ਦੂਜਾ
ਮਹਾਂਯੁੱਧ 1939
ਤੋਂ ਆਰੰਭ ਹੋ ਕੇ 1945
ਵਿੱਚ ਸਮਾਪਤ ਹੋਇਆ | ਇਸ ਯੁੱਧ ਦੁਆਰਾ ਭਿਆਨਕ ਮਨੁੱਖੀ ਤੇ ਭੌਤਿਕ ਤਬਾਹੀ ਹੋਈ | ਸਮੁੱਚਾ ਸੰਸਾਰ
ਇਸ ਭਿਆਨਕ ਤਬਾਹੀ ਤੋਂ ਭੈ-ਭੀਤ ਹੋ ਉਠਿਆ | ਉਸ ਸਮੇਂ ਦੇ ਵਿਸ਼ਵ ਦੇ ਉਘੇ ਨੇਤਾਵਾਂ ਨੇ ਅਜਿਹੇ
ਭਿਆਨਕ ਯੁੱਧਾਂ ਤੋਂ ਮਨੁੱਖਤਾ ਨੂੰ ਮੁਕਤ ਕਰਨ ਅਤੇ ਸੁਰਖਿਅਤ ਰਖਣ ਲਈ ਸੰਕਲਪ ਕੀਤਾ | ਉਹਨਾਂ ਦਾ
ਵਿਚਾਰ ਸੀ ਕਿ ਇੱਕ ਅਜਿਹੀ ਅੰਤਰ-ਰਾਸ਼ਟਰੀ ਪ੍ਰਭਾਵਸ਼ਾਲੀ ਸੰਸਥਾ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ
ਹੈ ਜਿਸ ਦਾ ਪਰਮ ਉਦੇਸ਼ ਯੁੱਧਾਂ ਨੂੰ ਰੋਕਣਾ ਅਤੇ ਵਿਸ਼ਵ ਸ਼ਾਂਤੀ ਨੂੰ ਯਕੀਨੀ ਬਨਾਉਣਾ ਹੋਵੇ |
ਸੰਯੁਕਤ ਰਾਜ ਅਮਰੀਕਾ,
ਬਰਤਾਨੀਆ, ਸੋਵੀਅਤ ਰੂਸ, ਚੀਨ ਅਤੇ ਫਰਾਂਸ ਤੋਂ ਇਲਾਵਾ ਕੁਝ ਦੂਜੇ ਦੇਸ਼ਾਂ ਦੇ ਨੇਤਾਵਾਂ ਨੇ ਵੀ
ਅਜਿਹੀ ਸੰਸਥਾ ਦੀ ਸਥਾਪਨਾ ਲਈ ਯਤਨ ਕੀਤੇ | ਸੰਸਾਰ ਦੇ ਨੇਤਾਵਾਂ ਦੇ ਅਜਿਹੇ ਯਤਨ ਉਦੋਂ ਸਫਲ ਹੋਏ
ਜਦੋਂ 26 ਜੂਨ 1945 ਨੂੰ ਸਾਨਫ੍ਰਾਂਸਿਸਕੋ ਵਿਖੇ 51 ਦੇਸ਼ਾਂ ਦੇ ਪ੍ਰਤੀਨਿਧਾਂ ਨੇ ਸੰਯੁਕਤ ਰਾਸ਼ਟਰ ਸੰਘ ਦਾ ਚਾਰਟਰ ਪ੍ਰਵਾਨ
ਕਰ ਲਿਆ | ਸੰਯੁਕਤ ਰਾਸ਼ਟਰ ਸੰਘ ਨਿਯਮਿਤ ਤੌਰ ਤੇ 24
ਅਕਤੂਬਰ 1945 ਨੂੰ
ਉਸ ਸਮੇਂ ਹੋਂਦ ਵਿੱਚ ਆਇਆ ਜਦੋਂ ਸੰਯੁਕਤ ਰਾਜ ਅਮਰੀਕਾ,
ਬਰਤਾਨੀਆਂ,ਫਰਾਂਸ, ਸਾਬਕਾ ਸੋਵੀਅਤ ਸੰਘ ਅਤੇ ਚੀਨ ਦੀਆਂ ਸਰਕਾਰਾਂ ਤੋਂ ਇਲਾਵਾ 14 ਹੋਰ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੇ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਨੂੰ
ਪ੍ਰਵਾਨਗੀ ਦੇ ਦਿੱਤੀ |
ਸੰਯੁਕ ਰਾਸ਼ਟਰ ਦੀ ਸਥਾਪਨਾ ਸਮੇਂ ਇਸ ਦੇ 51 ਮੌਲਿਕ ਮੈਂਬਰ ਸਨ ਜਿਹਨਾਂ ਵਿੱਚੋਂ
ਭਾਰਤ ਵੀ ਇੱਕ ਮੈਂਬਰ ਸੀ | ਵਰਤਮਾਨ ਸਮੇਂ ਵਿੱਚ ਸੰਯੁਕਤ ਰਾਸ਼ਟਰ ਦੇ 193 ਮੈਂਬਰ ਹਨ |
ਸੰਯੁਕਤ
ਰਾਸ਼ਟਰ ਦੇ ਅੰਗ :
ਮਹਾਂ-ਸਭਾ
: ਇਸ ਸਭਾ ਵਿੱਚ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ ਸ਼ਾਮਿਲ
ਹੁੰਦੇ ਹਨ | ਹਰ ਦੇਸ਼ ਇਸ ਲਈ 5
ਮੈਂਬਰ ਭੇਜ ਸਕਦਾ ਹੈ | ਇਹ ਮਹਾਂ-ਸਭਾ ਸੰਯੁਕਤ
ਰਾਸ਼ਟਰ ਸੰਘ ਦੀ ਸੰਸਦ ਹੈ | ਇਹ ਸਭਾ ਅਨੇਕ ਪ੍ਰਕਾਰ ਦੇ ਅੰਤਰ-ਰਾਸ਼ਟਰੀ ਕੰਮਾਂ ਵਿੱਚ ਭਾਗ ਲੈਂਦੀ
ਹੈ | ਮਹਾਂ-ਸਭਾ ਇੱਕ ਅਜਿਹਾ ਮੰਚ ਪ੍ਰਦਾਨ ਕਰਦੀ ਹੈ ਜਿਥੇ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ‘ਤੇ
ਵਿਚਾਰ ਕਰਕੇ ਹੱਲ ਲਭਣ ਦਾ ਯਤਨ ਕੀਤਾ ਜਾਂਦਾ ਹੈ |
ਸੁਰੱਖਿਆ
ਪਰਿਸ਼ਦ : ਸੁਰੱਖਿਆ ਪਰਿਸ਼ਦ ਸੰਯੁਕਤ ਰਾਸ਼ਟਰ ਦੀ
ਕਾਰਜਪਾਲਿਕਾ ਸਮਾਨ ਹੈ | ਇਸ ਪਰਿਸ਼ਦ ਵਿੱਚ ਕੁੱਲ 15
ਮੈਂਬਰ ਹਨ | ਇਹਨਾਂ ਵਿੱਚੋਂ 5
ਸਥਾਈ ਅਤੇ 10 ਅਸਥਾਈ ਮੈਂਬਰ ਹਨ | ਸੰਯੁਕਤ ਰਾਜ
ਅਮਰੀਕਾ, ਇੰਗਲੈਂਡ, ਰੂਸ,
ਚੀਨ ਅਤੇ ਫਰਾਂਸ ਇਸ ਪਰਿਸ਼ਦ ਦੇ ਸਥਾਈ ਮੈਂਬਰ ਹਨ | ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ਦੀ
ਸਹਿਮਤੀ ਤੋਂ ਬਿਨ੍ਹਾਂ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ | ਇਸ ਨੂੰ ਮੈਂਬਰਾਂ ਦੀ ਵੀਟੋ
ਸ਼ਕਤੀ ਕਿਹਾ ਜਾਂਦਾ ਹੈ | ਵਿਸ਼ਵ ਸ਼ਾਂਤੀ ਨੂੰ ਕਾਇਮ ਰੱਖਣ ਵਿੱਚ ਸੁਰੱਖਿਆ ਪਰਿਸ਼ਦ
ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ |
ਆਰਥਿਕ
ਅਤੇ ਸਮਾਜਿਕ ਪਰਿਸ਼ਦ : ਇਸ ਪਰਿਸ਼ਦ ਦੇ ਕੁੱਲ 54 ਮੈਂਬਰ ਹਨ | ਇਹਨਾਂ ਮੈਂਬਰਾਂ ਦੀ ਚੋਣ ਮਹਾਨ ਸਭਾ ਦੁਆਰਾ ਤਿੰਨ
ਸਾਲਾਂ ਲਈ ਕੀਤੀ ਜਾਂਦੀ ਹੈ | ਵੱਖ-ਵੱਖ ਦੇਸ਼ਾਂ ਵਿੱਚ ਹੋਣ ਵਾਲੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ
ਇਹ ਪਰਿਸ਼ਦ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ |
ਟਰੱਸਟੀਸ਼ਿਪ
ਪਰਿਸ਼ਦ : ਇਸ ਪਰਿਸ਼ਦ ਦੇ ਮੈਂਬਰਾਂ ਦੀ ਸੰਖਿਆ ਨਿਸ਼ਚਿਤ ਨਹੀਂ ਹੈ | ਇਸ
ਪਰਿਸ਼ਦ ਦੇ ਕੁਝ ਮੈਂਬਰ ਮਹਾਂ-ਸਭਾ ਦੁਆਰਾ ਚੁਣੇ ਜਾਂਦੇ ਹਨ
ਅਤੇ ਇਸ ਵਿੱਚ ਉਹ ਦੇਸ਼ ਵੀ ਸ਼ਾਮਿਲ ਹੁੰਦੇ ਹਨ ਜੋ ਸੰਯੁਕਤ ਰਾਸ਼ਟਰ ਦੀ ਨਿਗਰਾਨੀਂ ਅਧੀਨ
ਅਮਾਨਤੀ ਖੇਤਰਾਂ ਦਾ ਰਾਜ ਪ੍ਰਬੰਧ ਕਰਦੇ ਹਨ | ਅਮਾਨਤੀ ਖੇਤਰ ਉਹ ਸਨ ਜਿਹੜੇ ਦੂਜੇ ਯੁੱਧ ਮਗਰੋਂ
ਆਜ਼ਾਦ ਹੋ ਕੇ ਸ਼ਕਤੀਸ਼ਾਲੀ ਰਾਸ਼ਟਰਾਂ ਅਧੀਨ ਸਨ |
ਪਰਿਸ਼ਦ ਆਪਣਾ ਇੱਕ ਸਭਾਪਤੀ ਆਪਣੇ ਮੈਂਬਰਾਂ
ਵਿੱਚੋ ਹੀ ਇੱਕ ਸਾਲ ਲਈ ਚੁਣਦੀ ਹੈ | ਇੱਕ ਸਾਲ ਵਿੱਚ ਇਸ ਦੀਆਂ ਦੋ ਬੈਠਕਾਂ ਹੁੰਦੀਆਂ ਹਨ ਅਤੇ ਇਸ
ਵਿੱਚ ਫੈਸਲੇ ਸਧਾਰਣ ਬਹੁਮਤ ਨਾਲ ਕੀਤੇ ਜਾਂਦੇ ਹਨ |
ਅੰਤਰਰਾਸ਼ਟਰੀ
ਅਦਾਲਤ : ਅੰਤਰਰਾਸ਼ਟਰੀ ਅਦਾਲਤਾਂ ਵਿੱਚ ਕੁੱਲ 15 ਜੱਜ ਹੁੰਦੇ ਹਨ | ਜੱਜ ਦੀ ਚੋਣ ਮਹਾਂ-ਸਭਾ ਅਤੇ ਸੁਰੱਖਿਆ ਪਰਿਸ਼ਦ
ਦੁਆਰਾ 9 ਸਾਲਾਂ ਲਈ ਕੀਤੀ ਜਾਂਦੀ ਹੈ | ਹਰ
ਤਿੰਨ ਸਾਲਾਂ ਪਿੱਛੋਂ ਇਸ ਦੇ ਇੱਕ ਤਿਹਾਈ ਜੱਜ ਰਿਟਾਇਰ ਹੋ ਜਾਂਦੇ ਹਨ | ਇਹਨਾਂ ਜੱਜਾਂ ਦੀ
ਦੁਬਾਰਾ ਚੋਣ ਵੀ ਹੋ ਸਕਦੀ ਹੈ | ਅੰਤਰਰਾਸ਼ਟਰੀ ਅਦਾਲਤ ਦੇ ਜੱਜ ਆਪਣੇ ਵਿੱਚੋ ਹੀ ਤਿੰਨ ਸਾਲਾਂ ਲਈ
ਇੱਕ ਨੂੰ ਸਭਾਪਤੀ ਅਤੇ ਦੂਜੇ ਨੂੰ ਉਪ ਸਭਾਪਤੀ ਚੁਣਦੇ ਹਨ | ਇਸ ਅਦਾਲਤ ਨੂੰ ਕੋਈ ਮੁਢਲਾ ਅਧਿਕਾਰ ਖੇਤਰ ਪ੍ਰਾਪਤ ਨਹੀਂ ਹੈ | ਇਹ ਕੇਵਲ
ਉਹਨਾਂ ਮਾਮਲਿਆਂ ‘ਤੇ ਵਿਚਾਰ ਕਰਦੀ ਹੈ ਜੋ ਇਸ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ | ਇਸ
ਅਦਾਲਤ ਦਾ ਮੁੱਖ ਕੰਮ ਵੱਖ-ਵੱਖ ਰਾਜਾਂ ਦੇ ਆਪਸੀ ਝਗੜਿਆਂ ਦਾ ਨਿਰਣਾ ਕਰਨਾ ਹੈ | ਇਹ ਅਦਾਲਤ
ਸੰਯੁਕਤ ਰਾਸ਼ਟਰ ਸੰਘ ਦੇ ਵੱਖ-ਵੱਖ ਅੰਗਾਂ ਨੂੰ ਕਾਨੂੰਨੀ ਸਲਾਹ ਵੀ ਦਿੰਦੀ ਹੈ | ਇਸ ਅਦਾਲਤ ਦਾ
ਮੁੱਖ ਦਫ਼ਤਰ ਹੇਗ ( ਹਾਲੈੰਡ ) ਵਿਖੇ ਹੈ |
ਸੱਕਤਰੇਤ
: ਸੰਯੁਕਤ ਰਾਸ਼ਟਰ ਸੰਘ ਦਾ ਇੱਕ ਸੱਕਤਰੇਤ ਹੈ ਜੋ ਇਸ ਸੰਸਥਾ ਦਾ ਸਾਰਾ
ਦਫਤਰੀ ਕੰਮ ਕਰਦਾ ਹੈ | ਸੱਕਤਰੇਤ ਦੇ ਮੁੱਖੀ ਨੂੰ ਮਹਾਂ-ਸੱਕਤਰ ਕਿਹਾ ਜਾਂਦਾ ਹੈ | ਮਹਾਂ-ਸੱਕਤਰ
ਦੀ ਨਿਯੁਕਤੀ ਸੁਰੱਖਿਆ ਪਰਿਸ਼ਦ ਦੀ ਸਿਫ਼ਾਰਿਸ਼ ਉੱਤੇ ਮਹਾਂ-ਸਭਾ ਦੁਆਰਾ ਪੰਜ ਸਾਲਾਂ ਲਈ ਕੀਤੀ ਜਾਂਦੀ
ਹੈ | ਸੁਰੱਖਿਆ ਪਰਿਸ਼ਦ ਦੀ ਸਿਫ਼ਾਰਿਸ਼ ਵਿੱਚ ਇਸ ਦੇ ਪੰਜ ਸਥਾਈ ਮੈਂਬਰਾਂ ਸਮੇਤ ਨੌ ਮੈਂਬਰਾਂ ਦਾ
ਬਹੁਮਤ ਜਰੂਰੀ ਹੈ | ਇਸ ਸਮੇਂ ਐਨਟੋਨੀਓ ਗੁਟਰੇਸ ਸੰਯੁਕਤ ਰਾਸ਼ਟਰ ਦੇ ਮਹਾਂ-ਸੱਕਤਰ ਹਨ | ਉਹ ਇਸਤੋਂ
ਪਹਿਲਾਂ ਪੁਰਤਗਾਲ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ |