ਰਾਸ਼ਟਰੀ ਅੰਦੋਲਨ ਦੌਰਾਨ ਨਰਮ ਦਲ ਦੀ ਅਹਿਮ ਭੂਮਿਕਾ ਅਤੇ ਯੋਗਦਾਨ

1905 ਈ. ਵਿੱਚ ਬੰਗਾਲ ਦੀ ਵੰਡ ਤੋਂ ਬਾਅਦ ਨਰਮ ਦਲ ਅਤੇ ਗਰਮ ਦਲ ਹੋਂਦ ਵਿੱਚ ਆਏ | ਇਸਤੋਂ ਪਹਿਲਾਂ ਕਾਂਗਰਸ ਵਿੱਚ ਨਰਮ ਦਲ ਦੇ ਹੀ ਨੇਤਾ ਸਨ | ਬੇਸ਼ਕ ਗਰਮ ਦਲ ਦੇ ਨੇਤਾ ਜਨਤਾ ਦੇ ਦਿਲਾਂ ਵਿੱਚ ਆਪਣੀ ਗਰਮ ਖਿਆਲੀ ਵਿਚਾਰਧਾਰਾ ਕਾਰਨ ਜਲਦੀ ਹੀ ਜਗ੍ਹਾ ਬਣਾ ਗਏ ਸਨ | ਅਤੇ ਬਾਅਦ ਵਿੱਚ ਸਾਰੇ ਭਾਰਤੀ ਰਾਸ਼ਟਰੀ ਅੰਦੋਲਨ ਵਿੱਚ ਵੀ ਉਹਨਾਂ ਦਾ ਨਾਮ ਹੀ ਜਿਆਦਾ ਉਭਰਕੇ ਸਾਹਮਣੇ ਆਉਂਦਾ ਹੈ | ਪਰ ਫਿਰ ਵੀ ਨਰਮ ਖਿਆਲੀ ਨੇਤਾਵਾਂ ਦਾ ਯੋਗਦਾਨ ਵੀ ਕੋਈ ਘੱਟ ਨਹੀਂ ਸੀ | ਉਹ ਇੱਕ ਅਜਿਹੇ ਸਮੇਂ ਦੌਰਾਨ ਭਾਰਤੀ ਲੋਕਾਂ ਦੀ ਪ੍ਰਤਿਨਿਧਤਾ ਕਰ ਰਹੇ ਸਨ ਜਦੋਂ ਕਿ ਬ੍ਰਿਟਿਸ਼ ਭਾਰਤ ਵਿੱਚ ਰਾਜਨੀਤਿਕ ਸੰਸਥਾਵਾਂ ਹਾਲੇ ਜਨਮ ਲੈ ਰਹੀਆਂ ਸਨ | ਇਸਤੋਂ ਇਲਾਵਾ ਕਾਂਗਰਸ ਪਾਰਟੀ ਦੀ ਸਥਾਪਨਾ ਕੋਈ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਨਹੀਂ ਸੀ ਕੀਤੀ ਗਈ | ਬਲਕਿ ਇਸਦਾ ਮੁਢਲਾ ਉੱਦੇਸ਼ ਤਾਂ ਭਾਰਤੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣਾ ਹੀ ਸੀ | ਇਸੇ ਕਰਕੇ ਤਾਂ ਇਸਦੀ ਸਥਾਪਨਾ ਵਿੱਚ ਖੁਦ ਅੰਗ੍ਰੇਜੀ ਅਫਸਰਾਂ ਲਾਰਡ ਡਫਰਿਨ ਅਤੇ ਏ.ਓ.ਹਿਊਮ ਨੇ ਦਿਲਚਸਪੀ ਦਿਖਾਈ ਸੀ | ਅਜਿਹਾ ਇਸ ਕਰਕੇ ਕੀਤਾ ਗਿਆ ਸੀ ਤਾਂ ਜੋ ਅੱਗੇ ਤੋਂ 1857 ਈ. ਵਰਗੇ ਹਾਲਾਤ ਨਾ ਪੈਦਾ ਹੋ ਜਾਣ ਅਤੇ ਭਾਰਤੀ ਲੋਕ ਕੀ ਸੋਚ ਰਹੇ ਹਨ ਇਸ ਬਾਰੇ ਇਸ ਸੰਸਥਾ ਦੇ ਜਰੀਏ ਬ੍ਰਿਟਿਸ਼ ਸਰਕਾਰ ਨੂੰ ਲਗਾਤਾਰ ਪਤਾ ਲਗਦਾ ਰਹੇ |
ਇਸਤੋਂ ਇਲਾਵਾ ਹਾਲੇ ਤੱਕ ਭਾਰਤ ਵਿੱਚ ਜਿੰਨੇਂ ਵੀ ਹਮਲਾਵਰ ( ਯੂਨਾਨੀ , ਤੁਰਕੀ , ਪ੍ਰਸ਼ਿਅਨ , ਅਤੇ ਮੁਗਲ ਆਦਿ ) ਆਏ ਸਨ ਉਹ ਸਾਰੇ ਭਾਰਤ ਵਿੱਚ ਹੀ ਰਹਿੰਦੇ ਸਨ ਅਤੇ ਭਾਰਤੀਆਂ ਨੇ ਉਹਨਾਂ ਨੂੰ ਕਦੇ ਵੀ ਵਾਪਿਸ ਜਾਣ ਵਾਸਤੇ ਕੋਈ ਅੰਦੋਲਨ ਨਹੀਂ ਚਲਾਏ ਸਨ | ਕਿਉਂਕਿ ਉਸ ਸਮੇਂ ਰਾਸ਼ਟਰੀਅਤਾ ਦੀ ਭਾਵਨਾ ਬਾਰੇ ਕੁਝ ਪਤਾ ਨਹੀਂ ਸੀ | ਵਿਦੇਸ਼ੀ ਹਮਲਾਵਰ ਇਥੇ ਹੀ ਰਚ-ਮਿਚ ਗਏ ਸਨ ਅਤੇ ਭਾਰਤੀ ਸੰਸਕ੍ਰਿਤੀ ਦਾ ਹੀ ਹਿੱਸਾ ਬਣ ਗਏ ਸਨ | ਇਸ ਲਈ ਉਹਨਾਂ ਤੋ ਭਾਰਤੀ ਲੋਕਾਂ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਮਹਿਸੂਸ ਨਹੀਂ ਸੀ ਹੋਇਆ | ਇਸੇ ਤਰਾਂ ਬ੍ਰਿਟਿਸ਼ ਸਰਕਾਰ ਨੂੰ ਵੀ ਉਸ ਸਮੇਂ ਤੱਕ ਭਾਰਤੀ ਲੋਕ ਆਪਣੀ ਹੀ ਸਰਕਾਰ ਸਮਝਦੇ ਸਨ ਅਤੇ ਸਰਕਾਰ ਦੇ ਵਿਰੁਧ ਬੋਲਣ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਾ ਹੋਵੇ | ਇਹੀ ਕਾਰਨ ਸੀ ਕਿ ਸ਼ੁਰੂ ਵਿੱਚ ਨੈਸ਼ਨਲ ਕਾਂਗਰਸ ਦੇ ਜਿੰਨੇਂ ਵੀ ਨੇਤਾ ਸਨ ਉਹ ਸਾਰੇ ਬਹੁਤ ਹੀ ਰਾਜਭਗਤ ਸਨ | ਇਸੇ ਕਾਰਨ ਉਹਨਾਂ ਦਾ ਵਤੀਰਾ ਵੀ ਸਰਕਾਰ ਪ੍ਰਤੀ ਵਫਾਦਾਰੀ ਵਾਲਾ ਰਿਹਾ ਸੀ | ਉਹ ਕੇਵਲ ਸਰਕਾਰ ਕੋਲ ਆਪਣੀਆਂ ਪ੍ਰਾਰਥਨਾਵਾਂ ਅਤੇ ਸੁਝਾਉ ਭੇਜਦੇ ਸਨ ਅਤੇ ਆਸ ਕਰਦੇ ਸਨ ਕਿ ਸਰਕਾਰ ਉਹਨਾਂ ਦੀ ਪ੍ਰਾਰਥਨਾ ਸੁਣੇਗੀ | ਇਹੀ ਕਾਰਨ ਹੈ ਕਿ ਇਸ ਸਮੇਂ ਦੇ ਕਾਂਗਰਸੀ ਨੇਤਾਵਾਂ ਨੂੰ ਨਰਮ ਖਿਆਲੀ ਨੇਤਾ ਕਿਹਾ ਜਾਂਦਾ ਹੈ | ਇਹਨਾਂ ਨੇਤਾਵਾਂ ਵਿੱਚ ਸੁਰਿੰਦਰ ਨਾਥ ਬੈਨਰਜੀ , ਦਾਦਾਭਾਈ ਨਾਰੌਜੀ , ਫਿਰੋਜਸ਼ਾਹ ਮਹਿਤਾ , ਗੋਪਾਲ ਕ੍ਰਿਸ਼ਨ ਗੋਖਲੇ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਆਦਿ ਸਨ | ਇਹਨਾਂ ਨੇਤਾਵਾਂ ਨੇ ਹੀ ਸੂਰਤ ਸਮਾਗਮ ( 1907 ) ਤੱਕ ਰਾਸ਼ਟਰੀ ਅੰਦੋਲਨ ਦੀ ਵਾਗਡੋਰ ਸੰਭਾਲੀ ਸੀ |  ਅੰਗਰੇਜਾਂ ਦੀ ਸੱਚਾਈ , ਨਿਆਂਪ੍ਰਿਅਤਾ ਅਤੇ ਇਮਾਨਦਾਰੀ ਉੱਤੇ ਉਹਨਾਂ ਨੂੰ ਪੂਰਾ ਭਰੋਸਾ ਸੀ | ਉਹਨਾਂ ਦਾ ਵਿਚਾਰ ਸੀ ਕਿ ਭਾਰਤ ਦੀਆਂ ਪਰਿਸਥਿਤੀਆਂ ਅਤੇ ਜਨਤਾ ਦੀਆਂ ਇਛਾਵਾਂ ਦਾ ਗਿਆਨ ਹੋ ਜਾਣ ਤੋਂ ਬਾਅਦ ਅੰਗਰੇਜ ਉਹਨਾਂ ਨੂੰ ਸੁਸ਼ਾਸਨ ਦਾ ਅਧਿਕਾਰ ਦੇ ਦੇਣਗੇ | ਸੁਰਿੰਦਰ ਨਾਥ ਬੈਨਰਜੀ ਨੇ ਇੱਕ ਵਾਰੀ ਕਿਹਾ ਸੀ ਕਿ – “ We are British Subjects. England has taken us into her bosom and claims us as her own. ਦਾਦਾ ਭਾਈ ਨਾਰੌਜੀ ਨੇ ਕਿਹਾ ਸੀ ਕਿ – “ ਸਾਨੂੰ ਇਮਾਨਦਾਰ ਮਨੁੱਖ ਦੀ ਤਰਾਂ ਇਹ ਘੋਸ਼ਣਾ ਕਰ ਦੇਣੀ ਚਾਹੀਦੀ ਹੈ ਕਿ ਅਸੀਂ ਪੂਰੀ ਤਰਾਂ ਰਾਜਭਗਤ ਹਾਂ |”
ਜਿਆਦਾਤਰ ਉਦਾਰਵਾਦੀ ਨੇਤਾ ਪਛਮੀ ਸਭਿਅਤਾ ਦੀ ਉਪਜ ਸਨ | ਉਹਨਾਂ ਉੱਤੇ ਅੰਗ੍ਰੇਜੀ ਵਿਚਾਰਧਾਰਾ , ਸਭਿਅਤਾ , ਸਾਹਿੱਤ ਅਤੇ ਇਤਿਹਾਸ ਦਾ ਗਹਿਰਾ ਪ੍ਰਭਾਵ ਸੀ | ਉਹ ਅੰਗਰੇਜਾਂ ਦੀਆਂ ਰਾਜਨੀਤਿਕ ਸੰਸਥਾਵਾਂ ਦੀ ਬਹੁਤ ਹੀ ਤਾਰੀਫਾਂ ਕਰਦੇ ਸਨ | ਉਹ ਬ੍ਰਿਟਸ਼ ਰਾਜ ਨੂੰ ਭਾਰਤ ਵਾਸਤੇ ਇੱਕ ਵਰਦਾਨ ਸਮਝਦੇ ਸਨ ਅਤੇ ਬ੍ਰਿਟਿਸ਼ ਸਾਸ਼ਨ ਦੀ ਯੋਗਤਾ ਦੀ ਤਾਰੀਫ਼ ਕਰਦੇ ਸਨ ਕਿਉਂਕਿ ਇਸ ਨਾਲ ਉਹਨਾਂ ਨੂੰ ਅਨੇਕ ਲਾਭ ਮਿਲ੍ਹੇ ਸਨ | ਉਹਨਾਂ ਦਾ ਇਹ ਵਿਚਾਰ ਸੀ ਕਿ ਅੰਗਰੇਜਾਂ ਨੇ ਉਹਨਾਂ ਨੂੰ ਇੱਕ ਉੱਤਮ ਸਭਿਅਤਾ ਪ੍ਰਦਾਨ ਕੀਤੀ ਹੈ | ਅੰਗ੍ਰੇਜੀ ਸਾਹਿੱਤ , ਅੰਗ੍ਰੇਜੀ ਸਿੱਖਿਆ-ਪ੍ਰਣਾਲੀ , ਵਿਕਸਿਤ ਸੰਚਾਰ-ਸਾਧਨਾਂ ਅਤੇ ਕੁਸ਼ਲ ਨਿਆਂ-ਪ੍ਰਣਾਲੀ ਅਤੇ ਸਥਾਨਕ-ਸਾਸ਼ਨ ਨੂੰ ਅੰਗ੍ਰੇਜੀ ਸਾਸ਼ਨ ਦੀ ਬਹੁਤ ਵੱਡੀ ਦੇਣ ਮੰਨਦੇ ਸਨ |

ਉਦਾਰਵਾਦੀ ਨੇਤਾਵਾਂ ਦੇ ਪ੍ਰੋਗ੍ਰਾਮ ਵਿੱਚ ਹੇਠ ਲਿੱਖੀਆਂ ਗੱਲਾਂ ਸ਼ਾਮਿਲ ਹੁੰਦੀਆਂ ਸਨ –
·      ਕੇਂਦਰੀ ਅਤੇ ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਜਾਵੇ |
·        ਭਾਰਤੀ ਕਾਉੰਸਿਲ ਨੂੰ ਜਾਂ ਤਾਂ ਖਤਮ ਕੀਤਾ ਜਾਵੇ ਜਾਂ ਉਸ ਵਿੱਚ ਉਪਯੋਗੀ ਸੁਧਾਰ ਕੀਤੇ ਜਾਣ |
·        ਆਈ.ਸੀ.ਐੱਸ. ਦੀ ਪ੍ਰੀਖਿਆਵਾਂ ਦਾ ਭਾਰਤ ਵਿੱਚ ਵੀ ਪ੍ਰਬੰਧ ਕੀਤਾ ਜਾਵੇ |
·        ਸੈਨਾ ਉੱਤੇ ਖਰਚ ਘੱਟ ਕੀਤਾ ਜਾਵੇ |
·        ਕਾਰਜ-ਪਾਲਿਕਾ ਅਤੇ ਵਿਧਾਨ-ਪਾਲਿਕਾ ਨੂੰ ਇੱਕ ਦੂਜੇ ਤੋਂ ਅਲੱਗ ਕੀਤਾ ਜਾਵੇ |
·        ਪ੍ਰੈੱਸ ਉੱਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾਣ |
·     ਭਾਰਤੀਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਉੱਚੀਆਂ ਪਦਵੀਆਂ ਉੱਤੇ ਨਿਯੁਕਤ ਕੀਤਾ ਜਾਵੇ |
·        ਕਿਸਾਨਾਂ ਉੱਤੇ ਬੋਝ ਹਲਕਾ ਕਰਨ ਲਈ ਲਗਾਨ ਵਿੱਚ ਕਮੀ ਕੀਤੀ ਜਾਵੇ |
·       ਕਿਸਾਨਾਂ ਨੂੰ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਕਾਸ਼ਤਕਾਰੀ ਕ਼ਾਨੂਨਾਂ ਵਿੱਚ ਬਦਲਾਉ ਕੀਤਾ ਜਾਵੇ |
·        ਭਾਰਤ ਵਿੱਚ ਤਕਨੀਕੀ ਅਤੇ ਉਦਯੋਗਿਕ ਸੰਸਥਾਵਾਂ ਦੀ ਸਥਾਪਨਾ ਕੀਤੀ ਜਾਵੇ |
·        ਵਿਦੇਸ਼ਾਂ ਵਿੱਚ ਭਾਰਤੀਆਂ ਦੀ ਸੁਰਖਿਆ ਦਾ ਪ੍ਰਬੰਧ ਕੀਤਾ ਜਾਵੇ |
·        ਕੁਟੀਰ-ਉਦਯੋਗਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ |
·      ਪਿੰਡਾਂ ਵਿੱਚ ਕਿਸਾਨਾਂ ਨੂੰ ਘੱਟ ਵਿਆਜ ਤੇ ਕਰਜੇ ਦੇਣ ਲਈ ਅਤੇ ਉਹਨਾਂ ਨੂੰ ਸਾਹੂਕਾਰਾਂ ਦੇ ਚੁੰਗਲ ਤੋਂ ਛੁੜਾਉਣ ਲਈ ਬੈੰਕਾਂ ਦੀ ਸਥਾਪਨਾ ਕੀਤੀ ਜਾਵੇ |
·        ਆਮ ਜਨਤਾ ਦੀ ਸੁਤੰਤਰਤਾ ਵਿੱਚ ਬਾਧਕ ਕ਼ਾਨੂਨਾਂ ਨੂੰ ਸਮਾਪਤ ਕੀਤਾ ਜਾਵੇ |
·        ਸਥਾਨਕ ਸੰਸਥਾਵਾਂ ਦੇ ਅਧਿਕਾਰਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਉਹਨਾਂ ਵਿੱਚ ਸਰਕਾਰੀ ਦਖਲੰਦਾਜ਼ੀ ਘੱਟ ਕੀਤੀ ਜਾਵੇ |

ਇੱਥੇ ਇੱਕ ਗੱਲ ਯਾਦ ਰੱਖਣ-ਯੋਗ ਹੈ ਕਿ ਸਰਕਾਰ ਨੇ ਇਹਨਾਂ ਵਿੱਚ ਜਿਆਦਾਤਰ ਮੰਗਾਂ ਨੂੰ ਪੂਰਾ ਕਰਨ ਦੀ ਕਦੇ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਉਦਾਰਵਾਦੀ ਨੇਤਾਵਾਂ ਨੇ ਵੀ ਉਹਨਾਂ ਮੰਗਾਂ ਨੂੰ ਕਦੇ ਵੀ ਆਪਣੇ ਪ੍ਰੋਗਾਮ ਤੋਂ ਬਾਹਰ ਨਹੀਂ ਕਢਿਆ | ਇਹਨਾਂ ਵਿੱਚੋਂ ਕਈ ਮੰਗਾਂ ਅਜਿਹੀਆਂ ਸਨ ਜੋ ਪਹਿਲੇ ਸਮਾਗਮ ਵਿੱਚ ਵੀ ਪੇਸ਼ ਕੀਤੀਆਂ ਗਈਆਂ ਸਨ ਅਤੇ ਉਹ ਲਗਾਤਾਰ ਇਹਨਾਂ ਮੰਗਾਂ ਨੂੰ 1885 ਤੋਂ ਲੈ ਕੇ 1907 ਈ. ਤੱਕ ਪੇਸ਼ ਕਰਦੇ ਆ ਰਹੇ ਸਨ | ਪਰ ਸਰਕਾਰ ਨੇ ਇਹਨਾਂ ਵੱਲ ਕੋਈ ਤਵੱਜੋ ਨਹੀਂ ਦਿੱਤੀ ਸੀ |

ਉਦਾਰਵਾਦੀਆਂ ਦੀ ਕਾਰਜਵਿਧੀ :  ਉਦਾਰਵਾਦੀਆਂ ਦੀ ਕਾਰਜਵਿਧੀ ਬਹੁਤ ਹੀ ਸਾਧਾਰਣ ਅਤੇ ਹਲੀਮੀ ਵਾਲੀ ਸੀ | ਉਹ ਸ਼ਾਸਨ ਵਿੱਚ ਸੰਵਿਧਾਨਕ ਸੁਧਾਰ ਕਰਨ ਦੇ ਪੱਖ ਵਿੱਚ ਸਨ | ਉਹ ਆਪਣੀਆਂ ਮੰਗਾ ਮਨਵਾਉਣ ਲਈ ਆਪਣੇ ਪ੍ਰਤਿਨਿਧਿਮੰਡਲ ਭੇਜਦੇ ਸਨ ਅਤੇ ਅਪੀਲ ਕਰਦੇ ਸਨ | ਉਹ ਨਿਮਰਤਾ ਵਾਲੀ ਭਾਸ਼ਾ ਦਾ ਪ੍ਰਯੋਗ ਕਰਦੇ ਸਨ | ਸਮਾਚਾਰ-ਪੱਤਰ , ਭਾਸ਼ਣ ਅਤੇ ਸਲਾਨਾ ਸਮਾਗਮ ਉਹਨਾਂ ਦੇ ਪ੍ਰਚਾਰ ਦਾ ਮੁੱਖ ਸਾਧਨ ਸਨ | ਸਮਾਚਾਰ ਪੱਤਰ ਤਾਂ ਉਹਨਾਂ ਦੇ ਪ੍ਰਚਾਰ ਦਾ ਸ਼ਕਤੀਸ਼ਾਲੀ ਸਾਧਨ ਸੀ | ਬਹੁਤ ਸਾਰੇ ਉਦਾਰਵਾਦੀ ਨੇਤਾ ਤਾਂ ਕਈ ਸਮਾਚਾਰ ਪੱਤਰਾਂ ਦੇ ਸੰਪਾਦਕ ਵੀ ਸਨ | ਹਰ ਸਾਲ ਹੋਣ ਵਾਸਲੇ ਸਮਾਗਮ ਵਿੱਚ ਸਰਕਾਰ ਦੀਆਂ ਨੀਤੀਆਂ ਉੱਤੇ ਚਰਚਾ ਹੁੰਦੀ ਸੀ ਅਤੇ ਮੰਗਾਂ ਨੂੰ ਪ੍ਰਸਤਾਵ ਦੇ ਰੂਪ ਵਿੱਚ ਪਾਸ ਕਰਕੇ ਸਰਕਾਰ ਕੋਲ ਭੇਜ ਦਿੱਤਾ ਜਾਂਦਾ ਸੀ | ਇਸਤੋਂ ਬਾਅਦ ਇਹ ਆਸ ਕੀਤੀ ਜਾਂਦੀ ਸੀ ਕਿ ਸਰਕਾਰ ਉਹਨਾਂ ਮੰਗਾਂ ਨੂੰ ਮੰਨ ਲਏਗੀ | ਅਗਲੇ ਸਮਾਗਮ ਵਿੱਚ ਪੁਰਾਣੇ ਪ੍ਰਸਤਾਵਾਂ ਨੂੰ ਫਿਰ ਦੁਹਰਾਇਆ ਜਾਂਦਾ ਸੀ ਅਤੇ ਇੱਕ ਦੋ ਨਵੇਂ ਪ੍ਰਸਤਾਵ ਵੀ ਪਾਸ ਕੀਤੇ ਜਾਂਦੇ ਸਨ | ਕਾਂਗਰਸ ਦੇ ਉਦਾਰਵਾਦੀ ਨੇਤਾ ਅੰਗਰੇਜਾਂ ਦੀ ਮਿਹਰਬਾਨੀ ਨਾਲ ਮਿਲਣ ਵਾਲੇ ਥੋੜੇ ਜਿਹੇ ਅਧਿਕਾਰਾਂ ਨਾਲ ਹੀ ਸੰਤੁਸ਼ਟ ਹੋ ਜਾਂਦੇ ਸਨ | ਉਹ ਸੁਤੰਤਰਤਾ ਦੀ ਪ੍ਰਾਪਤੀ ਵਾਸਤੇ ਬਹੁਤ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਲਈ ਵੀ ਤਿਆਰ ਸਨ | ਰਾਸ ਬਿਹਾਰੀ ਬੋਸ ਦਾ ਇਸ ਸਬੰਧ ਵਿੱਚ ਕਹਿਣਾ ਸੀ – “ ਤੁਹਾਡੇ ਅੰਦਰ ਧੀਰਜ ਹੋਣਾ ਚਾਹੀਦਾ ਹੈ , ਤੁਹਾਨੂੰ ਇੰਤਜਾਰ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਸਮਾਂ ਆਉਣ ਤੇ ਤੁਹਾਨੂੰ ਹਰੇਕ ਚੀਜ਼ ਮਿਲ ਜਾਏਗੀ |
ਉਦਾਰਵਾਦੀ ਨੇਤਾ ਸੁਤੰਤਰਤਾ ਪ੍ਰਾਪਤੀ ਲਈ ਕੋਈ ਵੱਡਾ ਸੰਘਰਸ਼ ਕਰਨ ਅਤੇ ਸਰਕਾਰ ਨਾਲ ਟੱਕਰ ਲੈਣ ਲਈ ਤਿਆਰ ਨਹੀਂ ਸਨ | ਇਸ ਉੱਦੇਸ਼ ਦੀ ਪ੍ਰਾਪਤੀ ਵਾਸਤੇ ਉਹ ਕੋਈ ਹਿੰਸਾਤਮਕ ਕਾਰਵਾਈ ਕਰਨ ਅਤੇ ਖੂਨ ਬਹਾਉਣ ਦੇ ਹੱਕ ਵਿੱਚ ਨਹੀਂ ਸਨ |

ਉਦਾਰਵਾਦੀਆਂ ਦਾ ਮੁਲਾਂਕਣ : ਬਹੁਤ ਸਾਰੇ ਲੋਕ ਉਦਾਵਾਦੀਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਸਖਤ ਆਲੋਚਨਾ ਕਰਦੇ ਹਨ | ਪਰ ਆਲੋਚਨਾ ਕਰਨ ਵਾਲੇ ਬਹੁਤ ਸਾਰੇ ਹਾਲਾਤਜਨਕ ਸੱਚਾਈਆਂ ਨੂੰ ਭੁੱਲ ਜਾਂਦੇ ਹਨ | ਜਿਵੇਂ ਕਿ ਉੱਪਰ ਵੀ ਕਿਹਾ ਜਾ ਚੁੱਕਾ ਹੈ ਕਿ ਜਿੰਨੇਂ ਵੀ ਵਿਦੇਸ਼ੀ ਹਮਲਾਵਰ ਸਾਡੇ ਦੇਸ਼ ਵਿੱਚ ਆਏ ਭਾਰਤੀਆਂ ਨੇ ਕਦੇ ਵੀ ਉਹਨਾਂ ਨੂੰ ਮਿਲਕੇ ਇੱਥੋਂ ਕਢਣ ਦਾ ਜਤਨ ਨਹੀਂ ਕੀਤਾ ਕਿਉਂਕਿ ਉਹ ਸਾਰੇ ਹਮਲਾਵਰ ਇੱਥੇ ਆ ਕੇ ਭਾਰਤ ਦੀ ਧਰਤੀ ਵਿੱਚ ਹੀ ਰਚ-ਮਿਚ ਗਏ ਅਤੇ ਭਾਰਤ ਦੀ ਸੰਸਕ੍ਰਿਤੀ ਨੂੰ ਹੀ ਉਹਨਾਂ ਨੇ ਆਪਣਾ ਲਿਆ ਸੀ | ਅੰਗਰੇਜ ਵੀ ਇੱਕ ਵਪਾਰੀ ਦੇ ਰੂਪ ਵਿੱਚ ਆਏ ਸਨ | ਪਰ ਹੁਣ 1857 -58 ਈ. ਤੋਂ ਬਾਅਦ ਇੱਥੇ ਬ੍ਰਿਟਿਸ਼ ਸਰਕਾਰ ਦੀ ਸਿੱਧੀ ਹਕੂਮਤ ਸੀ | ਜੇਕਰ ਬ੍ਰਿਟਿਸ਼ ਲੋਕ ਵੀ ਇੱਥੋਂ ਦੇ ਲੋਕਾਂ ਵਿੱਚ ਰਚ-ਮਿਚ ਜਾਂਦੇ ਅਤੇ ਇੱਥੋਂ ਦੀ ਸੰਸਕ੍ਰਿਤੀ ਨੂੰ ਹੀ ਆਪਣਾ ਲੈਂਦੇ ਜਿਵੇਂ ਕਿ ਬਾਕੀ ਹਮਲਾਵਰਾਂ ਨੇ ਕੀਤਾ ਸੀ ਤਾਂ ਭਾਰਤੀ ਲੋਕ ਸ਼ਾਇਦ ਉਹਨਾਂ ਨੂੰ ਕਦੇ ਵੀ ਭਾਰਤ ਤੋਂ ਵਾਪਿਸ ਚਲੇ ਜਾਣ ਲਈ ਮਜਬੂਰ ਨਾ ਕਰਦੇ | ਪਰ ਬ੍ਰਿਟਿਸ਼ ਲੋਕ ਅਤੇ ਸਰਕਾਰ ਆਪਣੇ ਆਪ ਨੂੰ ਉੱਚ ਸਭਿਅਤਾ ਵਾਲੇ ਸਮਝਦੇ ਸਨ ਅਤੇ ਭਾਰਤੀ ਲੋਕਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸਨ | ਉਹ ਕਦੇ ਵੀ ਭਾਰਤੀ ਸੰਸਕ੍ਰਿਤੀ ਨੂੰ ਅਪਣਾਉਣ ਲਈ ਤਿਆਰ ਨਹੀਂ ਸਨ | ਇਸਤੋਂ ਇਲਾਵਾ ਉਹਨਾਂ ਦੀ ਦੇਸ਼ ਭਗਤੀ ਅਤੇ ਨਿਸ਼ਠਾ ਕੇਵਲ ਇੰਗਲੈਂਡ ਦੇ ਪ੍ਰਤੀ ਸੀ ਨਾ ਕਿ ਭਾਰਤ ਦੇ ਪ੍ਰਤੀ ਜੋ ਕਿ ਉਹਨਾ ਵੱਲੋਂ ਕੇਵਲ ਇੱਕ ਬਸਤੀ ਦੇ ਤੌਰ ਤੇ ਹੀ ਸਮਝਿਆ ਜਾਂਦਾ ਸੀ | ਇਹੀ ਕਾਰਨ ਸੀ ਕਿ ਭਾਰਤੀ ਲੋਕਾਂ ਅਤੇ ਬ੍ਰਿਟਿਸ਼ ਲੋਕਾਂ ਵਿਚਕਾਰ ਤਨਾਉ ਪੈਦਾ ਹੋਇਆ ਸੀ | ਪ੍ਰੰਤੂ ਕਾਂਗਰਸ ਪਾਰਟੀ ਦੇ ਜਨਮ ਅਤੇ ਉਦਾਰਵਾਦੀਆਂ ਦੇ ਸਮੇਂ ਤੱਕ ਹਾਲੇ ਰਾਸ਼ਟਰਵਾਦੀ ਸੋਚ ਦਾ ਬਹੁਤ ਪਸਾਰਾ ਨਹੀਂ ਹੋਇਆ ਸੀ ਅਤੇ ਨਾ ਹੀ ਲੋਕ ਹਾਲੇ ਇਸ ਬਾਰੇ ਜਾਗ੍ਰਿਤ ਸਨ | ਅਜਿਹੇ ਸਮੇਂ ਵਿੱਚ ਉਦਾਰਵਾਦੀਆਂ ਨੇ ਜੋ ਵੀ ਤਰੀਕਾ ਅਪਣਾਇਆ ਉਹ ਸਮੇਂ ਦੀ ਕਸੌਟੀ ਅਨੁਸਾਰ ਸੀ | ਉਹਨਾਂ ਨੇ ਭਾਰਤੀ ਰਾਸ਼ਟਰੀ ਅੰਦੋਲਨ ਦੀ ਨੀਹਂ ਤਿਆਰ ਕੀਤੀ ਸੀ ਅਤੇ ਉਸਨੂੰ ਆਪਣੇ ਲਾਡ-ਪਿਆਰ ਵਾਲੇ ਕਾਰਜਾਂ ਨਾਲ ਪਾਲਿਆ ਪੋਸਿਆ ਸੀ | ਇਹ ਇੱਕ ਕਿਸਮ ਦਾ ਭਾਰਤੀ ਜਾਗ੍ਰਿਤੀ ਦਾ ਆਰੰਭਕ ਕਾਲ ਸੀ ਅਤੇ ਰਾਜਨੀਤਿਕ ਸੰਸਥਾਵਾਂ ਦੀ ਟ੍ਰੇਨਿੰਗ ਦਾ ਸਮਾਂ ਸੀ | ਕੁਝ ਲੋਕ ਇਹ ਵੀ ਆਲੋਚਨਾ ਕਰਦੇ ਹਨ ਕਿ ਉਦਾਰਵਾਦੀ ਕੋਰੇ ਵਿਚਾਰਕ ਸਨ ਅਤੇ ਉਹਨਾਂ ਦੇ ਉੱਦੇਸ਼ ਬਹੁਤ ਹੀ ਛੋਟੇ ਸਨ | ਉਹ ਜਨ-ਸਧਾਰਣ ਤੋਂ ਬਹੁਤ ਦੂਰ ਸਨ ਅਤੇ ਵਿਦੇਸ਼ੀ ਸਹਾਇਤਾ ਦੇ ਸਮਰਥਕ ਸਨ |
ਪਰ ਇੰਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਸ਼ੁਰੁਆਤੀ ਸਾਲਾਂ ਵਿੱਚ ਉਦਾਰਵਾਦੀਆਂ ਦੀਆਂ ਸੇਵਾਵਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ | ਉਹ ਸੱਚੇ ਦੇਸ਼-ਭਗਤ ਸਨ ਅਤੇ ਭਾਰਤ ਦਾ ਸੰਗਠਨ ਅਤੇ ਏਕਤਾ ਉਹਨਾਂ ਦਾ ਮੁੱਖ ਉੱਦੇਸ਼ ਸੀ | ਭਾਰਤੀਆਂ ਨੂੰ ਇੱਕ ਸੂਤਰ ਵਿੱਚ ਬੰਨਣ , ਉਹਨਾਂ ਨੂੰ ਰਾਜਨੀਤਿਕ ਸਿੱਖਿਆ ਦੇਣ ਅਤੇ ਉਹਨਾਂ ਵਿੱਚ ਰਾਸ਼ਟਰੀ ਜਾਗ੍ਰਤੀ ਪੈਦਾ ਕਰਨ ਵਾਸਤੇ ਉਹਨਾਂ ਨੇ ਬਹੁਤ ਹੀ ਪ੍ਰਸ਼ੰਸਾਯੋਗ ਕੰਮ ਕੀਤਾ ਸੀ | ਉਹਨਾਂ ਨੇ ਆਪਣੇ ਸਲਾਨਾ ਸਮਾਗਮਾਂ ਰਾਹੀਂ ਜਨ ਸਧਾਰਣ ਲੋਕਾਂ ਨੂੰ ਹਮੇਸ਼ਾ ਆਪਣੀਆਂ ਪਰੇਸ਼ਾਨੀਆਂ ਦੇ ਪ੍ਰਤੀ ਸੁਚੇਤ ਰੱਖਿਆ | ਉਹਨਾਂ ਨੇ ਰਾਸ਼ਟਰ ਦੇ ਨਿਰਮਾਣ ਦਾ ਰਸਤਾ ਦਿਖਾਇਆ ਅਤੇ ਰਾਸ਼ਟਰੀਅਤਾ ਨੂੰ ਪੌਸ਼ਟਿਕ ਖਾਦ ਨਾਲ ਸਿੰਜਿਆ | ਉਹਨਾਂ ਵਰਗੀ ਦੇਸ਼ ਭਗਤੀ ਅਤੇ ਹੌਂਸਲਾ ਇਤਿਹਾਸ ਵਿੱਚ ਮਿਲਣਾ ਮੁਸ਼ਕਿਲ ਹੈ | ਸਾਨੂੰ ਇਹ ਗੱਲ ਨਹੀਂ ਭੁਲਣੀ ਚਾਹੀਦੀ ਕਿ ਸਰਕਾਰ ਭਾਰਤੀ ਰਾਸ਼ਟਰੀਅਤਾ ਦੀ ਘੋਰ ਵਿਰੋਧੀ ਸੀ  ਅਤੇ ਉਸਦੇ ਅਧੀਨ ਨੋਕਰਸ਼ਾਹੀ ਵੀ ਬਹੁਤ ਸੰਗਠਿਤ , ਪ੍ਰਭਾਵਸ਼ਾਲੀ ਅਤੇ ਸਰਕਾਰ ਦੇ ਪ੍ਰਤੀ ਬਹੁਤ ਵਫ਼ਾਦਾਰ ਸੀ | ਅਜਿਹੇ ਸਮੇਂ ਦੌਰਾਨ ਉਦਾਰਵਾਦੀਆਂ ਵੱਲੋਂ ਸੰਵਿਧਾਨਿਕ ਸਾਧਨਾਂ ਦਾ ਸਹਾਰਾ ਲੈਣਾ ਉਹਨਾਂ ਦੀ ਸਮਝਦਾਰੀ ਸੀ ਅਤੇ ਸਮੇਂ ਅਨੁਸਾਰ ਢੁਕਵਾਂ ਸੀ | ਉਹਨਾਂ ਦੇ ਉਦਾਰਵਾਦੀ ਸਮੇਂ ਦੌਰਾਨ ਹੀ ਭਾਰਤੀ ਲੋਕਾਂ ਨੂੰ ਰਾਸ਼ਟਰਵਾਦੀ ਸੋਚ ਨੂੰ ਪ੍ਰਫੁਲਿਤ ਕਰਨ ਦਾ ਮੌਕਾ ਮਿਲਿਆ ਸੀ | ਅਜਿਹੇ ਸਮੇਂ ਜੇਕਰ ਉਗਰਵਾਦੀ ਸੋਚ ਅਪਣਾਈ ਜਾਂਦੀ ਤਾਂ ਰਾਸ਼ਟਰੀ ਅੰਦੋਲਨ ਨੂੰ ਅੱਗੇ ਵਧਾਉਣਾ ਔਖਾ ਹੋ ਜਾਣਾ ਸੀ | ਇਸ ਲਈ ਅਸੀਂ ਅੰਤ ਵਿੱਚ ਇਹ ਆਖ ਸਕਦੇ ਹਾਂ ਕਿ ਉਦਾਰਵਾਦੀਆਂ ਨੇ ਚੁੱਪ ਰਹਿ ਕੇ ਸ਼ਾਂਤੀਪੂਰਨ ਢੰਗ ਨਾਲ ਰਾਸ਼ਟਰੀਅਤਾ ਦੀ ਅੱਗ ਨੂੰ ਭੜਕਾਉਣ ਵਿੱਚ ਕਾਫੀ ਯੋਗਦਾਨ ਦਿੱਤਾ | ਉਹਨਾਂ ਦੇ ਯੋਗਦਾਨ ਦੇ ਵਿਸ਼ੇ ਵਿੱਚ ਡਾ.ਪੱਤਾਭੀਸੀਤਾਰਮਾਇਆ ਲਿਖਦੇ ਹਨ ਕਿ – “ ਅਸੀਂ ਉਹਨਾਂ ਨੂੰ ਉਹਨਾਂ ਦੇ ਦ੍ਰਿਸ਼ਟੀਕੋਣ ਦੇ ਲਈ , ਜਿਸ ਜ਼ਰੀਏ ਭਾਰਤੀ ਰਾਜਨੀਤਿਕ ਸੁਧਾਰ ਦੇ ਨੇਤਾਵਾਂ ਦੇ ਰੂਪ ਵਿੱਚ ਉਹਨਾਂ ਨੇ ਕੰਮ ਕੀਤਾ , ਇਸਤੋਂ ਵੱਧ ਦੋਸ਼ ਨਹੀਂ ਦੇ ਸਕਦੇ , ਜਿਸ ਤਰਾਂ ਅਸੀਂ ਅੱਜਕਲ ਦੇ ਕਿਸੇ ਭਵਨ ਦੀ ਨੀਂਹ ਦੇ ਰੂਪ ਵਿੱਚ ਛੇ ਫੁੱਟ ਗਹਿਰੀਆਂ ਇੱਟਾਂ ਅਤੇ ਗਾਰੇ ਨੂੰ ਦੋਸ਼ ਨਹੀਂ ਦੇ ਸਕਦੇ | ਉਹਨਾਂ ਨੇ ਸਾਡੇ ਲਈ ਇਹ ਸੰਭਵ ਕਰ ਦਿੱਤਾ ਕਿ ਅਸੀਂ ਭਵਨ ਦੀ ਇੱਕ ਤੋਂ ਬਾਅਦ ਇੱਕ ਉੱਪਰ ਦੀਆਂ ਮੰਜਿਲਾਂ ਖੜੀਆਂ ਕਰ ਸਕੀਏ – ਉਪਨਿਵੇਸ਼ਕ ਸਵਰਾਜ , ਸਾਮਰਾਜ ਦੇ ਅੰਦਰ ਹੋਮ ਰੂਲ , ਸਵਰਾਜ ਅਤੇ ਇਹਨਾਂ ਸਭ ਤੋਂ ਉੱਤੇ ਪੂਰਨ ਸੁਤੰਤਰਤਾ |


____________________________________________________