ਧਰਤੀ ਦਾ ਜਿਹੜਾ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ , ਉਸਨੂੰ ਜਲ-ਮੰਡਲ ਆਖਦੇ ਹਨ | ਧਰਤੀ ਦਾ 2/3 ਤੋਂ ਵੱਧ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ ਜਿਸ ਵਿੱਚ ਮਹਾਂਸਾਗਰ, ਸਾਗਰ, ਝੀਲਾਂ ਅਤੇ ਦਰਿਆ ਆਉਂਦੇ ਹਨ |
ਮਹਾਂਸਾਗਰ, ਪਾਣੀ ਦੇ ਵੱਡੇ ਜਲ- ਸੰਗ੍ਰਹਿ ਹਨ, ਜਿਹੜੇ ਮਹਾਂਦੀਪਾਂ ਦੁਆਰਾ ਅਲੱਗ ਹੁੰਦੇ ਹਨ | ਧਰਤੀ 'ਤੇ ਚਾਰ ਮਹਾਂਸਾਗਰ ਹਨ ਜੋ ਆਕਾਰ ਦੇ ਅਨੁਸਾਰ ਇੰਝ ਹਨ |
- ਸ਼ਾਂਤ ਮਹਾਂਸਾਗਰ
- ਅੰਧ ਮਹਾਂਸਾਗਰ
- ਹਿੰਦ ਮਹਾਂਸਾਗਰ
- ਆਰਕਟਿਕ ਮਹਾਂਸਾਗਰ
- ਦੱਖਣੀ ਮਹਾਂਸਾਗਰ
ਸ਼ਾਂਤ ਮਹਾਂਸਾਗਰ : ਇਹ ਏਸ਼ੀਆ ਅਤੇ ਆਸਟਰੇਲੀਆ ਨੂੰ ਉੱਤਰੀ ਅਮਰੀਕਾ ਨਾਲੋਂ ਵੱਖ ਕਰਦਾ ਹੈ | ਇਹ ਸਾਰੇ ਮਹਾਂਸਾਗਰਾਂ ਨਾਲੋਂ ਵੱਡਾ ਮਹਾਂਸਾਗਰ ਹੈ | ਇਹ ਧਰਤੀ ਦਾ ਲਗਪਗ ਇੱਕ ਤਿਹਾਈ ਰਕਬੇ ਵਿੱਚ ਫੈਲਿਆ ਹੋਇਆ ਹੈ | ਜੋ ਸਾਰੇ ਮਹਾਦੀਪਾਂ ਨੂੰ ਇਕੱਠਾ ਕਰ ਦੇਈਏ ਤਾਂ ਵੀ ਇਸ ਮਹਾਂਸਾਗਰ ਦਾ ਖੇਤਰ ਵੱਡਾ ਹੈ | ਸੰਸਾਰ ਦੀ ਸਭ ਤੋਂ ਡੂੰਘੀ ਖਾਈ 'ਮੈਰੀਨਾ ਖਾਈ' ਇਸ ਸ਼ਾਂਤ ਮਹਾਂਸਾਗਰ ਵਿੱਚ ਹੈ | ਸ਼ਾਂਤ ਮਹਾਸਾਗਰ ਇੱਕ ਪਾਸੇ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਤੱਕ ਅਤੇ ਦੂਸਰੇ ਪਾਸੇ ਏਸ਼ੀਆ ਅਤੇ ਆਸਟਰੇਲੀਆ ਤੱਕ ਫੈਲਿਆ ਹੋਇਆ ਹੈ | ਸੰਸਾਰ ਦਾ ਨਕਸ਼ਾ ਦੇਖਣ ਤੇ ਇਸਦੀ ਵਿਸ਼ਾਲਤਾ ਦਾ ਅੰਦਾਜਾ ਹੁੰਦਾ ਹੈ |
ਅੰਧ-ਮਹਾਂਸਾਗਰ : ਅੰਧ ਮਹਾਸਾਗਰ, ਦੂਸਰਾ ਵੱਡਾ ਮਹਾਂਸਾਗਰ ਹੈ ਜਿਸਦੇ ਇੱਕ ਪਾਸੇ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਅਤੇ ਦੂਸਰੇ ਪਾਸੇ ਯੂਰਪ ਅਤੇ ਅਫਰੀਕਾ ਹਨ | ਸੰਸਾਰ ਦੀ ਸਭ ਤੋਂ ਵਧ ਸਾਗਰੀ ਆਵਾਜਾਈ ਇਸੇ ਮਹਾਂਸਾਗਰ ਰਾਹੀਂ ਹੁੰਦੀ ਹੈ | ਕਿਉਂਕਿ ਸਾਰੇ ਮਹੱਤਵਪੂਰਨ ਜਲ-ਮਾਰਗ ਇਸ ਵਿੱਚੋਂ ਹੀ ਲੰਘਦੇ ਹਨ | ਇਸ ਦੀ ਤੱਟ ਰੇਖਾ ਤੇ ਬਹੁਤ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਹਨ | ਉੱਤਰੀ ਅਮਰੀਕਾ ਅਤ ਯੂਰਪ ਨੇ ਇਸਨੂੰ ਵਪਾਰ ਅਤੇ ਵਣਜ ਪੱਖੋਂ ਬਹੁਤ ਮਹੱਤਵਪੂਰਨ ਬਣਾ ਦਿੱਤਾ ਹੈ |
ਹਿੰਦ ਮਹਾਸਾਗਰ : ਇਹ ਇੱਕੋ-ਇੱਕ ਮਹਾਂਸਾਗਰ ਹੈ ਜਿਸਦਾ ਨਾਂ ਕਿਸੇ ਦੇਸ਼ ਦੇ ਨਾਂ ਉੱਤੇ ਰੱਖਿਆ ਹੈ ਜਿਵੇਂ ਭਾਰਤ ( ਹਿੰਦੁਸਤਾਨ ) | ਹਿੰਦ ਮਹਾਂਸਾਗਰ, ਤਿੰਨ ਮਹਾਦੀਪਾਂ ਦੁਆਰਾ ਘਿਰਿਆ ਹੋਇਆ ਹੈ| ਇਸਦੇ ਉੱਤਰ ਵਿੱਚ ਏਸ਼ੀਆ, ਪੱਛਮ ਵਿੱਚ ਅਫਰੀਕਾ ਅਤੇ ਪੂਰਬ ਵਿੱਚ ਆਸਟਰੇਲੀਆ ਮਹਾਂਦੀਪ ਹਨ | ਪੁਰਾਤਨ ਕਾਲ ਵਿੱਚ ਭਾਰਤ ਦਾ ਮੁੱਖ ਵਣਜ ਅਤੇ ਵਪਾਰ ਇਸੇ ਮਹਾਂਸਾਗਰ ਰਾਹੀਂ ਕੀਤਾ ਜਾਂਦਾ ਸੀ |
ਆਰਕਟਿਕ ਮਹਾਂਸਾਗਰ : ਇਹ ਸੰਸਾਰ ਦਾ ਸਭ ਤੋਂ ਛੋਟਾ ਮਹਾਂਸਾਗਰ ਹੈ | ਇਸ ਨੇ ਉੱਤਰੀ ਧਰੁਵ ਨੂੰ ਘੇਰਿਆ ਹੋਇਆ ਹੈ| ਇਹ ਆਰਕਟਿਕ ਚੱਕਰ ਵਿੱਚ ਹੈ| ਇੱਕ ਤੰਗ ਪਾਣੀ ਪੱਟੀ ਵਿਸਤਾਰ ਜਿਸਨੂੰ ਬੇਰਿੰਗ ਸ੍ਟ੍ਰੇਟ (ਬੇਰਿੰਗ ਜਲ-ਡਮਰੂ/ਜਲ ਸੰਧੀ ) ਆਖਦੇ ਹਨ , ਰਾਹੀਂ ਸ਼ਾਂਤ ਮਹਾਂਸਾਗਰ ਨਾਲ ਜੁੜਿਆ ਹੋਇਆ ਹੈ | ਇਹ ਰੂਸ, ਸਕੈਂਡੇਨੇਵਿਆ , ਗ੍ਰੀਨਲੈਂਡ, ਕੈਨੇਡਾ ਆਦਿ ਦੇਸ਼ਾਂ ਨਾਲ ਘਿਰਿਆ ਹੋਇਆ ਹੈ | ਆਰਕਟਿਕ ਮਹਾਂਸਾਗਰ ਸਾਲ ਵਿੱਚ ਜਿਆਦਾ ਸਮੇਂ ਤੱਕ ਬਰਫ਼ ਨਾਲ ਹੀ ਢੱਕਿਆ ਰਹਿੰਦਾ ਹੈ |
ਦੱਖਣੀ ਮਹਾਂਸਾਗਰ : ਅੰਧ ਮਹਾਂਸਾਗਰ, ਸ਼ਾਂਤ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ , ਦੱਖਣੀ ਅਰਧ ਗੋਲੇ ਵਿੱਚ ਇੱਕਠੇ ਹੋ ਕੇ ਆਪਸ ਵਿੱਚ ਮਿਲ ਜਾਂਦੇ ਹਨ | ਇਸ ਵਿਸ਼ਾਲ ਮਹਾਂਸਾਗਰ ਨੂੰ ਦੱਖਣੀ ਮਹਾਂਸਾਗਰ ਆਖਦੇ ਹਨ | ਇਸ ਦੱਖਣੀ ਮਹਾਂਸਾਗਰ ਨੇ ਅੰਟਾਰਕਟਿਕ ਮਹਾਂਦੀਪ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ | ਦੱਖਣੀ ਮਹਾਂਸਾਗਰ ਵੀ ਸਾਲ ਦਾ ਬਹੁਤ ਸਮਾਂ ਬਰਫ਼ ਨਾਲ ਢੱਕਿਆ ਰਹਿੰਦਾ ਹੈ |