰ ਅਧਿਆਤਮਕਤਾ ਦਾ ਪ੍ਰਤੀਕ ਸੀ |
9. ਅੰਮ੍ਰਿਤਸਰ ਸ਼ਹਿਰ ਸ਼੍ਰੀ ਗੁਰੂ ਰਾਮ ਦਾਸ ਜੀ ਨੇ ਵਸਾਇਆ ਸੀ | ਜਦਕਿ ਹਰਿਮੰਦਿਰ ਸਾਹਿਬ ਦੀ ਸਥਾਪਨਾ ਅਤੇ ਆਦਿ ਗ੍ਰੰਥ ਦੀ ਰਚਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ |
10.ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਸਤੇ ਮੁਗਲ ਰਾਜਾ ਜਹਾਂਗੀਰ ਜਿੰਮੇਵਾਰ ਸੀ |
11.ਅੰਮ੍ਰਿਤਸਰ ਵਿਖੇ “ਅਕਾਲ ਤਖਤ” ਦਾ ਨਿਰਮਾਣ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਰਵਾਇਆ ਸੀ |
12.ਅਫਗਾਨਿਸਤਾਨ ਦੇ ਸ਼ਾਸਕ ਜਮਾਨਸ਼ਾਹ ਨੇ ਰਣਜੀਤ ਸਿੰਘ ਨੂੰ ਰਾਜਾ ਦੀ ਉਪਾਧੀ ਦਿੱਤੀ ਸੀ ਅਤੇ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਸੀ |
13.ਮਹਾਰਾਜਾ ਰਣਜੀਤ ਸਿੰਘ ਸੁਕਰਚਕਿਆ ਮਿਸਲ ਨਾਲ ਸਬੰਧਿਤ ਸਨ | ਚੇਚਕ ਕਾਰਨ ਉਹਨਾਂ ਦੀ ਇੱਕ ਅੱਖ ਬਚਪਨ ਵਿੱਚ ਹੀ ਖਰਾਬ ਹੋ ਗਈ ਸੀ |
14.ਫਕੀਰ ਅਜ਼ੀਜ਼-ਉਦ-ਦੀਨ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਤਜ਼ਰਬੇਕਾਰ ਮੰਤਰੀ ਸੀ |
15.ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਬਹਾਦੁਰ ਜਰਨੈਲ ਸੀ |
16.ਹਰੀ ਸਿੰਘ ਨਲਵਾ ਜਮਰੌਦ ਦੇ ਕਿਲ੍ਹੇ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋਇਆ ਸੀ | ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਆਪਣੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਵਿਅਸਤ ਸੀ |
17.ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜਾਂ ਵਿੱਚ ਪ੍ਰਸਿੱਧ ਸੰਧੀ ਅੰਮ੍ਰਿਤਸਰ ਦੀ ਸੰਧੀ ਸੀ ਜੋ ਸਨ 1809 ਈ. ਵਿੱਚ ਹੋਈ ਸੀ |
18.ਅੰਮ੍ਰਿਤਸਰ ਦੀ ਸੰਧੀ ਅਨੁਸਾਰ ਅੰਗਰੇਜਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਸੁਤੰਤਰ ਸ਼ਾਸਕ ਮੰਨ ਲਿਆ |
19.ਸਤਲੁਜ ਨਦੀ ਨੂੰ ਅੰਮ੍ਰਿਤਸਰ ਦੀ ਸੰਧੀ ਅਨੁਸਾਰ ਅੰਗਰੇਜਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਾਂ ਵਿੱਚਕਾਰ ਸਰਹਦ ਮੰਨ ਲਿਆ ਗਿਆ |
20.ਪਹਿਲੇ ਐਂਗਲੋ-ਸਿੱਖ ਯੁੱਧ ( 1845-46 ਈ. ) ਦੌਰਾਨ ਲਾਰਡ ਹਾਰਡਿੰਗ ਭਾਰਤ ਦਾ ਗਵਰਨਰ ਜਨਰਲ ਸੀ |
21.ਦੂਜੇ ਐਂਗਲੋ-ਸਿੱਖ ਯੁੱਧ ( 1848-49 ਈ. ) ਦੇ ਦੌਰਾਨ ਲਾਰਡ ਡਲਹੌਜੀ ਭਾਰਤ ਦਾ ਗਵਰਨਰ ਜਨਰਲ ਸੀ | ਉਸਨੇ ਹੀ ਪੰਜਾਬ ਨੂੰ ਆਪਣੇ ਬ੍ਰਿਟਿਸ਼ ਰਾਜ ਵਿੱਚ ਮਿਲਾਇਆ ਸੀ |
22.ਜਦੋਂ ਅੰਗਰੇਜਾਂ ਨੇ ਪੰਜਾਬ ਉੱਤੇ ਆਪਣਾ ਅਧਿਕਾਰ ਕੀਤਾ ਤਾਂ ਉਸ ਸਮੇਂ ਮਹਾਰਾਜਾ ਦਲੀਪ ਸਿੰਘ ਪੰਜਾਬ ਦਾ ਸ਼ਾਸਕ ਸੀ |
23.29 ਮਾਰਚ 1849 ਈ. ਨੂੰ ਮਹਾਰਾਜਾ ਦਲੀਪ ਸਿੰਘ ਅਤੇ ਕੌਂਸਲ ਆਫ ਰੀਜੈਂਸੀ ਦੇ ਮੈਂਬਰਾਂ ਨੂੰ ਅੰਗਰੇਜਾਂ ਨੇ ਇੱਕ ਸੰਧੀ-ਪੱਤਰ ਉੱਤੇ ਹਸਤਾਖਰ ਕਰਨ ਲਈ ਮਜਬੂਰ ਕਰ ਦਿੱਤਾ | ਉਸ ਸੰਧੀ ਅਨੁਸਾਰ ਮਹਾਰਾਜਾ ਦਲੀਪ ਸਿੰਘ ਨੂੰ ਰਾਜਗੱਦੀ ਤੋਂ ਉਤਾਰ ਦਿੱਤਾ ਗਿਆ | ਅਤੇ ਮਹਾਰਾਜਾ ਦਲੀਪ ਸਿੰਘ ਦੀ ਪੈਨਸ਼ਨ ਲਗਾ ਦਿੱਤੀ ਗਈ | ਬਾਅਦ ਵਿੱਚ ਉਸਨੂੰ ਇੰਗਲੈਂਡ ਭੇਜ ਦਿੱਤਾ ਗਿਆ |
24.ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਨੀ ਜਿੰਦਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ |
25.ਪੰਜਾਬ ਦੇ ਕਬਜ਼ੇ ਤੋਂ ਬਾਅਦ ਹੀ ਕੋਹਿਨੂਰ ਹੀਰਾ ਅੰਗਰੇਜਾਂ ਦੇ ਹੱਥ ਲੱਗਾ ਸੀ ਅਤੇ ਉਸਨੂੰ ਫਟਾਫਟ ਇੰਗਲੈਂਡ ਦੀ ਮਹਾਰਾਣੀ ਕੋਲ ਪਹੁੰਚਾ ਦਿੱਤਾ ਗਿਆ |
26.ਭਾਰਤ ਵਿੱਚ ਪਲਾਸੀ ਦੀ ਲੜਾਈ ਅਤੇ ਬਕਸਰ ਦੀ ਲੜਾਈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਾਸਤੇ ਇੱਕ ਨਿਰਣਾਇਕ ਮੋੜ ਸੀ | ਇਹਨਾਂ ਦੋਹਾਂ ਲੜਾਈਆਂ ਸਦਕਾ ਹੀ ਅੰਗਰੇਜ ਬਾਅਦ ਵਿੱਚ ਸਾਰੇ ਭਾਰਤ ਉੱਤੇ ਕਬਜਾ ਕਰਨ ਵਿੱਚ ਸਫਲ ਹੋਏ |
27.ਅੰਗਰੇਜਾਂ ਨੇ ਭਾਰਤ ਦੇ ਰਾਜਿਆਂ ਦੇ ਵਿਰੁੱਧ ਕੋਈ ਵੀ ਲੜਾਈ ਆਪਣੀ ਬਹਾਦੁਰੀ ਨਾਲ ਨਹੀਂ ਸਗੋਂ ਮੁੱਠੀ ਭਰ ਗੱਦਾਰਾਂ ਦੀ ਮਦਦ ਅਤੇ ਧੋਖਾਧੜੀ ਨਾਲ ਜਿੱਤੀਆਂ ਸਨ |
28.ਭਾਰਤ ਵਿੱਚ ਰਿਸ਼ਵਤਖੋਰੀ ਅੰਗਰੇਜੀ ਸਰਕਾਰ ਦੀ ਹੀ ਦੇਣ ਹੈ |
29.ਇਤਿਹਾਸ ਵਿੱਚ ਪ੍ਰਸਿੱਧ “ਬਲੈਕ ਹੋਲ ਟ੍ਰੈਜਿਡੀ” ਦੀ ਘਟਨਾ ਦਾ ਵਿਵਰਣ ਹਾਲਵੇਲ ਦੀ ਇੱਕ ਚਿੱਠੀ ਤੋਂ ਪਤਾ ਲਗਦਾ ਹੈ | ਪ੍ਰੰਤੂ ਬਹੁਤ ਸਾਰੇ ਇਤਿਹਾਸਕਾਰ ਇਸ ਘਟਨਾ ਨੂੰ ਹਾਲਵੇਲ ਵੱਲੋਂ ਬਣਾਈ ਗਈ ਮਨਘੜੰਤ ਘਟਨਾ ਦਸਦੇ ਹਨ | ਕਿਉਂਕਿ ਸਮਕਾਲੀਨ ਗ੍ਰੰਥਾਂ ਵਿੱਚ ਹੋਰ ਕਿਧਰੇ ਵੀ ਇਸ ਘਟਨਾ ਦਾ ਓੱਲੇਖ ਨਹੀਂ ਮਿਲਦਾ ਹੈ |
30.ਪਲਾਸੀ ਦੀ ਲੜਾਈ ਵਿੱਚ ਜਿੱਤ ਤੋਂ ਬਾਅਦ ਅੰਗ੍ਰੇਜੀ ਕੰਪਨੀ ਨੂੰ ਬੰਗਾਲ , ਬਿਹਾਰ ਅਤੇ ਉੜੀਸਾ ਵਿੱਚ ਵਪਾਰ ਕਰਨ ਦੀ ਇਜਾਜ਼ਤ ਮਿਲ ਗਈ |
31.ਪਲਾਸੀ ਦੇ ਯੁੱਧ ਤੋਂ ਬਾਅਦ ਅੰਗਰੇਜਾਂ ਦੀ ਡਚਾਂ ਨਾਲ “ਬੇਦਰਾ” ਦਾ ਯੁੱਧ ਹੋਇਆ ਜਿਸ ਵਿੱਚ ਡਚ ਹਾਰ ਗਏ |


                         __________________________          






ਭਾਰਤ ਦੀ ਯਾਤਰਾ ਕਰਨ ਆਏ ਕੁਝ ਵਿਸ਼ਵ ਪ੍ਰਸਿੱਧ ਯਾਤਰੀ

    
1
ਮੈਗਸਥਨੀਜ਼
ਇਹ ਚੰਦਰਗੁਪਤ ਮੌਰਿਆ ਦੇ ਦਰਬਾਰ ਵਿੱਚ 305 ਈ.ਪੁ. ਵਿੱਚ ਸੈਲਿਉਕਸ ਦਾ ਰਾਜਦੂਤ ਬਣਕੇ ਆਇਆ ਸੀ | ਇਸਨੇ “ ਇੰਡੀਕਾ ” ਨਾਂ ਦੀ ਕਿਤਾਬ ਲਿਖੀ ਹੈ ਜਿਸ ਵਿੱਚ ਉਸ ਸਮੇਂ ਦੀ ਕਾਫੀ ਜਾਣਕਾਰੀ ਪ੍ਰਾਪਤ ਹੁੰਦੀ ਹੈ |
2
ਫਾਹਿਯਾੰਨ
ਇਹ ਇੱਕ ਚੀਨੀ ਯਾਤਰੀ ਸੀ ਜਿਸਨੇ ਭਾਰਤ ਦੀ ਯਾਤਰਾ ਚੰਦਰਗੁਪਤ ਵਿਕ੍ਰਮਾਦਿਤ ਸਮੇਂ ਕੀਤੀ | ਇਸਦੇ ਬਿਰਤਾਂਤ ਤੋਂ ਸਾਨੂੰ ਗੁਪਤ ਕਾਲ ਦੇ ਸਮੇਂ ਦੀ ਕਾਫੀ ਜਾਣਕਾਰੀ ਪ੍ਰਾਪਤ ਹੁੰਦੀ ਹੈ |
3
ਹਿਉਨਸਾੰਗ
ਇਹ ਹਰਸ਼ ਵਰਧਨ ਦੇ ਰਾਜਕਾਲ ਸਮੇਂ ਭਾਰਤ ਵਿੱਚ ਆਇਆ ਸੀ | ਇਹ ਵੀ ਇੱਕ ਪ੍ਰਸਿੱਧ ਚੀਨੀ ਯਾਤਰੀ ਸੀ | ਇਸਦੇ ਸਮੇਂ ਚੌਰ , ਡਾਕੂ ਅਤੇ ਲੁਟੇਰੇ ਬਹੁਤ ਸਨ | ਇਹ ਯਾਤਰੀ ਖੁਦ ਵੀ ਇਹਨਾਂ ਹੱਥੋਂ ਲੁੱਟਿਆ ਗਿਆ ਸੀ , ਜਿਸਦਾ ਵਰਣਨ ਉਹ ਆਪਣੇ ਬਿਰਤਾਂਤ ਵਿੱਚ ਕਰਦਾ ਹੈ | ਹਰਸ਼ਵਰਧਨ ਬਾਰੇ ਉਹ ਦਸਦਾ ਹੈ ਕਿ ਉਹ ਇੱਕ ਬਹੁਤ ਹੀ ਦਾਨੀ ਰਾਜਾ ਸੀ |
4
ਅਲਬਰੂਨੀ
ਇਹ ਇੱਕ ਪ੍ਰਸਿੱਧ ਵਿਦਵਾਨ ਅਤੇ ਲੇਖਕ ਸੀ ਜੋ ਮੁਹੰਮਦ ਗਜ਼ਨਵੀ ਦੇ ਹਮਲੇ ਸਮੇਂ ਉਸਦੇ ਨਾਲ ਹੀ ਭਾਰਤ ਵਿੱਚ ਆਇਆ ਸੀ | ਉਸਨੇ ਇੱਥੇ ਦੇ ਲੋਕਾਂ ਬਾਰੇ ਲਿੱਖਿਆ ਹੈ ਕਿ ਲੋਕਾਂ ਨੂੰ ਆਪਣੇ ਦੇਸ਼ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ | ਜਦੋਂ ਉਹਨਾਂ ਨੂੰ ਲੜੀਵਾਰ ਉਹਨਾਂ ਦੇ ਦੇਸ਼ ਦੇ ਇਤਿਹਾਸ ਬਾਰੇ ਗੱਲ ਕਰੋ ਤਾਂ ਉਹ ਭਿੰਨ-ਭਿੰਨ ਤਰਾਂ ਦੀਆਂ ਕਹਾਣੀਆਂ ਸੁਨਾਉਣ ਲੱਗ ਪੈਂਦੇ ਹਨ | ਉਹ ਇਤਿਹਾਸ ਦੇ ਲੇਖਨ ਬਾਰੇ ਬਿਲਕੁਲ ਅਨਜਾਣ ਹਨ |
5
ਮਾਰਕੋ ਪੋਲੋ
ਇਹ ਇੱਕ ਯੂਰਪੀ ਯਾਤਰੀ ਸੀ ਜੋ ਵੈਨਿਸ ਤੋਂ ਚੱਲ ਕੇ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਗਿਆ ਸੀ | ਚੀਨ ਦੀ ਯਾਤਰਾ ਤੇ ਜਾਂਦੇ ਹੋਏ ਉਹ ਪਹਿਲਾਂ ਭਾਰਤ ਵਿੱਚ ਆਇਆ ਸੀ |ਉਸਨੇ ਦੱਖਣੀ ਭਾਰਤ ਦੇ ਪਾਂਡਿਆ ਰਾਜ ਦੀ ਯਾਤਰਾ ਕੀਤੀ ਸੀ |
6
ਇਬਨਬਤੁਤਾ
ਇਹ ਮੋਰੱਕੋ ਦੇਸ਼ ਤੋਂ ਆਇਆ ਸੀ | ਇਹ ਮੁਹੰਮਦ ਬਿਨ ਤੁਗਲਕ ਦੇ ਸਮੇਂ ਭਾਰਤ ਵਿੱਚ ਆਇਆ ਸੀ |ਇਸਨੇ “ ਰੇਹਲਾ ” ਨਾਮਕ ਕਿਤਾਬ ਲਿਖੀ ਸੀ |
7
ਨਿਕੋਲੋ ਕੋੰਟੀ
ਇਹ ਇਟਲੀ ਦੇਸ਼ ਤੋਂ ਆਇਆ ਸੀ | ਇਸਨੇ ਦੇਵਰਾਏ ਪਹਿਲੇ ਦੇ ਸ਼ਾਸਨਕਾਲ ਵਿੱਚ ਵਿਜੈਨਗਰ ਸਾਮਰਾਜ ਦੀ ਯਾਤਰਾ ਕੀਤੀ ਸੀ | ਇਹ ਰਾਜ ਭਾਰਤ ਦੇ ਦੱਖਣ ਵਿੱਚ ਸਥਿੱਤ ਸੀ |
8
ਵਾਸਕੋਡਿਗਾਮਾ
ਇਹ ਇੱਕ ਪ੍ਰਸਿੱਧ ਨਾਵਿਕ ਸੀ ਜੋ ਪੁਰਤਗਾਲ ਤੋਂ ਭਾਰਤ ਦੀ ਖੋਜ ਕਰਦਾ ਹੋਇਆ ਆਸ਼ਾ ਅੰਤਰੀਪ ਦਾ ਚੱਕਰ ਲਗਾ ਕੇ ਭਾਰਤ ਪੁੱਜਿਆ ਸੀ | ਭਾਰਤ ਦੀ ਖੋਜ ਦਾ ਸਿਹਰਾ ਇਸਦੇ ਸਿਰ ਜਾਂਦਾ ਹੈ ਜਦੋਂ ਕਿ ਤੁਰਕਾਂ ਨੇ ਯੂਰਪੀ ਦੇਸ਼ਾਂ ਦੇ ਵਪਾਰੀਆਂ ਵਾਸਤੇ ਭਾਰਤ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ |


ਭਾਰਤ ਦੀ ਸਭ ਤੋਂ ਪ੍ਰਾਚੀਨ ਸਭਿਅਤਾ - ਸਿੰਧੁ ਘਾਟੀ ਦੀ ਸਭਿਅਤਾ ਬਾਰੇ ਕੁਝ ਰੋਚਕ ਤੱਥ

(1)ਹੜੱਪਾ ਦੀ ਸਭਿਅਤਾ ਨੂੰ ਸਿੰਧੁ ਘਾਟੀ ਦੀ ਸਭਿਅਤਾ ਵੀ ਕਿਹਾ ਜਾਂਦਾ ਹੈ | ਕਿਉਂਕਿ ਇਸਦੇ ਬਹੁਤੇ ਸਥਾਨ ਸਿੰਧੁ ਨਦੀ ਦੇ ਕਿਨਾਰੇ-ਕਿਨਾਰੇ ਵਸੇ ਹੋਏ ਸਨ |

(2)1921-22 ਈ. ਵਿੱਚ ਆਰ.ਡੀ. ਬੈਨਰਜੀ ਅਤੇ ਦਇਆ ਰਾਮ ਸਾਹਨੀ , ਸਰ ਜਾਨ ਮਾਰਸ਼ਲ ਅਤੇ ਮਾਰਟੀਮਰ ਵਹੀਲਰ ਆਦਿ ਦੀਆਂ ਕੋਸ਼ਿਸ਼ਾਂ ਨਾਲ ਸਿੰਧੁ ਘਾਟੀ ਸਭਿਅਤਾ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੀ ਸੀ |

(3)ਇਸ ਤੋਂ ਪਹਿਲਾਂ ਭਾਰਤ ਦੇ ਇਤਿਹਾਸ ਦੀ ਸ਼ੁਰੁਆਤ ਆਰਿਆ ਸਭਿਅਤਾ ਤੋਂ ਹੀ ਸਮਝੀ ਜਾਂਦੀ ਸੀ | ਪਰ ਇਸ ਨਵੀਂ ਖੋਜ ਨੇ ਸਾਰੀਆਂ ਕਲਪਨਾਵਾਂ ਨੂੰ ਇੱਕ ਨਵੀਂ ਅਸਲੀਅਤ ਬਾਰੇ ਜਾਣੂੰ ਕਰਵਾਇਆ |

(4)ਇਸ ਸਭਿਅਤਾ ਦਾ ਵਿਕਾਸ ਸਮੁਚੇ ਸਿੰਧੁ ਨਦੀ ਪ੍ਰਣਾਲੀ ਖੇਤਰ ਵਿੱਚ ਹੋਇਆ ਸੀ | ਪਰ ਇਹਨਾਂ ਨੇ ਉੱਤਰ ਪ੍ਰਦੇਸ਼ ਦੇ ਆਲਮਗੀਰ ਤੋਂ ਅੱਗੇ ਪੈਰ ਨਹੀਂ ਪਸਾਰੇ ਸਨ |

(5)ਸਿੰਧੁ ਘਾਟੀ ਦਾ ਸਮਾਂ ਕਾਲ ਕਾਰਬਨ ਡੇਟਿੰਗ ਪ੍ਰੋਸੈਸ ਅਨੁਸਾਰ 2750 ਈ.ਪੁ. ਤੋਂ ਲੈ ਕੇ 1750 ਈ.ਪੁ. ਤੱਕ ਦਾ ਮੰਨਿਆਂ ਜਾਂਦਾ ਹੈ |

(6)ਭਾਵੇ ਹੁਣ ਤੱਕ ਬਹੁਤ ਸਾਰੇ ਸਹਿਰ ਅਤੇ ਹੋਰ ਇਲਾਕੇ ਖੋਜੇ ਜਾ ਚੁੱਕੇ ਹਨ | ਪਰ ਫਿਰ ਵੀ ਹੜੱਪਾ ਅਤੇ ਮੋਹਨਜੋਦਾੜੋ ( ਸ਼ਬਦੀ ਅਰਥ ਹਨ – ਮੁਰਦਿਆਂ ਦਾ ਟਿੱਲਾ ) ਇਸ ਸਭਿਅਤਾ ਦੇ ਮੁੱਖ ਵੱਡੇ ਸ਼ਹਿਰ ਹਨ |

(7)ਹੜ੍ਹੱਪਾ ਦਾ ਕਿਲ੍ਹਾ ਆਇਤਾਕਾਰ ਸ਼ਕਲ ਵਿੱਚ ਹੈ ਜੋ 460 ਯਾਰਡ ਲੰਬਾ ( ਉੱਤਰ-ਦੱਖਣ ) ਅਤੇ 215 ਯਾਰਡ ਚੋੜਾ ( ਪੁਰਬ-ਪੱਛਮ ) ਹੈ ਅਤੇ 15-17 ਯਾਰਡ ਉੱਚਾ ਹੈ |

(8)ਸਿੰਧੁ ਘਾਟੀ ਸਭਿਅਤਾ ਦੀ ਲਿਪੀ ਤਸਵੀਰੀ ( ਪਿਕਟੋਰਿਅਲ ) ਸੀ ਜਿਸ ਵਿੱਚ 600 ਤੋਂ ਵੱਧ ਤਸਵੀਰੀ-ਸ਼ਬਦਾਂ ਅਤੇ 60 ਅਸਲੀ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ | ਇਹ ਭਾਸ਼ਾ ਹਾਲੇ ਤੱਕ ਵੀ ਪੜ੍ਹੀ ਨਹੀਂ ਜਾ ਸਕੀ ਹੈ |

(9)ਚੰਨੂਦਾੜੋੰ ਵਿੱਚ ਕੋਈ ਵੀ ਕਿਲ੍ਹਾ ਨਹੀਂ ਮਿਲਿਆ ਹੈ |

(10)ਬਹੁਤ ਸਾਰੇ ਪ੍ਰਸਿੱਧ ਸਥਾਨ ਜਿਵੇਂ _ ਨਾਲ , ਡਾਬਰਕੋਟ , ਰਾਖੀਗੜੀ , ਬਨਵਾਲੀ , ਰੰਗਪੁਰ , ਲੋਥਲ , ਅਮਰੀ , ਦਿਪਲਾਬਾਗ , ਕਵੇਟਾ ਅਤੇ ਹੋਰ ਬਹੁਤ ਸਾਰੀਆਂ ਅਜਿਹੀਆਂ ਪ੍ਰਸਿੱਧ ਇਤਿਹਾਸਿਕ ਜਗ੍ਹਾ ਹਨ ਜਿੱਥੇ ਸਿੰਧੁ ਘਾਟੀ ਸਭਿਅਤਾ ਦੇ ਹੀ ਨਹੀਂ ਸਗੋਂ ਉਸਤੋਂ ਵੀ ਪਹਿਲਾਂ ਦੇ ਅਵਸ਼ੇਸ਼ ਮਿਲ੍ਹੇ ਹਨ |

(11)ਰਾਜਸਥਾਨ ਵਿੱਚ ਸਿੰਧੁ ਘਾਟੀ ਸਭਿਅਤਾ ਦਾ ਸ਼ਹਿਰ ਕਾਲੀਬੰਗਨ ਹੈ | ਇੱਥੇ ਵੀ ਸਿੰਧੁ ਘਾਟੀ ਅਤੇ ਉਸਤੋਂ ਪਹਿਲਾਂ ਦੀਆਂ ਇਤਿਹਾਸਿਕ ਤਹਿਆਂ ਮਿਲਦੀਆਂ ਹਨ | ਇਥੋਂ ਕਾਲੇ ਰੰਗ ਦੀਆਂ ਵੰਗਾਂ ਮਿਲੀਆਂ ਸਨ | ਕਿਲ੍ਹੇ ਅਤੇ ਸ਼ਹਿਰ ਦੇ ਚਾਰੇ ਪਾਸੇ ਦੀਵਾਰਾਂ ਮਿਲਦੀਆਂ ਹਨ | ਇਥੇ ਬੀ.ਕੇ. ਥਾਪਰ ਦੀ ਦੇਖ ਰੇਖ ਵਿੱਚ 1961 ਈ. ਵਿੱਚ ਖੁਦਾਈ ਦਾ ਕੰਮ ਕੀਤਾ ਗਿਆ ਸੀ |

(12)ਲੋਥਲ ਸਿੰਧੁ ਘਾਟੀ ਦੇ ਸਮੇਂ ਦੀ ਪ੍ਰਸਿੱਧ ਬੰਦਰਗਾਹ ਸੀ ਜੋ ਗੁਜਰਾਤ ਦੇ ਤੱਟ ਤੇ ਮਿਲੀ ਹੈ | ਇਸ ਬੰਦਰਗਾਹ ਤੋਂ ਸਾਨੂੰ ਸਿੰਧੁ ਘਾਟੀ ਦੇ ਲੋਕਾਂ ਦੇ ਪਛਮੀ ਸਭਿਅਤਾਵਾਂ ਦੇ ਨਾਲ ਵਪਾਰਕ ਰਿਸ਼ਤੇ ਹੋਣ ਦੇ ਸਬੂਤ ਮਿਲਦੇ ਹਨ | ਇਥੋਂ ਦੇ ਲੋਕ ਚਾਵਲ ਦਾ ਪ੍ਰਯੋਗ ਕਰਦੇ ਸਨ |

(13)ਯੂਨਾਨੀ ਲੋਕਾਂ ਨੇ ਸਿੰਧੁ ਨੂੰ ਸੇਡੋਨ ਦੇ ਨਾਂ ਨਾਲ ਪੁਕਾਰਿਆ ਸੀ | ਉਹਨਾਂ ਜਰੀਏ ਸਾਨੂੰ ਇੱਥੇ ਕਪਾਹ ਦੀ ਖੇਤੀ ਹੋਣ ਬਾਰੇ ਪਤਾ ਲਗਦਾ ਹੈ |

(14)ਕੁੱਤਾ ਅਤੇ ਬਿੱਲੀ ਘਰਾਂ ਵਿੱਚ ਆਮ ਹੀ ਪਾਲੇ ਜਾਂਦੇ ਸਨ | ਪਰ ਸਾਰੀ ਖੁਦਾਈ ਦੌਰਾਨ ਕਿਧਰੇ ਵੀ ਘੋੜੇ ਦੀ ਉਪਸਥਿਤੀ ਦਾ ਪਤਾ ਨਹੀਂ ਲਗਦਾ ਹੈ | ਇਹ ਕੇਵਲ ਸਰਕੋਤਦਾ ਵਿਖੇ ਹੀ ਪਾਇਆ ਗਿਆ ਹੈ |

(15)ਹੜੱਪਾ ਸੰਸਕ੍ਰਿਤੀ ਦੇ ਭਾਰ ਤੋਲਕ 16 ਦੇ ਗੁਣਕ ਵਿੱਚ ਹੁੰਦੇ ਸਨ |

(16)ਤਾਂਬੇ ਅਤੇ ਕਾੱਪਰ ਦੇ ਬਹੁਤ ਸਾਰੇ ਤਾਵੀਜ ਮਿਲ੍ਹੇ ਹਨ ਜੋ ਉਹਨਾਂ ਦੇ ਅੰਧਵਿਸ਼ਵਾਸ ਬਾਰੇ ਇਸ਼ਾਰਾ ਕਰਦੇ ਹਨ |

(17)ਉਹ ਲੋਕ ਦੇਵੀ ਮਾਤਾ ਅਤੇ ਪਸ਼ੁਪਤੀ ਦੀ ਪੂਜਾ ਕਰਦੇ ਸਨ | ਇਹ ਲੋਕ ਜਾਦੂ ਟੂਣਿਆਂ ਵਿੱਚ ਬਹੁਤ ਵਿਸ਼ਵਾਸ ਰਖਦੇ ਸਨ |

(18)ਉਹਨਾਂ ਨੂੰ ਲੋਹੇ ਦਾ ਵੀ ਕੋਈ ਗਿਆਨ ਨਹੀਂ ਸੀ | ਕੇਵਲ ਤਾਂਬੇ ਅਤੇ ਕਾਪਰ ਬਾਰੇ ਜਾਣਕਾਰੀ ਸੀ | ਕਾਪਰ ਰਾਜਸਥਾਨ ਦੀ ਖੇਤਰੀ ਇਲਾਕੇ ਤੋਂ ਮਿਲਦਾ ਹੋਵੇਗਾ |

(19)ਉਹਨਾਂ ਦਾ ਸਭ ਤੋਂ ਪ੍ਰਸਿੱਧ ਮਹੱਤਵ ਉਹਨਾਂ ਦੀ ਨਗਰ ਯੋਜਨਾ ਵਿੱਚ ਸੀ | ਗਲੀਆਂ ਅਤੇ ਸੜ੍ਹਕਾਂ ਇੱਕ ਦੂਜੇ ਨੂੰ ਨੱਬੇ ਡਿਗਰੀ ਦੇ ਕੋਣ ਤੇ ਕੱਟਦੀਆਂ ਸਨ ਅਤੇ ਅੱਜ ਦੇ ਚੰਡੀਗੜ੍ਹ ਵਰਗੇ ਨਕਸ਼ੇ ਦੀ ਯਾਦ ਤਾਜਾ ਕਰਵਾਉਂਦੀਆਂ ਹਨ |

(20)ਇਸ ਸਮੇਂ ਸਿੰਧੁ ਘਾਟੀ ਸਭਿਅਤਾ ਦੇ ਬਹੁਤੇ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਹਨ |

(21)ਪੁਰਬ ਵਿੱਚ ਆਲਮਗੀਰ ਦਖਣੀ ਹਿੱਸੇ ਵਿੱਚ ਗੁਜਰਾਤ ਅਤੇ ਉੱਤਰ ਵਿੱਚ ਕਸ਼ਮੀਰ ਤੱਕ ਅਤੇ ਪੱਛਮ ਵਿੱਚ ਇਰਾਨ ਦੇ ਨਾਲ ਲਗਦੀ ਹੱਦ ਤੱਕ ਇਸ ਸਭਿਅਤਾ ਦਾ ਵਿਕਾਸ ਸੀ |

(22)ਹੜੱਪਾ ਵਿੱਚ ਇੱਕ ਵਿਸ਼ਾਲ ਇਸ਼ਨਾਨ ਘਰ ਮਿਲਿਆ ਹੈ ਅਤੇ ਅਨਾਜ ਦੇ ਗੋਦਾਮ ਮਿਲੇ ਹਨ | ਇਹ ਸ਼ਹਿਰ ਰਾਵੀ ਨਦੀ ਦੇ ਕੰਡੇ ਤੇ ਸਥਿੱਤ ਹੈ |

(23)ਮੋਹਨਜੋਦਾੜੋ ਪਾਕਿਸਤਾਨ ਦੇ ਸਿੰਧੁ ਪ੍ਰਾਂਤ ਦੇ ਲਾੜਕਾਨਾ ਜਿਲ੍ਹੇ ਵਿੱਚ ਸਥਿੱਤ ਹੈ | ਖੁਦਾਈ ਦੌਰਾਨ ਪਾਈਆਂ ਗਈਆਂ ਪਰਤਾਂ ਤੋਂ ਪਤਾ ਲਗਦਾ ਹੈ ਕਿ ਇਹ ਸ਼ਹਿਰ ਲਗਭਗ ਸੱਤ ਵਾਰੀ ਵੱਸਿਆ ਅਤੇ ਉੱਜੜਿਆ ਸੀ |

(24)ਇਹ ਲੋਕ ਲੜਾਕੇ ਨਹੀਂ ਸਨ ਬਲਕਿ ਵਪਾਰੀ ਲੋਕ ਸਨ ਅਤੇ ਸ਼ਾਂਤੀ ਨਾਲ ਰਹਿਣਾ ਪਸੰਦ ਕਰਦੇ ਸਨ |

(25)ਇਸ ਸਭਿਅਤਾ ਦੇ ਅੰਤ ਬਾਰੇ ਭੂਚਾਲ , ਹੜ੍ਹ ਆਉਣ ਜਾਂ ਆਰਿਆ ਲੋਕਾਂ ਨਾਲ ਯੁੱਧ , ਸੋਕਾ ਪੈ ਜਾਣ ਆਦਿ ਬਾਰੇ ਇਤਿਹਾਸਕਾਰਾਂ ਵੱਲੋਂ ਆਪਣੇ-ਆਪਣੇ ਵਿਚਾਰ ਦਿੱਤੇ ਜਾਂਦੇ ਹਨ |



_____________________________________________







ਗਦਰ ਤੋਂ ਪਹਿਲਾਂ ਲਾਲਾ ਹਰਦਿਆਲ ਜੀ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ

ਲਾਲਾ ਹਰਦਿਆਲ ਜਿਹਨਾਂ ਦਿਨਾਂ ਵਿੱਚ ਆਕਸਫੋਰਡ ਵਿੱਚ ਪੜ੍ਹ ਰਹੇ ਸਨ ਉਹਨੀਂ ਦਿਨੀਂ ਦਾਦਾ ਭਾਈ ਨੌਰੋਜੀ ਇੰਗਲੈਂਡ ਵਿੱਚ “ਇੰਡੀਅਨ ਐਸੋਸੀਏਸ਼ਨ” ਨਾਂ ਦੀ ਇੱਕ ਸੰਸਥਾ ਚਲਾ ਰਹੇ ਸਨ | ਇੰਗਲੈਂਡ ਵਿੱਚ ਪੜ੍ਹਨ ਵਾਲੇ ਸਾਰੇ ਭਾਰਤੀ ਵਿਦਿਆਰਥੀ ਇਸ ਐਸੋਸੀਏਸ਼ਨ ਦੀ ਬੈਠਕਾਂ ਵਿੱਚ ਭਾਗ ਲਿਆ ਕਰਦੇ ਸਨ | ਸਨ 1905 ਈ. ਵਿੱਚ ਜਦੋਂ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕਰ ਦਿੱਤੀ ਤਾਂ ਉਸ ਵੰਡ ਦੇ ਵਿਰੋਧ ਵਿੱਚ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਜੋਰਾਂ ਤੇ ਚੱਲ ਪਿਆ | ਉਸ ਸਮੇਂ ਲਾਲਾ ਹਰਦਿਆਲ ਅੰਗਰੇਜਾਂ ਦੇ ਅਤਿਆਚਾਰਾਂ ਬਾਰੇ ਖਬਰਾਂ ਇੰਗਲੈਂਡ ਵਿੱਚ ਰਹਿੰਦੇ ਹੋਏ ਪੜ੍ਹਦੇ ਤਾਂ ਉਹਨਾਂ ਦਾ ਖੂਨ ਖੋਲਣ ਲੱਗ ਪੈਂਦਾ ਸੀ | ਉਹਨੀਂ ਦਿਨੀ ਲਾਲਾ ਲਾਜਪਤ ਰਾਏ ਅਤੇ ਸਰਦਾਰ ਅਜੀਤ ਸਿੰਘ ਦੇ ਦੇਸ਼ ਨਿਕਾਲੇ ਦੀ ਖਬਰ ਸੁਣਕੇ ਉਹ ਗੁੱਸੇ ਨਾਲ ਭਰ ਗਏ | ਉਹਨਾਂ ਨੂੰ ਅੰਗ੍ਰੇਜੀ ਸ਼ਾਸਨ ਨਾਲ ਪੂਰੀ ਤਰਾਂ ਨਫ਼ਰਤ ਹੋਣ ਲੱਗ ਪਈ | ਉਹਨਾਂ ਨੇ ਪੜ੍ਹਾਈ ਛੱਡ ਦਿੱਤੀ ਅਤੇ ਅੰਗ੍ਰੇਜੀ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਵਜੀਫਾ ਵੀ ਲੈਣ ਤੋਂ ਇਨਕਾਰ ਕਰ ਦਿੱਤਾ | ਉਹਨਾਂ ਦੀ ਲਿਆਕਤ ਅਤੇ ਯੋਗਤਾ ਨੂੰ ਦੇਖਦੇ ਹੋਏ ਉਹਨਾਂ ਦੇ ਕਈ ਅੰਗਰੇਜ ਮਿੱਤਰਾਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵਜੀਫਾ ਭਾਵੇਂ ਨਾ ਲਵੋ ਪਰ ਪੜ੍ਹਾਈ ਨਾ ਛੱਡੋ | ਤੁਹਾਡੀ ਪੜ੍ਹਾਈ ਦਾ ਸਾਰਾ ਖਰਚ ਅਸੀਂ ਚੁੱਕਾਂਗੇ | ਪਰ ਲਾਲਾ ਹਰਦਿਆਲ ਆਪਣੇ ਇਰਾਦੇ ਦੇ ਪੱਕੇ ਰਹੇ | ਇਹਨਾਂ ਦਿਨ੍ਹਾਂ ਵਿੱਚ ਲੰਦਨ ਵਿੱਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੁਆਰਾ ਸਥਾਪਤ “ ਇੰਡੀਆ ਹਾਉਸ ” ਭਾਰਤ ਦੇ ਕ੍ਰਾਂਤੀਕਾਰੀਆ ਦਾ ਅੱਡਾ ਸੀ | ਭਾਈ ਪਰਮਾਨੰਦ ਅਤੇ ਵੀਰ ਸਾਵਰਕਰ ਜਿਹੇ ਕ੍ਰਾਂਤੀਕਾਰੀ ਵੀ ਉੱਥੇ ਆ ਕੇ ਆਪਸ ਵਿੱਚ ਮਿਲਿਆ ਕਰਦੇ ਸਨ | 10 ਮਈ , 1907 ਈ. ਨੂੰ ਉੱਥੇ “1857 ਦਾ ਗਦਰ ਦਿਵਸ ” ਮਨਾਇਆ ਗਿਆ , ਜਿਸ ਵਿੱਚ ਭਾਰਤ ਦਾ ਝੰਡਾ ਵੀ ਫਹਿਰਾਇਆ ਗਿਆ | ਉਸ ਵਿੱਚ ਲਾਲਾ ਹਰਦਿਆਲ ਵੀ ਸ਼ਾਮਿਲ ਹੋਏ ਸਨ | ਹੋਲ੍ਹੀ-ਹੋਲ੍ਹੀ ਉਹ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਵੱਧ-ਚੜ੍ਹਕੇ ਹਿੱਸਾ ਲੈਣ ਲੱਗ ਪਏ | ਜਦੋਂ ਇੰਡੀਆ ਹਾਉਸ ਵਿੱਚ ਲਾਲਾ ਹਰਦਿਆਲ ਦੀ ਮੁਲਾਕਾਤ ਸਾਵਰਕਰ ਨਾਲ ਹੋਈ ਤਾਂ ਉਹ ਦੋਵੇਂ ਇੱਕ ਦੂਸਰੇ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਉਹਨਾਂ ਵਿੱਚ ਮਿੱਤਰਤਾ ਵੱਧ ਗਈ |
ਜਦੋਂ ਲਾਲਾ ਹਰਦਿਆਲ ਨੇ ਵਜੀਫਾ ਠੁਕਰਾਇਆ ਸੀ ਤਾਂ ਉਸੇ ਦਿਨ ਤੋਂ ਉਹ ਅੰਗ੍ਰੇਜੀ ਸਰਕਾਰ ਦੀਆਂ ਨਜ਼ਰਾਂ ਵਿੱਚ ਆ ਗਏ ਸਨ | ਉਹਨਾਂ ਉੱਤੇ ਸਰਕਾਰ ਦੀ ਤਿੱਖੀ ਨਜ਼ਰ ਰਹਿਣ ਲੱਗੀ | ਇਸਤੋਂ ਬਾਅਦ ਉਹ ਭਾਰਤ ਵਾਪਿਸ ਪਰਤ ਆਏ | ਭਾਰਤ ਆ ਕੇ ਉਹ ਪੂਨਾ ਵਿੱਚ ਜਾ ਕੇ ਬਾਲ ਗੰਗਾਧਰ ਤਿਲਕ ਨੂੰ ਮਿਲੇ | ਤਿਲਕ ਦੀ ਸਲਾਹ ਤੇ ਉਹਨਾਂ ਨੇ ਲਾਹੌਰ ਵਿੱਚ ਇੱਕ ਆਸ਼ਰਮ ਦੀ ਸਥਾਪਨਾ ਕੀਤੀ | ਲਾਹੌਰ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਗੋਪਾਲ ਕ੍ਰਿਸ਼ਨ ਗੋਖਲੇ ਵੀ ਆ ਕੇ ਮਿਲੇ ਅਤੇ ਉਹਨਾਂ ਨੂੰ “ ਸਰਵੈਂਟ ਆਫ ਇੰਡੀਆ ਸੋਸਾਇਟੀ ” ਨਾਲ ਜੁੜ੍ਹਣ ਦਾ ਸੁਝਾਉ ਦਿੱਤਾ | ਪਰ ਲਾਲਾ ਜੀ ਨੇ ਇਹ ਸੁਝਾਉ ਨਹੀਂ ਮੰਨਿਆਂ | ਲਾਹੌਰ ਵਿੱਚ ਉਹ “ ਮਾਡਰਨ ਰਵਿਊ ” ਵਿੱਚ ਆਪਣੇ ਲੇਖ ਲਿੱਖ ਕੇ ਭਾਰਤੀ ਜਨਤਾ ਨੂੰ ਜਾਗ੍ਰਤ ਕਰਨ ਦਾ ਕੰਮ ਕਰਦੇ ਰਹੇ | ਸਨ 1908 ਈ. ਵਿੱਚ ਜਦੋਂ ਖੁਦੀਰਾਮ ਬੋਸ ਨੂੰ ਫਾਂਸੀ ਦਿੱਤੀ ਗਈ ਤਾਂ ਲਾਲਾ ਜੀ ਨੂੰ ਬਹੁਤ ਦੁੱਖ ਹੋਇਆ | ਉਹਨਾਂ ਨੇ “ ਮਾਡਰਨ ਰਵਿਊ ” ਵਿੱਚ ਖੁਦੀਰਾਮ ਬੋਸ ਦੀ ਬਹਾਦੁਰੀ ਅਤੇ ਦੇਸ਼ਭਗਤੀ ਦੀ ਪ੍ਰਸ਼ੰਸਾ ਕੀਤੀ | ਉਸ ਤੋਂ ਕੁਝ ਸਮੇਂ ਬਾਅਦ ਬਾਲ ਗੰਗਾਧਰ ਤਿਲਕ ਉੱਤੇ ਵੀ ਰਾਜਦ੍ਰੋਹ ਦਾ ਮੁੱਕਦਮਾ ਚਲਾ ਕੇ ਉਹਨਾਂ ਨੂੰ ਛੇ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ | “ ਮਾਡਰਨ ਰਵਿਊ ” ਵਿੱਚ ਲਾਲਾ ਜੀ ਅੰਗਰੇਜ ਸਰਕਾਰ ਦਾ ਖੁੱਲਕੇ ਵਿਰੋਧ ਕਰਦੇ | ਇਸਤੇ ਸਰਕਾਰ ਉਹਨਾਂ ਨੂੰ ਵੀ ਗਿਰਫਤਾਰ ਕਰਨ ਦੀਆਂ ਯੋਜਨਾਂਵਾਂ ਬਨਾਉਣ ਲੱਗੀ | ਇੱਕ ਦਿਨ ਲਾਲਾ ਲਾਜਪਤ ਰਾਏ ਨੇ ਲਾਲਾ ਹਰਦਿਆਲ ਨੂੰ ਆਪਣੇ ਕੋਲ ਬੁਲਾਕੇ ਕਿਹਾ ਕਿ ,” ਤੁਹਾਨੂੰ ਜਲਦੀ ਹੀ ਗਿਰਫਤਾਰ ਕਰ ਲਿਆ ਜਾਵੇਗਾ | ਮੇਰੀ ਰਾਏ ਹੈ ਕਿ ਤੁਸੀਂ ਹਿੰਦੁਸਤਾਨ ਤੋਂ ਬਾਹਰ ਚਲ੍ਹੇ ਜਾਓ |”
ਲਾਲਾ ਹਰਦਿਆਲ ਨੇ ਆਪਣੇ ਲਾਹੌਰ ਵਾਲੇ ਆਸ਼ਰਮ ਦਾ ਕੰਮ ਮਾਸਟਰ ਅਮੀਰ ਚੰਦ ਨੂੰ ਸੌਂਪ ਕੇ ਆਸ਼ਰਮ ਦੇ ਕੰਮ ਵੱਲੋਂ ਨਿਸ਼ਚਿੰਤ ਹੋ ਗਏ | ਉਸਤੋਂ ਬਾਅਦ ਪਹਿਲੇ ਉਹ ਕੋਲੰਬੋ ਗਏ , ਫਿਰ ਇਟਲੀ ਅਤੇ ਉਸਤੋਂ ਬਾਅਦ ਪੈਰਿਸ ਵਿੱਚ ਜਾ ਪਹੁੰਚੇ | ਪੈਰਿਸ ਵਿੱਚ ਉਹ ਕ੍ਰਾਂਤੀਕਾਰੀਆਂ ਦੇ ਅਖਬਾਰ “ ਵੰਦੇ ਮਾਤਰਮ ” ਦਾ ਸੰਪਾਦਨ ਕਰਨ ਲੱਗੇ | ਪੈਰਿਸ ਤੋਂ ਬਾਅਦ ਲਾਲਾ ਜੀ ਨੇ ਯੂਰਪ ਅਤੇ ਹੋਰ ਕਈ ਦੇਸ਼ਾਂ ਦੀ ਵੀ ਯਾਤਰਾ ਕੀਤੀ | ਕੁਝ ਦਿਨ੍ਹਾਂ ਲਈ ਉਹ ਇਕਾਂਤ ਜੀਵਨ ਬਤੀਤ ਕਰਨ ਲਈ ਲਾਮਾਰਟਿਨ ਦੀਪ ਵਿੱਚ ਵੀ ਰਹੇ ਸਨ | ਉਹਨਾਂ ਦਿਨ੍ਹਾਂ ਵਿੱਚ ਭਾਈ ਪਰਮਾਨੰਦ ਵੀ ਲਾਮਾਰਟਿਨ ਵਿੱਚ ਹੀ ਸਨ | ਉੱਥੇ ਦੋਹਾਂ ਦੀ ਸੰਜੋਗ ਨਾਲ ਮੁਲਾਕਾਤ ਹੋਈ | ਉਹਨਾਂ ਦੀ ਸਲਾਹ ਤੇ ਲਾਲਾ ਜੀ ਹੋਨੋਲੂਲੁ ਵੀ ਗਏ | ਬਾਅਦ ਵਿੱਚ ਭਾਈ ਪਰਮਾਨੰਦ ਕੈਲੀਫ਼ੋਰਨਿਆ ਚਲੇ ਗਏ ਅਤੇ ਲਾਲਾ ਜੀ ਨੂੰ ਵੀ ਆਪਣੇ ਕੋਲ ਹੀ ਬੁਲਾ ਲਿਆ | ਕੈਲੀਫ਼ੋਰਨਿਆ ਵਿੱਚ ਬਹੁਤ ਸਾਰੇ ਪੰਜਾਬੀ  ਸਿੱਖ ਵੀ ਰਹਿੰਦੇ ਸਨ | ਲਾਲਾ ਹਰਦਿਆਲ ਅਤੇ ਭਾਈ ਪਰਮਾਨੰਦ ਨੇ ਉਹਨਾਂ ਨੂੰ ਪਹਿਲਾਂ ਸੰਗਠਿਤ ਕੀਤਾ | ਇਸ ਸੰਗਠਨ ਰਾਹੀਂ ਕੁਝ ਪੈਸਾ ਇੱਕਠਾ ਕੀਤਾ ਗਿਆ ਅਤੇ ਉਸਦੇ ਬਾਅਦ ਭਾਰਤੀ ਵਿਦਿਅਰਥੀਆਂ ਨੂੰ ਕੈਲੀਫ਼ੋਰਨਿਆ ਬੁਲਾਉਣ ਦੀ ਵਿਵਸਥਾ ਕੀਤੀ ਗਈ | ਲਾਲਾ ਜੀ ਆਪਣੇ ਭਾਸ਼ਣਾਂ ਰਾਹੀਂ ਪ੍ਰਚਾਰ ਕਰਦੇ ਅਤੇ ਨਾਲ ਹੀ ਅਮਰੀਕੀ ਅਖਬਾਰਾਂ ਵਿੱਚ ਵੀ ਲੇਖ ਲਿਖਦੇ | ਆਪਣੀਆਂ ਗਤੀਵਿਧੀਆਂ ਕਾਰਨ ਉਹ ਅਮਰੀਕਾ ਵਿੱਚ ਕਾਫੀ ਚਰਚਿਤ ਹੋ ਗਏ ਸਨ | ਲਾਲਾ ਜੀ ਦੀ ਲਿਆਕਤ ਕਾਰਨ ਹੀ ਉਹਨਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦਾ ਪਦ ਮਿਲ ਗਿਆ ਸੀ | ਉੱਥੇ ਉਹ ਭਾਰਤੀ ਸੰਸਕ੍ਰਿਤੀ ਪੜ੍ਹਾਉਂਦੇ ਸਨ | ਇਸ ਕੰਮ ਲਈ ਉਹ ਕੋਈ ਵੇਤਨ ਨਹੀਂ ਸਨ ਲੈਂਦੇ | ਅਮਰੀਕਾ ਵਿੱਚ ਲਾਲਾ ਜੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧਦੀ ਦੇਖ ਕੇ ਅੰਗਰੇਜ ਸਰਕਾਰ ਚਿੰਤਾ ਵਿੱਚ ਪੈ ਗਈ | ਅਤੇ ਸਰਕਾਰੀ ਗੁਪਤਚਰ ਲਗਾਤਾਰ ਉਹਨਾਂ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਲੱਗੇ | ਸਟੀਲ ਨਾਂ ਦੇ ਇੱਕ ਗੁਪਤਚਰ ਨੇ ਲਾਲਾ ਜੀ ਦੇ ਸਬੰਧ ਵਿੱਚ ਇੱਕ ਰਿਪੋਰਟ ਤਿਆਰ ਕਰਕੇ ਅੰਗਰੇਜ ਸਰਕਾਰ ਦੇ ਕੋਲ ਭੇਜ ਦਿੱਤੀ | ਇਸ ਵਿੱਚ ਉਸਨੇ ਲਿਖਿਆ ਕਿ – “ ਲਾਲਾ ਹਰਦਿਆਲ ਅਰਾਜਕਤਾ ਅਤੇ ਵਿਦਰੋਹ ਨੂੰ ਉਕਸਾ ਰਿਹਾ ਹੈ ਅਤੇ ਉਹ ਅਮਰੀਕੀ ਜਨਤਾ ਵਿੱਚ ਅੰਗ੍ਰੇਜੀ ਸ਼ਾਸਨ ਦੇ ਵਿਰੁਧ ਅਤੇ ਭਾਰਤ ਦੀ ਆਜ਼ਾਦੀ ਦੇ ਪੱਖ ਵਿੱਚ ਪ੍ਰਚਾਰ ਕਰ ਰਿਹਾ ਹੈ | ” ਸੈਨਫ੍ਰਾਂਸਿਸਕੋ ਵਿੱਚ ਰਹਿੰਦੇ ਹੋਏ ਹੀ ਲਾਲਾ ਹਰਦਿਆਲ ਨੇ “ ਗਦਰ ” ਨਾਂ ਦਾ ਇੱਕ ਹਫਤਾਵਾਰ ਅਖਬਾਰ ਕਢਿਆ | ਅਮਰੀਕਾ ਤੋਂ ਦੇਸ਼ੀ ਭਾਸ਼ਾ ਵਿੱਚ ਨਿਕਲਣ ਵਾਲਾ ਇਹ ਪਹਿਲਾ ਅਖਬਾਰ ਸੀ |

                            _________________________________     




ਗਦਰ ਪਾਰਟੀ ਦੇ ਕ੍ਰਾਂਤੀਕਾਰੀ ਅਤੇ ਉਹਨਾਂ ਦਾ ਹਥਿਆਰਬੰਦ ਅੰਦੋਲਨ

ਬ੍ਰਿਟਿਸ਼ ਰਾਜ ਦੌਰਾਨ ਭਾਰਤ ਤੋਂ ਬਹੁਤ ਸਾਰੇ ਲੋਕ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਅਤੇ ਕੈਨੇਡਾ ਆਦਿ ਦੇਸ਼ਾਂ ਵਿੱਚ ਗਏ ਹੋਏ ਸਨ | ਪਰ ਉਥੋਂ ਦੇ ਹਾਲਾਤ ਅਜਿਹੇ ਸਨ ਕਿ ਭਾਰਤੀ ਮਜ਼ਦੂਰ ਹਰ ਪਾਸਿਓਂ ਸ਼ੋਸ਼ਿਤ ਹੋ ਰਹੇ ਸਨ ਅਤੇ ਉਹਨਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ | ਕਿਉਂਕਿ ਉਹ ਇੱਕ ਗੁਲਾਮ ਦੇਸ਼ ਦੇ ਨਿਵਾਸੀ ਸਨ | ਭਾਵੇਂ ਅਮਰੀਕਾ ਵਿੱਚ ਕਾਫੀ ਸਮੇਂ ਤੋਂ ਰਹਿ ਰਹੇ ਕੁਝ ਲੋਕ ਬਹੁਤ ਅਮੀਰ ਵੀ ਹੋ ਗਏ ਸਨ ਪਰ ਫਿਰ ਵੀ ਅਮਰੀਕਨ ਲੋਕ ਉਹਨਾਂ ਨੂੰ ਨਫ਼ਰਤ ਹੀ ਕਰਦੇ ਸਨ | ਚਾਹੇ ਰੇਲ ਗੱਡੀ ਹੋਵੇ, ਹੋਟਲ ਹੋਵੇ , ਪਾਰਕ ਜਾਂ ਫਿਰ ਥਿਏਟਰ ਹੋਣ ਉਹਨਾਂ ਨੂੰ ਰੰਗ-ਭੇਦ ਦੀ ਨੀਤੀ ਦਾ ਸਾਹਮਣਾ ਕਰਨਾ ਪੈਂਦਾ ਸੀ | ਅਜਿਹੀਆਂ ਭੇਦਭਾਵਪੂਰਨ  ਗੱਲਾਂ ਨੇ ਭਾਰਤੀ ਲੋਕਾਂ ਨੂੰ ਇਹ ਸੋਚਣ ‘ਤੇ ਮਜਬੂਰ ਕਰ ਦਿੱਤਾ ਕਿ ਉਹਨਾਂ ਦਾ ਵਿਦੇਸ਼ਾਂ ਵਿੱਚ ਸਨਮਾਨ ਤਾਂ ਹੀ ਹੋ  ਸਕਦਾ ਹੈ ਜੇਕਰ ਉਹਨਾਂ ਦਾ ਆਪਣਾ ਦੇਸ਼ ਸੁਤੰਤਰ ਹੋਵੇ | ਅਮਰੀਕਾ ਦੇ ਸੁਤੰਤਰਤਾ ਸੰਗ੍ਰਾਮ ਨੇ ਵੀ ਭਾਰਤੀ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕ੍ਰਾਂਤੀਕਾਰੀ ਢੰਗ ਅਪਨਾਉਣ | ਇਸਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਵਿੱਚ ਰਹਿੰਦੇ ਹੋਏ ਆਇਰਲੈੰਡ , ਰੂਸ , ਜਰਮਨੀ ਅਤੇ ਹੋਰ ਵਿਦੇਸ਼ੀ ਲੋਕਾਂ ਦੇ ਸੰਪਰਕ ਵਿੱਚ ਆਉਣ ਕਾਰਨ ਉਹਨਾਂ ਨੂੰ ਵਿਦੇਸ਼ਾਂ ਵਿੱਚ ਹੋ ਰਹੇ ਆਜ਼ਾਦੀ ਘੋਲਾਂ ਬਾਰੇ ਵੀ ਜਾਣਕਾਰੀ ਮਿਲਦੀ ਰਹਿੰਦੀ ਸੀ | ਇਹਨਾਂ ਗੱਲਾਂ ਨਾਲ ਉਹਨਾਂ ਨੂੰ ਭਾਰਤ ਵਿੱਚ ਵੀ ਅਜਿਹੇ ਕ੍ਰਾਂਤੀਕਾਰੀ ਅੰਦੋਲਨ ਚਲਾ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਹੌਂਸਲਾ ਮਿਲਿਆ | ਇਸ ਉਦੇਸ਼ ਨਾਲ ਉਹਨਾਂ ਨੇ ਬਹੁਤ ਸਾਰੇ ਸੰਗਠਨ ਬਨਾਉਣੇ ਸ਼ੁਰੂ ਕਰ ਦਿੱਤੇ ਅਤੇ ਭਾਰਤ ਵਿੱਚੋਂ ਅੰਗਰੇਜਾਂ ਨੂੰ ਕਢਣ ਦੀਆਂ ਸਕੀਮਾਂ ਬਨਾਉਣ ਲੱਗੇ |ਇਸ ਤਰਾਂ 1906 ਈ. ਤੱਕ ਵਿਦੇਸ਼ਾਂ ਵਿੱਚ ਬਹੁਤ ਸਾਰੇ ਰਾਜਨੀਤਕ ਸੰਗਠਨ ਹੋਂਦ ਵਿੱਚ ਆਏ | ਪਰ ਅੰਤ ਵਿੱਚ ਇਹ ਸਾਰੇ ਸੰਗਠਨ ਮਿਲ ਗਏ ਅਤੇ ਇਸਦਾ ਨਾਮ ਗਦਰ ਪਾਰਟੀ ਰੱਖ ਦਿੱਤਾ | ਸ਼ੁਰੂ ਵਿੱਚ ਇਸ ਸੰਗਠਨ ਦਾ ਨਾਮ “ ਅਮਰੀਕਾ ਵਾਲਿਆਂ ਦੀ ਹਿੰਦੀ ਐਸੋਸਿਏਸ਼ਨ ” ਰੱਖਿਆ ਗਿਆ | ਪਰ ਜਦੋਂ ਇਸ  ਐਸੋਸੀਏਸ਼ਨ ਨੇ “ ਗਦਰ ” ਨਾਂ ਨਾਲ ਆਪਣਾ ਇੱਕ ਹਫਤਾਵਾਰ ਅਖਬਾਰ ਕੱਢਿਆ ਤਾਂ ਇਸਦਾ ਨਾਮ ਵੀ ਗਦਰ ਪਾਰਟੀ ਹੀ ਪੈ ਗਿਆ | ਇਸ ਅੰਦੋਲਨ ਦੇ ਪਿੱਛੇ ਲਾਲਾ ਹਰਦਿਆਲ ਦੀ ਮੁੱਖ ਭੂਮਿਕਾ ਰਹੀ | ਇਸ ਅੰਦੋਲਨ ਦੇ ਹੋਰ ਪ੍ਰਮੁੱਖ ਮੈਂਬਰ ਬਾਬਾ ਗੁਰਮੁੱਖ ਸਿੰਘ , ਭਾਈ ਪਰਮਾਨੰਦ , ਬਰਕਤ ਉੱਲਾਹ , ਕਰਤਾਰ ਸਿੰਘ ਸਰਾਭਾ ਅਤੇ ਰਹਿਮਤ ਅਲੀ ਸ਼ਾਹ ਆਦਿ ਸਨ |
ਗਦਰ ਪਾਰਟੀ ਨੇ ਆਪਣਾ ਕੰਮ ਆਪਣੇ ਮੁੱਖ ਦਫਤਰ ਤੋਂ ਕਰਨਾ ਸ਼ੁਰੂ ਕੀਤਾ ਜੋ “ ਯੁਗਾਂਤਰ ਆਸ਼ਰਮ ” ਦੇ ਨਾਮ ਨਾਲ ਪ੍ਰਸਿਧ ਸੀ ਅਤੇ ਜੋ ਸੈਨ-ਫ੍ਰਾਂਸਿਸਕੋ ਵਿੱਚ ਹਿਲ-ਸਟ੍ਰੀਟ ਵਿਖੇ ਸਥਿੱਤ ਸੀ | ਸਾਰੇ ਕੰਮ ਦੀ ਯੋਜਨਾ ਬਨਾਉਣ ਲਈ ਇੱਕ ਕੇਂਦਰੀ ਕਮੇਟੀ ਦਾ ਨਿਰਮਾਣ ਕੀਤਾ ਗਿਆ | ਹਰ ਰਾਜ ਤੋਂ ਦੋ ਨੁਮਾਇੰਦੇ ਇਸ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਸਨ | ਇਹ ਮੈਂਬਰ ਦੋ ਸਾਲ ਲਈ ਚੁਣੇ ਜਾਂਦੇ ਸਨ | ਦੋ ਸਾਲ ਬਾਅਦ ਨਵੇਂ ਮੈਂਬਰਾਂ ਦੀ ਚੋਣ ਹੁੰਦੀ ਸੀ ਅਤੇ ਫਿਰ ਇੱਕ ਨਵੀਂ ਕਮੇਟੀ ਦਾ ਨਿਰਮਾਣ ਹੁੰਦਾ ਸੀ |ਇਸ ਕਮੇਟੀ ਦੀਆਂ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਹੁੰਦੀ ਸੀ | ਪਰ ਲੋੜ ਪੈਣ ਤੇ ਵਿਸ਼ੇਸ਼ ਮੀਟਿੰਗ ਵੀ ਬੁਲਾਈ ਜਾ ਸਕਦੀ ਸੀ |
ਕਿਉਂਕਿ ਗਦਰ ਨੇਤਾ ਭਾਰਤ ਵਿੱਚ ਸਸ਼ਸਤਰ ਕ੍ਰਾਂਤੀ ਲਿਆਉਣ ਦੇ ਪੱਖ ਵਿੱਚ ਸਨ | ਇਸ ਲਈ ਉਹਨਾਂ ਨੇ ਬਹੁਤ ਸਾਰਾ ਧਨ ਇੱਕਠਾ ਕੀਤਾ ਗੋਲਾ ਬਾਰੂਦ ਇੱਕਠਾ ਕੀਤਾ ਅਤੇ ਬਹੁਤ ਸਾਰੇ ਮੈਂਬਰਾਂ ਨੂੰ ਸਿਖਲਾਈ ਵੀ ਦਿੱਤੀ | ਫਿਰ ਇਹਨਾਂ ਨੂੰ ਸਾਜੋ-ਸਮਾਨ ਸਮੇਤ ਭਾਰਤ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ | ਜਿਉਂ ਹੀ 1914 ਈ. ਵਿੱਚ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੁਆਤ ਹੋਈ ਤਾਂ ਇਹਨਾਂ ਨੂੰ ਇੱਕ ਸੁਨਹਿਰੀ ਮੌਕਾ ਮਿਲ ਗਿਆ | ਅਗਸਤ 1914 ਈ. ਵਿੱਚ “ ਕੋਰੀਆ ” ਨਾਮਕ ਜਹਾਜ ਤੇ ਜਵਾਲਾ ਸਿੰਘ ਨਾਲ ਲਗਭਗ 60 ਕ੍ਰਾਂਤੀਕਾਰੀਆਂ ਦਾ ਇੱਕ ਜੱਥਾ ਸੈਨ-ਫ੍ਰਾਂਸਿਸਕੋ ਤੋਂ ਭਾਰਤ ਵੱਲ ਰਵਾਨਾ ਹੋਇਆ | ਕੈੰਟਨ ਦੀ ਬੰਦਰਗਾਹ ਤੋਂ 100 ਮੈਂਬਰਾਂ ਦਾ ਇੱਕ ਹੋਰ ਜੱਥਾ ਵੀ ਇਸ ਜਹਾਜ ਵਿੱਚ ਸਵਾਰ ਹੋ ਗਿਆ | ਪਰ ਜਿਉਂ ਹੀ ਇਹ ਜਹਾਜ ਕਲਕੱਤਾ ਦੀ ਬੰਦਰਗਾਹ ਤੇ ਪਹੁੰਚਿਆ ਤਾਂ ਜਵਾਲਾ ਸਿੰਘ ਅਤੇ ਉਸਦੇ ਸਾਥੀਆਂ ਨੂੰ ਫੜ ਲਿਆ ਗਿਆ ਅਤੇ ਪੰਜਾਬ ਵਿੱਚ ਭੇਜਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ | ਇਸੇ ਤਰਾਂ ਥੋੜੀ ਦੇਰ ਬਾਅਦ ਇੱਕ ਹੋਰ  “ ਤੋਸਾਮਾਰੁ ” ਨਾਮ ਦਾ ਜਹਾਜ ਕੋਈ 173 ਗਦਰ ਕ੍ਰਾਂਤੀਕਾਰੀਆਂ ਨੂੰ ਸੋਹਣ ਸਿੰਘ ਭਕਨਾ ਦੀ ਨੁਮਾਇੰਦਗੀ ਵਿੱਚ 29 ਅਕਤੂਬਰ 1914 ਈ. ਨੂੰ ਭਾਰਤ ਦੀ ਤੱਟ ਸੀਮਾ ਤੇ ਪੁੱਜਿਆ ਤਾਂ ਤੁਰੰਤ ਹੀ ਇਸ ਜਹਾਜ ਨੂੰ ਵੀ ਸਰਕਾਰ ਨੇ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਇਸ ਵਿੱਚ ਸਵਾਰ ਸਾਰੇ ਕ੍ਰਾਂਤੀਕਾਰੀਆਂ ਨੂੰ ਪਕੜਕੇ ਭਾਰਤ ਦੀਆਂ ਭਿੰਨ-ਭਿੰਨ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ | ਪਰ ਇਹਨਾਂ ਸਭ ਪਾਬੰਦੀਆਂ ਦੇ ਬਾਵਜੂਦ ਵੀ ਕੋਈ 700 ਕ੍ਰਾਂਤੀਕਾਰੀ ਕਿਸੇ ਨਾ ਕਿਸੇ ਤਰਾਂ ਕਨੈਡਾ ਅਤੇ ਅਮੀਰਕਾ ਤੋਂ ਭਾਰਤ ਪਹੁੰਚਣ ਵਿੱਚ ਸਫਲ ਹੋ ਗਏ | ਉਹ ਦੇਸ਼ ਦੇ ਅਨੇਕ ਭਾਗਾਂ ਵਿੱਚ ਫੈਲ ਗਏ | ਵਿਸ਼ੇਸ਼ ਕਰਕੇ ਉਹਨਾਂ ਵਿੱਚੋਂ ਬਹੁਤ ਸਾਰੇ ਪੰਜਾਬ ਵਿੱਚ ਪਹੁੰਚ ਗਏ ਅਤੇ ਉਹਨਾਂ ਨੇ ਲੋਕਾਂ ਨੂੰ ਅੰਗ੍ਰੇਜੀ ਸਰਕਾਰ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੀਆਂ ਅਨੇਕ ਤਰਾਂ ਨਾਲ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ | ਉਹਨਾਂ ਨੇ ਪੰਜਾਬ ਵਿੱਚ ਇੱਕ ਖੁੱਲੇ ਵਿਦਰੋਹ ਦੀ ਯੋਜਨਾ ਬਣਾਈ | ਇਸ ਵਿਦਰੋਹ ਲਈ 21 ਫਰਵਰੀ 1915 ਈ. ਦੀ ਤਰੀਖ ਨਿਸ਼ਚਿਤ ਕੀਤੀ ਗਈ | ਪਰ ਇੱਕ ਗੱਦਾਰ ਕਿਰਪਾਲ ਸਿੰਘ ਦੀ ਗੱਦਾਰੀ ਦੇ ਕਾਰਨ , ਜਿਸਨੇ ਇਹ ਸਾਰੀ ਯੋਜਨਾ ਪੁਲਿਸ ਨੂੰ ਦੱਸ ਦਿੱਤੀ ਸੀ , ਸਾਰੀ ਦੀ ਸਾਰੀ ਯੋਜਨਾ ਧਰੀ ਦੀ ਧਰੀ ਰਹਿ ਗਈ | ਸਰਕਾਰ ਨੇ ਵਿਦਰੋਹ ਵਿੱਚ ਭਾਗ ਲੈਣ ਵਾਲੀਆਂ ਟੁਕੜੀਆਂ ਨੂੰ ਭੰਗ ਕਰ ਦਿੱਤਾ ਅਤੇ ਉਹਨਾਂ ਦੇ ਨੇਤਾਵਾਂ ਨੂੰ ਜਾਂ ਤਾਂ ਲੰਬੀਆਂ ਸਜਾਵਾਂ ਦਿੱਤੀਆਂ ਗਈਆਂ ਜਾਂ ਫਿਰ ਕੁਝ ਨੂੰ ਫਾਂਸੀ ਤੇ ਚੜ੍ਹਾ ਦਿੱਤਾ ਗਿਆ | ਇਹਨਾਂ ਵਿੱਚ ਇੱਕ ਸੈਨਿਕ ਟੁੱਕੜੀ 23 ਕੇਵੈਲਰੀ ਸੀ | ਇਸਦੇ 12 ਮੈਂਬਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ | ਪੰਜਾਬ ਦੀ ਸਰਕਾਰ ਹਰ ਪਾਸੇ ਕ੍ਰਾਂਤੀਕਾਰੀਆਂ ਦੇ ਪਿੱਛੇ ਹੱਥ ਧੋ ਕੇ ਪੈ ਗਈ | ਬਹੁਤ ਸਾਰੀ ਸੰਖਿਆ ਵਿੱਚ ਕ੍ਰਾਂਤੀਕਾਰੀਆਂ ਨੂੰ ਫੜਕੇ ਉਹਨਾਂ ਉੱਤੇ ਮੁੱਕਦਮੇ ਚਲਾਏ ਗਏ | ਕੋਈ 42 ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ , 93 ਨੂੰ ਲੰਬੇ ਸਮੇਂ ਦੀ ਕੈਦ ਸੁਣਾਈ ਗਈ ,194 ਦੇ ਲਗਭਗ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ | ਜਿਹਨਾਂ ਦੇਸ਼ ਭਗਤਾਂ ਨੂੰ ਫਾਂਸੀ ਦਿੱਤੀ ਗਈ ਉਹਨਾਂ ਵਿੱਚ ਕਰਤਾਰ ਸਿੰਘ ਸਰਾਭਾ , ਸਰਦਾਰ ਜਸਵੰਤ ਸਿੰਘ , ਸਰਦਾਰ ਸੇਵਾ ਸਿੰਘ , ਸਰਦਾਰ ਹਰਨਾਮ ਸਿੰਘ ਅਤੇ ਸ਼੍ਰੀ ਵਿਸ਼ਨੂੰ ਗਣੇਸ਼ ਪਿੰਗਲੇ ਆਦਿ ਦੇ ਨਾਮ ਵਿਸ਼ੇਸ਼ ਹਨ |
ਭਾਰਤ ਤੋਂ ਬਾਹਰ ਗਦਰ ਪਾਰਟੀ ਦੇ ਮੈਂਬਰਾਂ ਨੇ ਸਿੰਗਾਪੁਰ , ਸਿਆਮ , ਸ਼ਿੰਘਾਈ , ਮੱਧ ਅਤੇ ਪੂਰਬੀ ਟਾਪੂਆਂ , ਅਤੇ ਕਾਬੁਲ ਦੇ ਵਿਦਰੋਹੀਆਂ ਨੂੰ ਸੰਗਠਤ ਕਰਨ ਦੀ ਕੋਸ਼ਿਸ਼ ਕੀਤੀ | ਪਰ ਉਹਨਾਂ ਨੂੰ ਇਸ ਕੰਮ ਵਿੱਚ ਕੋਈ ਵਿਸ਼ੇਸ਼ ਸਫਲਤਾ ਨਾ ਮਿਲੀ | ਸਿੰਗਾਪੁਰ ਵਿੱਚ , ਗਦਰ ਕ੍ਰਾਂਤੀਕਾਰੀਆਂ ਦੇ ਉਕਸਾਵੇ ਤੇ 5ਵੀਂ ਲਾਇਟ ਇਨਫੈਂਟ੍ਰੀ ਦੇ 700 ਸੈਨਿਕਾਂ ਨੇ ਆਪਣੇ ਨੇਤਾਵਾਂ ਅਤੇ ਸੂਬੇਦਾਰ ਦੁਰਦੇ ਖਾਂ ਅਤੇ ਜਮਾਦਾਰ ਚਿਸ਼ਤੀ ਖਾਂ ਦੀ ਅਗਵਾਈ ਹੇਠ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ | ਆਪਸ ਵਿੱਚ ਜੰਮਕੇ ਲੜਾਈ ਹੋਈ ਜਿਹਨਾਂ ਵਿੱਚ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਸੈਨਿਕ ਮਾਰੇ ਗਏ | ਬਾਕੀਆਂ ਨੂੰ ਪਕੜ ਲਿਆ ਗਿਆ | ਜਦਕਿ ਚਾਰ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ , 37 ਨੂੰ ਖੁਲ੍ਹੇਆਮ ਫਾਂਸੀ ਦਿੱਤੀ ਗਈ | ਇਸ ਤਰਾਂ ਗਦਰ ਅੰਦੋਲਨ ਕੇਵਲ ਇੱਕ ਗੱਦਾਰ ਦੀ ਗੱਦਾਰੀ ਕਾਰਨ ਅਸਫਲ ਹੋ ਗਿਆ |  


              ______________________________________________