ਆਖਿਰ ਭਾਰਤ ਦੀ ਖੋਜ ਦੀ ਲੋੜ ਕਿਉਂ ਪਈ ......?

ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਨੇ ਇੱਕ ਕਿਤਾਬ ਲਿਖੀ ਹੈ ਜਿਸਦਾ ਨਾਮ ਹੈ _ “ Discovery of India ਜਿਸਦਾ ਅਰਥ ਹੈ - “ ਭਾਰਤ ਇੱਕ ਖੋਜ ” | ਪਰ ਅਸੀਂ ਇਹ ਨਹੀਂ ਸੋਚਦੇ ਕਿ ਭਾਰਤ ਤਾਂ ਪਹਿਲਾਂ ਹੀ ਇਸ ਧਰਤੀ ਉੱਤੇ ਸਥਿੱਤ ਸੀ ਤਾਂ ਫਿਰ ਭਾਰਤ ਦੀ ਖੋਜ ਦੀ ਕੀ ਲੋੜ ਸੀ ?
ਅਸਲ ਵਿੱਚ ਭਾਰਤ ਦੀ ਖੋਜ ਤੋਂ ਪਹਿਲਾਂ ਧਰਤੀ ਉੱਤੇ ਬਹੁਤ ਸਾਰੇ ਭੂਗੋਲਿਕ ਇਲਾਕਿਆਂ ਦੀ ਖੋਜ ਕਿਸੇ ਨੇ ਵੀ ਕਦੇ ਨਹੀਂ ਸੀ ਕੀਤੀ | ਅਤੇ ਬਹੁਤ ਸਾਰੇ ਦੇਸ਼ ਅਤੇ ਮਹਾਂਦੀਪ ਵੀ ਮਨੁੱਖ ਵੱਲੋਂ ਬਨਾਏ ਹੋਏ ਨਕਸ਼ੇ ਉੱਤੇ ਨਹੀਂ ਸਨ | ਧਰਤੀ ਉੱਤੇ ਸਥਿੱਤ ਯੂਰਪ ਅਤੇ ਏਸ਼ੀਆ ਦੇ ਮਹਾਂਦੀਪ ਆਪਸ ਵਿੱਚ ਜੁੜੇ ਹੋਏ ਹਨ | ਇਸ ਕਾਰਣ ਇਹਨਾਂ ਦੋਹਾਂ ਮਹਾਂਦੀਪਾਂ ਵਿੱਚ ਵਧਣ ਫੁਲਣ ਵਾਲੀਆਂ ਸਭਿਅਤਾਵਾਂ ਦਾ ਆਪਸ ਵਿੱਚ ਖੂਬ ਵਪਾਰ ਹੁੰਦਾ ਸੀ | ਪਰ ਜਦੋਂ ਤੁਰਕਾਂ ਨੇ 1453 ਈ. ਵਿੱਚ ਕੰਤੁਸਤੁਨਿਆ ( Constantinople ) ਉੱਤੇ ਆਪਣਾ ਕਬਜ਼ਾ ਕਰ ਲਿਆ ਤਾਂ ਇਸ ਨਾਲ ਯੂਰਪੀ ਵਪਾਰੀਆਂ ਵਾਸਤੇ ਭਾਰਤ ਨੂੰ ਜਾਣ ਵਾਲਾ ਇੱਕੋ ਇੱਕ ਰਸਤਾ ਬੰਦ ਹੋ ਗਿਆ | ਕਿਉਂਕਿ ਉਸ ਸਮੇਂ ਤੱਕ ਕੇਵਲ ਧਰਾਤਲੀ ਰਸਤੇ ਬਾਰੇ ਹੀ ਲੋਕਾਂ ਨੂੰ ਪਤਾ ਸੀ | ਇਸ ਨਾਲ ਯੂਰਪੀ ਵਪਾਰੀਆਂ ਨੂੰ ਕਾਫੀ ਠੇਸ ਲੱਗੀ ਕਿਉਂਕਿ ਸਾਰੀ ਦੁਨੀਆਂ ਉਸ ਸਮੇਂ ਭਾਰਤ ਨਾਲ ਖੂਬ ਵਪਾਰ ਕਰਦੀ ਸੀ ਅਤੇ ਭਾਰਤ ਇੱਕ ਸੋਨੇ ਦੀ ਚਿੜੀ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ | ਇਸ ਲਈ ਯੂਰਪ ਦੇ ਵਪਾਰੀਆਂ ਨੇ ਭਾਰਤ ਤੱਕ ਜਾਣ ਵਾਲਾ ਕੋਈ ਨਵਾਂ ਬਦਲਵਾਂ ਰਸਤਾ ਲਭਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ | ਇਸੇ ਯਤਨਾਂ ਦੇ ਚੱਕਰ ਵਿੱਚ ਹੀ ਕੋਲੰਬਸ ਅਮਰੀਕਾ ਪਹੁੰਚ ਗਿਆ ਅਤੇ ਉਸਨੇ ਉਹਨਾਂ ਨੂੰ ਹੀ ਭਾਰਤ ਦੇ ਲੋਕ ਸਮਝਦਾ ਰਿਹਾ | ਕਹਿੰਦੇ ਹਨ ਕਿ ਉਹ ਆਪਣੀ ਮੌਤ ਤੱਕ ਵੀ ਉਸਨੂੰ ਭਾਰਤ ਹੀ ਸਮਝਦਾ ਰਿਹਾ ਸੀ | ਜਿਸ ਸਥਾਨ ਤੇ ਉਹ ਪੁੱਜਾ ਉਸਨੂੰ ਇਸੇ ਕਾਰਣ ਵੈਸਟ ਇੰਡੀਜ਼ ਆਖਦੇ ਹਨ |
ਭਾਰਤ ਦੀ ਖੋਜ ਕਰਦੇ ਹੋਏ ਬਹੁਤ ਸਾਰੇ ਸਮੁੰਦਰੀ ਯਾਤਰੀਆਂ ਨੇ ਕਈ ਨਵੀਆਂ ਭੂਗੋਲਿਕ ਖੋਜਾਂ ਕਰ ਛੱਡੀਆਂ | ਪਰ ਅੰਤ ਵਿੱਚ ਕਾਮਯਾਬੀ ਮਿਲੀ ਤਾਂ ਪੁਰਤਗਾਲ ਦੇ ਵਾਸਕੋ-ਡੀ-ਗਾਮਾ ਨੂੰ | ਉਸਨੇ ਅਫਰੀਕਾ ਮਹਾਂਦੀਪ ਦੇ ਖੱਬੇ ਪਾਸੇ ਤੱਟ ਦੇ ਨਾਲ-ਨਾਲ ਚਲਦੇ ਹੋਏ ਆਸ਼ਾ ਅੰਤਰੀਪ ਤੱਕ ਪਹੁੰਚ ਕੇ ਸੱਜੇ ਪਾਸੇ ਵੱਲ ਪੁਰਬ ਦਿਸ਼ਾ ਵੱਲ ਯਾਤਰਾ ਲਗਾਤਾਰ ਜਾਰੀ ਰੱਖੀ ਅਤੇ ਅੰਤ ਵਿੱਚ 1498 ਈ. ਨੂੰ ਉਹ ਕਾਲੀਕੱਟ ਦੀ ਬੰਦਰਗਾਹ ਤੇ ਪੁੱਜਾ | ਇਸ ਤਰਾਂ ਵਿਸ਼ਵ ਵਿੱਚ ਇਕ ਨਵੇਂ ਯੁੱਗ ਦੀ ਸ਼ੁਰੁਆਤ ਹੋਈ ਅਤੇ ਪੁਰਤਗਾਲੀਆਂ ਨਾਲ ਭਾਰਤ ਦੇ ਸਬੰਧ ਬਾਕੀ ਯੂਰਪੀ ਵਪਾਰੀਆਂ ਤੋਂ ਪਹਿਲਾਂ ਬਣੇ | ਪੁਰਤਗਾਲੀਆਂ ਨੇ ਕਾਲੀਕਟ , ਗੋਆ , ਦਮਨ , ਦੀਵ ਅਤੇ ਹੁਗਲੀ ਵਿੱਚ ਆਪਣੇ ਵਪਾਰ ਨੂੰ ਸਥਾਪਿਤ ਕੀਤਾ | ਕਹਿੰਦੇ ਹਨ ਕਿ ਵਾਸਕੋ-ਡਿਗਾਮਾ ਨੇ ਜਿੰਨਾਂ ਖਰਚ ਆਪਣੇ ਸਫਰ ਉੱਤੇ ਕੀਤਾ ਸੀ ਭਾਰਤ ਦੇ ਨਾਲ ਵਪਾਰ ਵਿੱਚ ਉਸਨੂੰ ਸੱਠ ਪ੍ਰਤੀਸ਼ੱਤ ਵੱਧ ਲਾਭ ਹੋਇਆ ਸੀ | ਫ੍ਰਾਂਸਿਸ੍ਕੋ ਅਲਮੀਡਾ ਅਤੇ ਅਲ੍ਬੁਕਰਕ ਪ੍ਰਸਿੱਧ ਪੁਰਤਗਾਲੀ ਗਵਰਨਰ ਜਨਰਲ ਸਨ | ਇਹਨਾਂ ਦੀ ਗਤਿਵਿਧਿਆਂ ਦਾ ਮੁੱਖ ਕੇਂਦਰ ਗੋਆ ਸੀ | ਅਲ੍ਬੁਕਰਕ ਨੇ ਗੋਆ ਬੀਜਾਪੁਰ ਦੇ ਸੁਲਤਾਨ ਯੂਸੁਫ਼ ਆਦਿਲ ਸ਼ਾਹ ਤੋਂ 1510 ਈ. ਵਿੱਚ ਜਿੱਤਿਆ ਸੀ | ਪੁਰਤਗਾਲੀਆਂ ਤੋਂ ਬਾਅਦ ਡਚ , ਡੈਨਿਸ਼ , ਫਰੈਂਚ ਅਤੇ ਅੰਗ੍ਰੇਜੀ ਕੰਪਨੀਆਂ ਨੇ ਵੀ ਭਾਰਤ ਵੱਲ ਆਪਣਾ ਵਪਾਰ ਚਲਾਉਣ ਲਈ ਪੈਰ ਪਸਾਰਨੇ ਸ਼ੁਰੂ ਕੀਤੇ | ਇਹਨਾਂ ਵਿੱਚੋਂ ਅੰਗ੍ਰੇਜੀ ਕੰਪਨੀ “ ਈਸਟ ਇੰਡੀਆ ਕੰਪਨੀ ” ਨੇ ਬਾਕੀ ਯੂਰਪੀ ਕੰਪਨੀਆਂ ਦੇ ਮੁਕਾਬਲੇ ਜਿਆਦਾ ਤਾਕਤ ਹਾਸਲ ਕਰ ਲਈ ਅਤੇ ਹੋਲੀ-ਹੋਲੀ ਪੂਰੇ ਭਾਰਤ ਨੂੰ ਆਪਣੇ ਕਬਜੇ ਵਿੱਚ ਲੈ ਲਿਆ |