ਬੰਗਾਲ ਦੀ ਵੰਡ ( 1905 ) ਦੀ ਅਸਲੀਅਤ ਅਤੇ ਇਸਦੇ ਦੂਰਗਾਮੀ ਪ੍ਰਭਾਵ

ਬੰਗਾਲ ਦੀ ਵੰਡ ਭਾਰਤ ਦੀ ਰਾਸ਼ਟਰੀ ਜਾਗ੍ਰਿਤੀ ਵਿੱਚ ਵਾਧਾ ਕਰਨ ਵਿੱਚ ਇੱਕ ਵਿਲੱਖਣ ਮੋੜ ਸਿੱਧ ਹੋਈ | ਭਾਵੇਂ ਲਾਰਡ ਕਰਜ਼ਨ ਨੇ ਇਸ ਵੰਡ ਨੂੰ ਸਹੀ ਠਹਿਰਾਉਣ ਲਈ ਕੁਝ ਵੀ ਕਾਰਨ ਦੱਸੇ ਹੋਣ | ਪਰ ਇਹ ਗੱਲ ਸਪਸ਼ਟ ਹੈ ਕਿ ਬੰਗਾਲ ਦੀ ਵੰਡ ਤੋਂ ਬਾਅਦ ਹੀ ਭਾਰਤੀ ਲੋਕਾਂ ਵਿੱਚ ਅਮਲੀ ਤੌਰ ਤੇ ਰਾਸ਼ਟਰੀ ਭਾਵਨਾਵਾਂ ਨੇ ਜਨਮ ਲੈਣਾਂ ਸ਼ੁਰੂ ਕੀਤਾ ਸੀ | ਇਸਤੋਂ ਪਹਿਲਾਂ ਭਾਵੇਂ 1857 ਈ. ਦਾ ਵਿਦਰੋਹ ਹੋਵੇ ਜਾਂ ਹੋਰਾਂ ਥਾਈਂ ਹੋਣ ਵਾਲੇ ਸਥਾਨਕ ਅੰਦੋਲਨ ਹੋਣ , ਬਾਕੀ ਸਭ ਅੰਦੋਲਨਾਂ ਦਾ ਪ੍ਰਭਾਵ ਜਾਂ ਤਾਂ ਸਥਾਨਕ ਰਿਹਾ ਜਾਂ ਫਿਰ ਕੁਝ ਸਮਾਂ ਪਾ ਕੇ ਉਸਦਾ ਪ੍ਰਭਾਵ ਨਜ਼ਰਾਂ ਤੋ ਉਹਲੇ ਹੋ ਗਿਆ |
ਪਰ ਬੰਗਾਲ ਦੀ ਵੰਡ ਦਾ ਦੂਰਗਾਮੀ ਅਸਰ ਹੋਇਆ ਕਿਉਂਕਿ ਇਸਨੇ ਕੇਵਲ ਰਾਜਨੀਤਿਕ ਨੇਤਾਵਾਂ ਵਿੱਚ ਹੀ ਕਿਰਿਆਸ਼ੀਲਤਾ ਨਹੀਂ ਲਿਆਂਦੀ ਸਗੋਂ ਆਮ ਭਾਰਤੀ ਜਨਮਾਨਸ ਨੂੰ ਵੀ ਝਿੰਜੋੜਿਆ ਅਤੇ ਉਹਨਾਂ ਨੂੰ ਇਹ ਅਹਿਸਾਸ ਦਿਵਾਇਆ ਕਿ ਅੰਗ੍ਰੇਜੀ ਸਰਕਾਰ ਨੂੰ ਭਾਰਤੀਆਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਉਹ ਤਾਂ ਸਿਰਫ “ ਪਾੜੋ ਅਤੇ ਰਾਜ ”  ਕਰੋ ਦੀ ਨੀਤੀ ਉੱਤੇ ਚੱਲ ਕੇ ਦੇਸ਼ ਵਿੱਚ ਆਪਣਾ ਰਾਜ ਚਲਾਉਣਾ ਚਾਹੁੰਦੇ ਹਨ | ਦੂਜੇ ਪਾਸੇ ਅੰਗਰੇਜਾਂ ਨੇ ਭਾਵੇਂ ਬਾਅਦ ਵਿੱਚ ਬੰਗਾਲ ਦੀ ਵੰਡ ਨੂੰ ਨਿਰਸਤ ਕਰ ਦਿੱਤਾ ਪਰ ਉਹਨਾਂ ਨੇ ਇਸੇ ਘਟਨਾਂ ਤੋਂ ਬਾਅਦ ਹੀ ਕਮਿਉਨਲ ਕਾਰਡ ਖੇਡਣਾ ਸ਼ੁਰੂ ਕੀਤਾ ਸੀ | ਕਿਉਂਕਿ ਅੰਗ੍ਰੇਜੀ ਸਰਕਾਰ ਨੇ ਬੰਗਾਲ ਵੰਡ ਦੌਰਾਨ ਹੀ ਦੋਹਾਂ ਕਮਿਉਨਿਟੀ ਦੇ ਲੀਡਰਾਂ ਦੇ ਦਿਲ ਦੀਆਂ ਭਾਵਨਾਂਵਾਂ ਨੂੰ ਸਮਝ ਲਿਆ ਸੀ ਕਿ ਉਹ ਇਸ ਵੰਡ ਦੇ ਵਿਰੁੱਧ ਕਿਉਂ ਹਨ | ਜਦਕਿ ਇਸ ਤੋਂ ਪਹਿਲਾਂ ਕੋਈ ਵੀ ਘਟਨਾ ਅਜਿਹੀ ਨਹੀਂ ਹੋਈ ਸੀ ਜਿਥੋਂ ਅੰਗਰੇਜਾਂ ਨੇ ਹਿੰਦੂ ਅਤੇ ਮੁਸਲਿਮ ਭਾਵਨਾਂਵਾਂ ਨੂੰ ਭਾਂਪਿਆ ਹੋਵੇ |
ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕਰਨ ਦੇ ਪੱਖ ਵਿੱਚ ਜੋ ਦਲੀਲਾਂ ਦਿੱਤੀਆਂ ਉਹਨਾਂ ਵਿੱਚ ਮੁੱਖ ਦਲੀਲ ਪ੍ਰਸ਼ਾਸਨਕ ਆਧਾਰ ਸੀ |ਉਸਦੇ ਅਨੁਸਾਰ ਬੰਗਾਲ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਇੰਨੇਂ ਵੱਡੇ ਖੇਤਰ ਉੱਤੇ ਪ੍ਰਸ਼ਾਸਨਕ ਅਧਿਕਾਰੀ ਲਈ ਕੰਮ ਕਰਨਾ ਬਹੁਤ ਮੁਸ਼ਕਿਲ ਹੈ | ਯਾਦ ਰਹੇ ਕਿ ਬੰਗਾਲ ਦੀ ਵੰਡ ਤੋਂ ਪਹਿਲਾਂ ਇਸ ਵਿੱਚ ਬਿਹਾਰ , ਉੜੀਸਾ ਅਤੇ ਅਸਾਮ ਦੇ ਵੀ ਇਲਾਕੇ ਸ਼ਾਮਿਲ ਸਨ | ਉਸ ਸਮੇਂ ਇਹ ਖੇਤਰ ਬਹੁਤ ਅਧਿਕ ਜਨਸੰਖਿਆ ਘਣਤਾ ਵਾਲਾ ਵੀ ਸੀ | ਸਨ 1874 ਈ. ਵਿੱਚ ਬ੍ਰਿਟਿਸ਼ ਸਰਕਾਰ ਨੇ ਅਸਾਮ ਨੂੰ ਬੰਗਾਲ ਤੋਂ ਅਲਗ ਕਰ ਦਿੱਤਾ ਸੀ | ਇਸਨੂੰ ਇੱਕ ਅਲਗ ਚੀਫ਼ ਕਮਿਸ਼ਨਰ ਪ੍ਰਾਂਤ ਬਣਾ ਦਿੱਤਾ ਗਿਆ | ਬਾਅਦ ਵਿੱਚ ਇਸ ਵਿੱਚ ਬੰਗਾਲੀ ਭਾਸ਼ਾ ਦਾ ਖੇਤਰ ਸਿਲਹਟ ਵੀ ਜੋੜ ਦਿੱਤਾ ਗਿਆ | ਅਸਾਮ ਦੇ ਖੇਤਰ ਵਿੱਚ ਸਨ 1897 ਈ. ਵਿੱਚ ਦੁਬਾਰਾ ਵਾਧਾ ਕੀਤਾ ਗਿਆ ਜਦੋਂ ਇਸ ਵਿੱਚ ਬੰਗਾਲ ਤੋਂ ਦੱਖਣੀ ਲੁਸ਼ਾਈ ਪਹਾੜੀ ਲੜੀ ਵੀ ਇਸ ਨਾਲ ਜੋੜ ਦਿੱਤੀ ਗਈ | ਬੰਗਾਲ ਉੱਤੇ ਅਸਲੀ ਵੰਡ ਦਾ ਹਮਲਾ ਤਾਂ 1899 ਈ. ਵਿੱਚ ਹੋਇਆ ਜਦੋਂ ਲਾਰਡ ਕਰਜ਼ਨ ਨੇ ਕਲਕੱਤਾ ਕਾਰਪੋਰੇਸ਼ਨ ਦੇ ਚੁਣੇ ਹੋਏ ਮੈਂਬਰਾਂ ਦੀ ਗਿਣਤੀ ਨੂੰ ਵੀ ਘਟਾ ਦਿੱਤਾ | ਗਿਣਤੀ ਵਿੱਚ ਇਹ ਕਮੀ ਸਿਰਫ ਕੁਝ ਯੂਰਪੀ ਵਪਾਰੀਆਂ ਦੀ ਇੱਛਾ ਨੂੰ ਸ਼ਾਂਤ ਕਰਨ ਵਾਸਤੇ ਕੀਤੀ ਗਈ | ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲਾਈਸੈਂਸ ਅਤੇ ਹੋਰ ਸਹੂਲਤਾਂ ਲੈਣ ਵਿੱਚ ਦੇਰੀ ਹੋ ਰਹੀ ਸੀ | ਸਨ 1905 ਈ. ਵਿੱਚ ਕੀਤੀ ਗਈ ਬੰਗਾਲ ਦੀ ਵੰਡ ਨੂੰ ਭਾਰਤੀ ਰਾਸ਼ਟਰੀਅਤਾ ਉੱਤੇ ਛੁਪਿਆ ( Underground Attack ) ਹੋਇਆ ਹਮਲਾ ਸਮਝਿਆ ਗਿਆ | ਇਸ ਵੰਡ ਨਾਲ ਲਾਰਡ ਕਰਜ਼ਨ ਬ੍ਰਿਟਿਸ਼ ਰਾਜ ਦੇ ਵਿਦਰੋਹੀਆਂ ਨੂੰ ਅਲਗ-ਥਲਗ ਕਰਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਤਰਾਂ ਦੇ ਵਿਰੋਧ ਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ | ਬੰਗਾਲ ਦੀ ਏਕਤਾ ਉਹਨਾਂ ਦੀ ( ਭਾਰਤੀ ਦੇਸ਼ ਪ੍ਰੇਮੀਆਂ ਦੀ ) ਬਹੁਤ ਵੱਡੀ ਸ਼ਕਤੀ ਸੀ ਜਿਸਨੂੰ ਦੋ ਫਾੜ ਕਰਕੇ ਕਮਜ਼ੋਰ ਕਰਨਾ ਲਾਰਡ ਕਰਜ਼ਨ ਦਾ ਮੁੱਖ ਉੱਦੇਸ਼ ਸੀ |
ਬੰਗਾਲ ਦੀ ਵੰਡ ਦਾ ਵਿਚਾਰ ਸਭ ਤੋਂ ਪਹਿਲਾਂ ਵਿਲੀਅਮ ਵਾਰਡ ਨੇ ਜੋ ਉਸ ਸਮੇਂ ਅਸਾਮ ਦਾ ਚੀਫ਼ ਕਮਿਸ਼ਨਰ ਸੀ , ਨੇ ਸਨ 1896 ਈ. ਵਿੱਚ ਦਿੱਤਾ ਸੀ | ਬਾਅਦ ਵਿੱਚ ਪੂਰਵੀ ਭਾਰਤ ਵਿੱਚ ਉਠ ਰਹੀ ਰਾਸ਼ਟਰੀ ਲਹਿਰ ਨਾਲ ਨਜਿੱਠਣ ਵਾਸਤੇ ਲਾਰਡ ਕਰਜ਼ਨ ਅਤੇ ਉਸਦੇ ਸਲਾਹਕਾਰ ਸਰ ਏ. ਫਰੇਸਰ ( ਜੋ ਉਸ ਸਮੇਂ ਬੰਗਾਲ ਦਾ ਲੈਫਟੀਨੈੰਟ ਗਵਰਨਰ ਸੀ ) ਅਤੇ ਐਚ.ਐਚ. ਰਿਸਲੇ ( ਜੋ ਉਸ ਸਮੇਂ ਭਾਰਤ ਸਰਕਾਰ ਵਿੱਚ ਗ੍ਰਹਿ ਵਿਭਾਗ ਦਾ ਸਕੱਤਰ ਸੀ ) ਨੇ ਇਸਦਾ ਹੱਲ ਕਢਿਆ ਕਿ ਬੰਗਾਲ ਦੇ ਬੰਗਾਲੀ ਭਾਸ਼ਾਈ ਖੇਤਰ ਅਲਗ ਕਰ ਦਿੱਤੇ ਜਾਣ | ਰਿਸਲੇ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ,” ਬੰਗਾਲ ਇੱਕ ਹੈ ਤਾਂ ਸ਼ਕਤੀਸ਼ਾਲੀ ਰਹੇਗਾ ਅਤੇ ਵੰਡਿਆ ਹੋਇਆ ਬੰਗਾਲ ਅਲਗ-ਅਲਗ ਰਸਤਿਆਂ ਵੱਲ ਖਿੱਚਿਆ ਜਾਵੇਗਾ | " ਕਰਜ਼ਨ ਦਾ ਇਹ ਕਹਿਣਾ ਸੀ ਕਿ - " ਭਾਰਤੀਆਂ ਉੱਤੇ ਕੇਵਲ ਰਾਜ ਕਰੋ ਉਹਨਾਂ ਨੂੰ ਕਿਸੇ ਤਰਾਂ ਦੀਆਂ ਆਸਾਂ ਨਾ ਪਾਲਣ ਦਿਓ | "
ਇਸਤੋਂ ਇਲਾਵਾ ਕਰਜ਼ਨ ਨੇ ਯੂਨੀਵਰਸਿਟੀ ਐਕਟ ( 1904 ) ਨੂੰ ਵੀ ਪਾਸ ਕਰਵਾਇਆ ਅਤੇ ਉਸਨੂੰ ਲਾਗੂ ਕੀਤਾ | ਇਸ ਐਕਟ ਅਨੁਸਾਰ ( ਯੂਨੀਵਰਸਿਟੀ ਵਿੱਚ ) ਸੀਨੇਟ ਦੇ ਚੁਣੇ ਹੋਏ ਮੈਂਬਰ ਜੋ ਜਿਆਦਾਤਰ ਭਾਰਤੀ ਸਨ , ਦੀ ਗਿਣਤੀ ਘਟਾ ਦਿੱਤੀ ਗਈ | ਇਸ ਤਰਾਂ ਕਲਕੱਤਾ ਯੂਨੀਵਰਸਿਟੀ ਨਾਲ ਸਬੰਧਤ ਕਾਲਜ ਅਤੇ ਸਕੂਲਾਂ ਨੂੰ ਗ੍ਰਾੰਟ ਅਤੇ ਹੋਰ ਸਹੂਲਤਾਂ ਆਦਿ ਦੇਣ ਦੀ ਸ਼ਕਤੀ ਸਰਕਾਰੀ ( ਬ੍ਰਿਟਿਸ਼ ) ਅਧਿਕਾਰੀਆਂ ਨੂੰ ਸੌੰਪ ਦਿੱਤੀ ਗਈ |
ਬੰਗਾਲ ਦੀ ਜੋ ਵੰਡ ਹੋਈ ਉਸ ਵਿੱਚ ਪੂਰਵੀ ਖੇਤਰ ਵਿੱਚ ਮੁਸਲਿਮ ਆਬਾਦੀ ਜਿਆਦਾ ਸੀ ਜਦਕਿ ਪਛਮੀ ਖੇਤਰ ਵਿੱਚ ਹਿੰਦੂ ਆਬਾਦੀ ਬਹੁਤ ਜਿਆਦਾ ਅਤੇ ਮੁਸਲਿਮ ਘੱਟ ਸਨ | ਭਾਰਤੀ ਲੋਕਾਂ ਦੇ ਮਨ ਵਿੱਚ ਭਾਵੇਂ ਜੋ ਵੀ ਵਿਚਾਰ ਹੋਵੇ ਪਰ ਇਸ ਨਾਲ ਅੰਗਰੇਜਾਂ ਨੂੰ ਭਾਰਤੀ ਲੋਕਾਂ ਦੇ ਖਿਲਾਫ਼ ਆਸਾਨੀ ਨਾਲ ਲੜਨ ਵਾਸਤੇ ਕਮਿਉਨਲ ਹਥਿਆਰ ਮਿਲ ਗਿਆ | ਇਸ ਵੰਡ ਦੌਰਾਨ ਹੀ ਮੁਸਲਿਮ ਲੀਗ ਦਾ ਜਨਮ (1906 ) ਹੋਇਆ ਸੀ | ਕਰਜ਼ਨ ਨੇ ਮੁਸਲਿਮ ਲੀਡਰਾਂ ਨੂੰ ਖੁਸ਼ ਕਰਨਾ ਸ਼ੁਰੂ ਕੀਤਾ ਤਾਂ ਲੀਗ ਦੇ ਨੇਤਾਵਾਂ ਨੇ ਵੀ ਅੰਗਰੇਜਾਂ ਦਾ ਵਿਰੋਧ ਕਰਨ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ | ਇਸ ਤਰਾਂ ਇੱਕ ਪਾਸੇ ਤਾਂ ਇਸ ਬੰਗਾਲ ਦੀ ਵੰਡ ਨੇ ਭਾਵੇਂ ਦੇਸ਼ ਪ੍ਰੇਮ ਅਤੇ ਜਨਤਾ ਵਿੱਚ ਰਾਸ਼ਟਰੀ ਭਾਵਨਾ ਨੂੰ ਜਾਗ੍ਰਿਤ ਕੀਤਾ | ਪਰ ਦੂਜੇ ਪਾਸੇ ਰਾਜਨੇਤਾਵਾਂ ਦੇ ਆਪਣੇ ਨਿਜੀ ਹਿੱਤਾਂ ਕਾਰਨ ਦੇਸ਼ ਵਿੱਚ ਅੰਗਰੇਜਾਂ ਨੂੰ ਕਮਿਉਨਲ ਕਾਰਡ ਖੇਡਣ ਦਾ ਰਾਹ ਲਭ ਗਿਆ ਜੋ ਅੰਤ ਵਿੱਚ ਪਾਕਿਸਤਾਨ ਦੇ ਜਨਮ ਨਾਲ ਅਤੇ ਅੰਗਰੇਜਾਂ ਦੇ ਭਾਰਤ ਛੱਡਣ ਨਾਲ ਹੀ ਖਤਮ ਹੋਇਆ |


- ਉਮੇਸ਼ਵਰ ਨਾਰਾਇਣ -

           _________________________________________________________