ਗੁਰਦੁਆਰਾ ਸੁਧਾਰ ਲਹਿਰ

1920 ਈ:  ਤੋਂ 1925 ਈ:  ਦੌਰਾਨ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਹੇਠੋਂ ਆਜ਼ਾਦ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸਥਾਪਨਾ ਕੀਤੀ ਗਈ | ਇਸ ਲਹਿਰ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ | ਕਿਉਂਕਿ ਅਕਾਲੀਆਂ ਦੁਆਰਾ ਹੀ ਗੁਰਦੁਆਰਿਆਂ ਨੂੰ ਸੁਤੰਤਰ ਕਰਵਾਇਆ ਗਿਆ ਸੀ | ਗੁਰਦੁਆਰਾ ਸੁਧਾਰ ਅੰਦੋਲਨ ਨੂੰ ਸਫ਼ਲ ਬਨਾਉਣ ਲਈ ਅਕਾਲੀ ਦਲ ਨੇ ਕਈ ਮੋਰਚੇ ਲਗਾਏ ਜਿਹਨਾਂ ਵਿੱਚੋਂ ਕੁਝ ਮੁੱਖ ਮੋਰਚਿਆਂ ਦਾ ਸੰਖੇਪ ਵਰਨਣ ਹੇਠ ਲਿਖੇ ਅਨੁਸਾਰ ਹੈ :

ਮੁੱਖ ਮੋਰਚੇ

  1. ਨਨਕਾਣਾ ਸਾਹਿਬ ਦਾ ਮੋਰਚਾ : ਨਨਕਾਣਾ ਸਾਹਿਬ ਗੁਰਦੁਆਰੇ ਦਾ ਮਹੰਤ ਨਰੈਣ ਦਾਸ ਇੱਕ ਚਰਿੱਤਰਹੀਣ ਵਿਅਕਤੀ ਸੀ, ਜਿਸ ਨੂੰ ਕੱਢਣ ਲਈ 20 ਫਰਵਰੀ 1921 ਨੂੰ ਸਿੱਖਾਂ ਦਾ ਇੱਕ ਜੱਥਾ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਗਿਆ | ਨਰੈਣ ਦਾਸ ਮਹੰਤ ਦੇ ਗੁੰਡਿਆਂ ਨੇ ਜੱਥੇ ਤੇ ਹਮਲਾ ਕਰ ਦਿੱਤਾ ਅਤੇ ਜੱਥੇ ਦੇ ਨੇਤਾ ਭਾਈ ਲੱਛਮਣ ਸਿੰਘ ਅਤੇ ਲਗਭਗ 130 ਸਿੱਖਾਂ ਨੂੰ ਜਿਉਂਦੇ ਹੀ ਜਲਾ ਦਿੱਤਾ ਗਿਆ | ਇਸ ਹੱਤਿਆਕਾਂਡ ਦੀ ਖਬਰ ਸੁਣ ਕੇ ਸਿੱਖ ਭੜਕ ਉੱਠੇ ਅਤੇ ਉਹਨਾਂ ਨੇ ਮੋਰਚਾ ਲਗਾ ਦਿੱਤਾ | ਅੰਗਰੇਜ਼ੀ ਸਰਕਾਰ ਨੇ ਗੁਰਦੁਆਰੇ ਦਾ ਪ੍ਰਬੰਧ ਸਿੱਖਾਂ ਨੂੰ ਸੌੰਪ ਦਿੱਤਾ |
  1. ਚਾਬੀਆਂ ਦਾ ਮੋਰਚਾ : ਅੰਗ੍ਰੇਜੀ ਸਰਕਾਰ ਕੋਲ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਖਜ਼ਾਨੇ ਦੀਆਂ ਚਾਬੀਆਂ ਸਨ | 21 ਨਵੰਬਰ 1921 ਈ : ਨੂੰ ਅਕਾਲੀਆਂ ਨੇ ਸਰਕਾਰ ਤੋਂ ਖਜ਼ਾਨੇ ਦੀਆਂ ਚਾਬੀਆਂ ਮੰਗੀਆਂ ਪਰੰਤੂ ਸਰਕਾਰ ਨੇ ਨਾਂਹ ਕਰ ਦਿੱਤੀ | ਇਸ ਕਰਕੇ ਅਕਾਲੀਆਂ ਨੇ ਸਰਕਾਰ ਦਾ ਵਿਰੋਧ ਕੀਤਾ ਜਿਸ ਕਰਕੇ ਸਰਕਾਰ ਨੇ ਕਈ ਅਕਾਲੀਆਂ ਨੂੰ ਕੈਦ ਕਰ ਲਿਆ | ਪਰੰਤੂ ਅਕਾਲੀ ਹੋਰ ਜੱਥੇ ਭੇਜਦੇ ਰਹੇ | ਸਰਕਾਰ ਨੇ ਅਕਾਲੀਆਂ ਉੱਤੇ ਲਾਠੀ ਚਾਰਜ ਦਾ ਹੁਕਮ ਦੇ ਦਿੱਤਾ | ਪਰੰਤੂ ਅਕਾਲੀਆਂ ਨੇ ਹਿੰਮਤ ਨਹੀਂ ਹਾਰੀ | ਅੰਤ ਵਿੱਚ ਸਰਕਾਰ ਨੇ 17 ਫਰਵਰੀ 1922 ਈ : ਨੂੰ ਅਕਾਲੀਆਂ ਨੂੰ ਚਾਬੀਆਂ ਸੌੰਪ ਦਿੱਤੀਆਂ ਗਈਆਂ |

  1. ਗੁਰੂ ਦੇ ਬਾਗ ਦਾ ਮੋਰਚਾ : ਗੁਰੂ ਦੇ ਬਾਗ ਗੁਰਦੁਆਰੇ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਪਾਸ ਸੀ ਜਿਹੜਾ ਕਿ ਚਰਿੱਤਰ ਹੀਣ ਵਿਅਕਤੀ ਸੀ | ਅਗਸਤ, 1921 ਈ : ਨੂੰ ਅਕਾਲੀਆਂ ਨੇ ਇੱਕ ਜੱਥਾ ਭੇਜ ਕੇ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ | ਮਹੰਤ ਸੁੰਦਰ ਦਾਸ ਨੇ ਪੁਲਿਸ ਬੁਲਾਈ ਜਿਸ ਨੇ ਅਕਾਲੀਆਂ ਨੂੰ ਗ੍ਰਿਫਤਾਰ ਕਰ ਲਿਆ ਪਰੰਤੂ ਅਕਾਲੀਆਂ ਨੇ ਜੱਥੇ ਭੇਜਣੇ ਜਾਰੀ ਰੱਖੇ | ਅੰਤ ਸਰਕਾਰ ਨੇ 17 ਨਵੰਬਰ 1922 ਈ : ਨੂੰ ਗੁਰਦੁਆਰੇ ਦੀਆਂ ਚਾਬੀਆਂ ਅਕਾਲੀਆਂ ਨੂੰ ਦੇ ਦਿੱਤੀਆਂ |

  1. ਪੰਜਾ ਸਾਹਿਬ ਦਾ ਸਾਕਾ : ਜਦੋਂ ਗੁਰੂ ਦੇ ਬਾਗ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਇਸ ਵਿੱਚ ਹਿੱਸਾ ਲੈਣ ਵਾਲੇ ਇੱਕ ਜੱਥੇ ਨੂੰ ਰੇਲ ਗੱਡੀ ਦੁਆਰਾ ਅਟਕ ਦੀ ਜੇਲ੍ਹ ਵਿੱਚ ਭੇਜਣ ਲਈ ਲਿਜਾਇਆ ਜਾ ਰਿਹਾ ਸੀ | ਪੰਜਾ ਸਾਹਿਬ ਦੇ ਅਕਾਲੀਆਂ ਨੇ ਇਸ ਜੱਥੇ ਦੇ ਅਕਾਲੀਆਂ ਨੂੰ ਲੰਗਰ ਛਕਾਉਣ ਲਈ ਰੇਲ ਗੱਡੀ ਰੋਕਣ ਲਈ ਕਿਹਾ | ਪਰੰਤੂ ਸਰਕਾਰ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਫਿਰ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੱਡੀ ਅੱਗੇ ਲੇਟ ਗਏ ਅਤੇ ਸ਼ਹੀਦ ਹੋ ਗਏ |

  1. ਜੈਤੋ ਦਾ ਮੋਰਚਾ : 1923 ਈ : ਵਿੱਚ ਨਾਭੇ ਦੇ ਮਹਾਰਾਜੇ ਸਰਦਾਰ ਰਿਪੁਦਮਨ ਸਿੰਘ ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜੁਰਮ ਕਾਰਣ ਗੱਦੀ ਉੱਤੋਂ ਉਤਾਰ ਦਿੱਤਾ ਗਿਆ | ਅਕਾਲੀਆਂ ਨੇ 21 ਫ਼ਰਵਰੀ 1924 ਈ : ਨੂੰ ਸਰਕਾਰ ਦੇ ਵਿਰੁੱਧ 500 ਅਕਾਲੀਆਂ ਦਾ ਜੱਥਾ ਭੇਜਿਆ | ਪੁਲਿਸ ਨੇ ਜੱਥੇ ਤੇ ਗੋਲੀ ਚਲਾਈ | ਇਸ ਕਰਕੇ 100 ਤੋਂ ਵੱਧ ਅਕਾਲੀਆਂ ਦੀ ਮੌਤ ਹੋ ਗਈ ਅਤੇ 200 ਅਕਾਲੀ ਜ਼ਖਮੀ ਹੋ ਗਏ | ਅੰਤ 1925 ਈ : ਵਿੱਚ ਸਰਕਾਰ ਨੇ ਜੈਤੋ ਦਾ ਗੁਰਦੁਆਰਾ ਅਕਾਲੀਆਂ ਦੇ ਹਵਾਲੇ ਕਰ ਦਿੱਤਾ |

                                  ____________________________________