ਪੁਣੇ ਸ਼ਹਿਰ ਵਿੱਚ ਜੰਮੀ ਆਨੰਦੀਬਾਈ ਜੋਸ਼ੀ ( 31 ਮਾਰਚ 1865-26 ਫ਼ਰਵਰੀ 1887 ) ਪਹਿਲੀ ਭਾਰਤੀ ਮਹਿਲਾ ਸੀ ਜਿਸਨੇ ਡਾਕਟਰੀ ਦੀ ਡਿਗਰੀ ਹਾਸਿਲ ਕੀਤੀ ਸੀ | ਜਿਸ ਦੌਰ ਵਿੱਚ ਔਰਤਾਂ ਦੀ ਸਿੱਖਿਆ ਹਾਸਿਲ ਕਰਨਾ ਵੀ ਬਹੁਤ ਮੁਸ਼ਕਿਲ ਸੀ ,ਅਜਿਹੇ ਸਮੇਂ ਵਿਦੇਸ਼ ਵਿੱਚ ਜਾ ਕੇ ਡਾਕਟਰੀ ਦੀ ਡਿਗਰੀ ਹਾਸਿਲ ਕਰਨਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ | ਉਸਦਾ ਵਿਆਹ ਨੋਂ ਸਾਲ ਦੀ ਛੋਟੀ ਉਮਰ ਵਿੱਚ ਹੀ ਉਸਤੋਂ 20 ਸਾਲ ਵੱਡੇ ਗੋਪਾਲ ਰਾਓ ਨਾਲ ਹੋ ਗਿਆ ਸੀ | ਜਦੋਂ 14 ਸਾਲ ਦੀ ਉਮਰ ਵਿੱਚ ਉਹ ਮਾਂ ਬਣੀਂ ਅਤੇ ਉਸਦੀ ਇੱਕੋ ਇੱਕ ਸੰਤਾਨ ਦੀ 10 ਦਿਨਾਂ ਵਿੱਚ ਹੀ ਮੌਤ ਹੋ ਗਈ ਤਾਂ ਉਸਨੂੰ ਬਹੁਤ ਵੱਡਾ ਧੱਕਾ ਲੱਗਾ | ਆਪਣੀ ਔਲਾਦ ਖੁੱਸ ਜਾਣ ਤੋਂ ਬਾਅਦ ਉਸਨੇ ਪ੍ਰਣ ਲਿਆ ਕਿ ਉਹ ਇੱਕ ਦਿਨ ਡਾਕਟਰ ਬਣੇਗੀ ਅਤੇ ਅਜਿਹੀ ਬੇ-ਸਮੇਂ ਦੀ ਮੌਤ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ | ਉਸਦੇ ਪਤੀ ਗੋਪਾਲ ਰਾਓ ਨੇ ਵੀ ਉਸਨੂੰ ਭਰਪੂਰ ਸਹਿਯੋਗ ਦਿੱਤਾ ਅਤੇ ਉਸਦੀ ਹੌਂਸਲਾ-ਅਫਜ਼ਾਈ ਕੀਤੀ |
ਆਨੰਦੀਬਾਈ ਜੋਸ਼ੀ ਦੀ ਸ਼ਖਸੀਅਤ ਔਰਤਾਂ ਲਈ ਇੱਕ ਪ੍ਰੇਰਣਾਸ੍ਰੋਤ ਹੈ | ਉਸਨੇ ਸਨ 1886 ਵਿੱਚ ਆਪਣੇ ਸੁਪਨੇ ਨੂੰ ਅਮਲੀ ਰੂਪ ਦਿੱਤਾ | ਜਦੋਂ ਉਸਨੇ ਅਜਿਹਾ ਫ਼ੈਸਲਾ ਲਿਆ ਸੀ ਤਾਂ ਉਸਦੀ ਸਮਾਜ ਵਿੱਚ ਬਹੁਤ ਆਲੋਚਨਾ ਹੋਈ ਸੀ, ਕਿ ਇੱਕ ਸ਼ਾਦੀਸ਼ੁਦਾ ਹਿੰਦੂ ਔਰਤ ਵਿਦੇਸ਼ ( ਪੈਨਿਸਿਲਵੇਨੀਆ ) ਵਿੱਚ ਜਾ ਕੇ ਡਾਕਟਰੀ ਦੀ ਪੜ੍ਹਾਈ ਕਰੇ | ਪਰ ਆਨੰਦੀਬਾਈ ਇੱਕ ਮਜ਼ਬੂਤ ਨਿਸ਼ਚੇ ਵਾਲੀ ਔਰਤ ਸੀ | ਉਸਨੇ ਆਲੋਚਨਾ ਦੀ ਜਰਾ ਵੀ ਪਰਵਾਹ ਨਹੀਂ ਕੀਤੀ | ਇਹੀ ਵਜ੍ਹਾ ਹੈ ਕਿ ਉਸਨੂੰ ਪਹਿਲੀ ਭਾਰਤੀ ਮਹਿਲਾ ਡਾਕਟਰ ਹੋਣ ਦਾ ਗੌਰਵ ਹਾਸਿਲ ਹੋਇਆ ਹੈ | ਡਿਗਰੀ ਪੂਰੀ ਕਰਨ ਤੋਂ ਬਾਅਦ ਜਦੋਂ ਆਨੰਦੀਬਾਈ ਭਾਰਤ ਵਾਪਿਸ ਪਰਤੀ ਤਾਂ ਉਸਦੀ ਸਿਹਤ ਵਿਗੜ੍ਹਨ ਲੱਗੀ ਅਤੇ ਬਾਈ ਸਾਲ ਦੀ ਛੋਟੀ ਉਮਰ ਵਿੱਚ ਹੀ ਉਸਦੀ ਮੌਤ ਹੋ ਗਈ | ਭਾਵੇਂ ਇਹ ਸੱਚ ਹੈ ਕਿ ਆਨੰਦੀਬਾਈ ਨੇ ਜਿਸ ਉਦੇਸ਼ ਲਈ ਡਾਕਟਰੀ ਦੀ ਡਿਗਰੀ ਲਈ ਸੀ , ਬੇ-ਸਮੇਂ ਮੌਤ ਹੋ ਜਾਣ ਕਾਰਣ , ਉਸ ਵਿੱਚ ਉਹ ਪੂਰੀ ਤਰਾਂ ਸਫ਼ਲ ਨਹੀਂ ਹੋ ਸਕੀ , ਪਰ ਉਸਨੇ ਸਮਾਜ ਵਿੱਚ ਉਹ ਸਥਾਨ ਪ੍ਰਾਪਤ ਕੀਤਾ ਜੋ ਅੱਜ ਵੀ ਇੱਕ ਮਿਸਾਲ ਹੈ |
source:wikipedia