ਅਕਬਰ ਦੇ ਦਰਬਾਰ ਵਿੱਚ ਨੌ ਰਤਨ

   


ਅਕਬਰ ਭਾਵੇਂ ਇੱਕ ਚਿੱਟਾ ਅਨਪੜ੍ਹ ਸੀ ਪ੍ਰੰਤੂ ਉਹ ਇਤਿਹਾਸ ਵਿੱਚ ਸਭ ਤੋਂ ਸਮਝਦਾਰ ਸ਼ਾਸਕ ਹੋਇਆ ਹੈ. ਉਸਨੇ ਆਪਣੀ ਸੂਝਬੂਝ ਸਦਕਾ ਹੀ ਭਾਰਤ ਵਿੱਚ ਮੁਗਲ ਰਾਜ ਦੀ ਨੀੰਵ ਪੱਕੀ ਕੀਤੀ ਅਤੇ ਲੰਬੇ ਸਮੇਂ ਤੱਕ ਹਿੰਦੂ ਮੁਸਲਿਮ ਏਕਤਾ ਦੀ ਮਿਸਾਲ ਕਾਇਮ ਕਰਕੇ ਦਿਖਾਈ .ਉਹ ਹਰ ਇੱਕ ਸਿਆਣੇ ਅਤੇ ਪੜ੍ਹੇ ਲਿਖੇ ਲੋਕਾਂ ਦੀ ਵੀ ਖੂਬ ਕਦਰ ਕਰਦਾ ਸੀ . ਉਸਨੇ ਆਪਣੇ ਦਰਬਾਰ ਵਿੱਚ ਬਹੁਤ ਸਾਰੇ ਯੋਗ ਲੇਖਕਾਂ ,ਗੀਤਕਾਰ ਪੇਂਟਰ ਅਤੇ ਕਲਾਕਾਰਾਂ ਨੂੰ ਸ਼ਰਣ ਦਿੱਤੀ ਹੋਈ ਸੀ .ਅਕਬਰ ਵਲੋਂ ਚੁਣੇ ਹੋਏ ਕੁਝ ਯੋਗ ਅਧਿਕਾਰੀ ਅਤੇ ਮਿੱਤਰਾਂ ਵਿੱਚੋਂ ਕੁਝ ਉਸਨੂੰ ਬਹੁਤ ਹੀ ਅਧਿਕ ਪਿਆਰੇ ਸਨ ਜਿਹਨਾਂ ਨੂੰ ਅਸੀਂ ਉਸਦੇ ਨੌ ਰਤਨ ਕਹੀ ਕੇ ਬੁਲਾਉਂਦੇ ਹਾਂ. ਇਹ ਨੌ ਰਤਨ ਸਨ.

1. ਰਾਜਾ ਟੋਡਰ ਮਲ : ਇਹ ਪੰਜਾਬ ਦੇ ਇੱਕ ਖੱਤਰੀ ਘਰਾਨੇ ਨਾਲ ਸੰਬੰਧਤ ਸੀ . ਉਸਨੇ ਸ਼ੇਰ ਸ਼ਾਹ ਸੂਰੀ ਦੇ ਸਮੇਂ ਵੀ ਭੂਮੀ ਪ੍ਰਬੰਧ ਦਾ ਕੰਮ ਕੀਤਾ ਸੀ ਪ੍ਰੰਤੂ ਉਸਨੂੰ ਪ੍ਰਸਿਧੀ ਅਕਬਰ ਦੇ ਸਮੇਂ ਵਿੱਚ ਹੀ ਮਿਲੀ . ਅਕਬਰ ਨੇ ਉਸਨੂੰ ਆਪਣਾ ਵਿੱਤ ਮੰਤਰੀ ਬਣਾਇਆ ਸੀ. ਟੋਡਰ ਮਲ ਆਪਣੇ ਭੂਮੀ ਸੁਧਾਰਾਂ ਕਰਕੇ ਹੀ ਜ਼ਿਆਦਾ ਪ੍ਰਸਿੱਧ ਹੈ . ਉਸਨੇ ਜਬਤੀ ਪ੍ਰਣਾਲੀ ਦੀ ਸ਼ੁਰੁਆਤ ਕੀਤੀ ਸੀ , ਜਿਸ ਕਾਰਣ ਰਾਜ ਦੀ ਆਮਦਨ ਵਿੱਚ ਕਾਫੀ ਵਾਧਾ ਹੋਇਆ.

2. ਅਬੁਲ ਫ਼ਜ਼ਲ : ਉਹ ਅਕਬਰ ਦਾ ਪ੍ਰਧਾਨਮੰਤਰੀ ਸੀ . ਉਹ ਆਪਣੇ ਸਮੇਂ ਦਾ ਇੱਕ ਮਹਾਨ ਲੇਖਕ ਹੋਇਆ ਹੈ . ਉਸਦੀ ਪ੍ਰਸਿੱਧ ਰਚਨਾ ਅਕਬਰਨਾਮਾ ਅਤੇ ਆਈਨੇ-ਅਕਬਰੀ ਹਨ ਜੋ ਅਕਬਰ ਦੇ ਜੀਵਨ ਅਤੇ ਉਸ ਸਮੇਂ ਦੇ ਸਮਾਜ ਬਾਰੇ ਭਰਪੂਰ ਵਰਣਨ ਕਰਦੀਆਂ ਹਨ. ਅਕਬਰ ਦੇ ਪੁੱਤਰ ਸਲੀਮ (ਜਹਾਂਗੀਰ ) ਨੂੰ ਸ਼ੱਕ ਸੀ ਕਿ ਅਬੁਲ ਫ਼ਜ਼ਲ ਦੇ ਕਾਰਣ ਹੀ ਅਕਬਰ ਸਲੀਮ ਦੇ ਵਿਰੁੱਧ ਹੋਇਆ ਸੀ . ਇਸ ਲਈ ਸਲੀਮ ਨੇ ਅਬੁਲ ਫ਼ਜ਼ਲ ਨੂੰ ਉੱਜੈਨ ਦੇ ਲਾਗੇ ਇੱਕ ਰਾਜਪੂਤ ਸਰਦਾਰ ਵੀਰ ਸਿੰਘ ਬੁੰਦੇਲਾ ਦੇ ਹੱਥੋਂ ਮਰਵਾ ਦਿੱਤਾ . ਜਦੋਂ ਅਕਬਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ ਅਤੇ ਕਿਹਾ ਕਿ ,” ਜੇਕਰ ਸਲੀਮ ਨੂੰ ਰਾਜ ਪਾਠ ਹੀ ਚਾਹੀਦਾ ਸੀ ਤਾਂ ਉਹ ਮੈਨੂੰ ਮਾਰ ਦੇਂਦਾ ਪਰ ਅਬੁਲ ਫ਼ਜ਼ਲ ਨੂੰ ਛੱਡ ਦੇਂਦਾ .”

3. ਤਾਨਸੇਨ : ਤਾਨਸੇਨ ਨੇ ਗਵਾਲੀਅਰ ਵਿੱਚ ਆਪਣੀ ਸੰਗੀਤ ਵਿਦਿਆ ਸ਼ੁਰੂ ਕੀਤੀ ਅਤੇ ਜਲਦੀ ਹੀ ਉਸਦੀ ਪ੍ਰਸਿਧੀ ਸਾਰੇ ਪਾਸੇ ਫ਼ੈਲ ਗਈ . ਉਹ ਰੀਵਾ ਦੇ ਰਾਜੇ ਕੋਲ ਇੱਕ ਗਾਇਕ ਸੀ .ਪ੍ਰੰਤੂ ਅਕਬਰ ਵੀ ਸੰਗੀਤ ਕਲਾ ਦਾ ਬੜਾ ਸ਼ੌਕੀਨ ਸੀ .ਉਸਨੇ ਰੀਵਾ ਦੇ ਰਾਜੇ ਨੂੰ ਤਾਨਸੇਨ ਨੂੰ ਸ਼ਾਹੀ ਦਰਬਾਰ ਵਿੱਚ ਭੇਜਣ ਲਈ ਮਜਬੂਰ ਕੀਤਾ .ਕਿਹਾ ਜਾਂਦਾ ਹੈ ਕਿ ਉਸਦੀ ਗਾਇਕੀ ਵਿੱਚ ਜਾਦੂ ਵਰਗਾ ਅਸਰ ਸੀ. ਆਪਣੇ ਪ੍ਰਸਿੱਧ ਮੇਘ ਰਾਗ ਰਾਹੀਂ ਉਹ ਬਦਲ ਪੁਆ ਸਕਦਾ ਸੀ .ਅਜਿਹਾ ਕਿਹਾ ਜਾਂਦਾ ਹੈ ਕਿ ਤਾਨਸੇਨ ਪਹਿਲਾਂ ਇੱਕ ਹਿੰਦੂ ਸੀ ਪਰ ਬਾਅਦ ਵਿੱਚ ਉਹ ਮੁਸਲਮਾਨ ਬਣ ਗਿਆ ਸੀ . ਉਸਦੀ ਮੌਤ ਤੋਂ ਬਾਅਦ ਵਿੱਚ ਉਸਨੂੰ ਗਵਾਲੀਅਰ ਦੇ ਇੱਕ ਮੁਸਲਮਾਨ ਪੀਰ ਮੁਹੰਮਦ ਗਿਆਸ ਦੀ ਕਬਰ ਦੇ ਲਾਗੇ ਦਫਨਾਇਆ ਗਿਆ .

4. ਫੈਜੀ : ਉਹ ਅਬੁਲ ਫ਼ਜ਼ਲ ਦਾ ਵੱਡਾ ਭਰਾ ਸੀ .ਉਹ ਅਰਬੀ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾ ਦਾ ਡੂੰਘਾ ਗਿਆਨ ਰੱਖਨ ਵਾਲਾ ਸੀ . ਉਸਨੇ ਲਗਭਗ ਇੱਕ ਸੋ ਗ੍ਰੰਥਾਂ ਦੀ ਰਚਨਾ ਕੀਤੀ ਸੀ .ਉਸਨੇ ਰਮਾਇਣ,ਮਹਾਂਭਾਰਤ ਅਤੇ ਭਗਵਤ ਗੀਤਾ ਵਰਗੇ ਸੰਸਕ੍ਰਿਤ ਦੀਆਂ ਅਨੇਕ ਪੁਸਤਕਾਂ ਦਾ ਫ਼ਾਰਸੀ ਵਿੱਚ ਅਨੁਵਾਦ ਕੀਤਾ .ਉਹ ਉਦਾਰ ਪ੍ਰਵਿਰਤੀ ਵਾਲਾ ਸੂਫੀ ਮੱਤ ਨੂੰ ਮੰਨਣ ਵਾਲਾ ਸੀ .ਅਕਬਰ ਉੱਪਰ ਉਸਦੇ ਵਿਚਾਰਾਂ ਦਾ ਡੂੰਘਾ ਪ੍ਰਭਾਵ ਸੀ.

5. ਰਾਜਾ ਮਾਨ ਸਿੰਘ : ਉਹ ਅੰਬਰ ਦੀ ਰਾਜਾ ਭਗਵਾਨ ਦਾਸ ਦਾ ਦੱਤਕ ਪੁੱਤਰ ਸੀ . ਉਹ ਅਕਬਰ ਦਾ ਇੱਕ ਪ੍ਰਸਿੱਧ ਸੈਨਾਪਤੀ ਸੀ .ਅਕਬਰ ਨੇ ਉਸਦੀ ਮਦਦ ਨਾਲ ਬਹੁਤ ਸਾਰੇ ਰਾਜਪੂਤ ਇਲਾਕਿਆ ਉੱਤੇ ਕਬਜਾ ਕੀਤਾ .ਉਸਨੇ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਦੇ ਵਿਰੁੱਧ ਹਲਦੀ ਘਾਟੀ ਦਾ ਯੁੱਧ ਲੜਿਆ ਸੀ ਅਤੇ ਮੇਵਾੜ ਉੱਤੇ ਕਬਜਾ ਕਰ ਲਿਆ ਸੀ . ਪਰ ਮਹਾਰਾਣਾ ਪ੍ਰਤਾਪ ਨੂੰ ਉਹ ਕਾਬੂ ਨਹੀਂ ਕਰ ਸਕਿਆ ਸੀ . ਰਾਜਾ ਮਾਨ ਸਿੰਘ ਦੀ ਪ੍ਰਸਿਧੀ ਕੇਵਲ ਅਕਬਰ ਦੇ ਸਮੇਂ ਤੱਕ ਹੀ ਰਹੀ . ਕਿਉਂਕਿ ਜਹਾਂਗੀਰ ਉਸਨੂੰ ਆਪਣਾ ਵਿਰੋਧੀ ਸਮਝਦਾ ਸੀ .ਇਸ ਲਈ ਜਹਾਂਗੀਰ ਸਮੇਂ ਰਾਜਾ ਮਾਨ ਸਿੰਘ ਦਾ ਪ੍ਰਭਾਵ ਬਹੁਤ ਘੱਟ ਗਿਆ .

6. ਮਿਰਜ਼ਾ ਅਜੀਜ ਕੋਕਾ : ਉਹ ਮਾਹਮ ਅੰਗਾ ਦਾ ਪੁੱਤਰ ਸੀ ਅਤੇ ਅਕਬਰ ਦਾ ਬਚਪਨ ਦਾ ਦੋਸਤ ਸੀ .ਅਕਬਰ ਨੇ ਉਸਨੂੰ ਖਾਨੇ-ਆਜ਼ਮ ਦੀ ਉਪਾਧੀ ਦਿੱਤੀ ਸੀ . ਜਦੋਂ ਅਕਬਰ ਨੇ ਨਵਾਂ ਧਰਮ ਦੀਨ-ਏ-ਇਲਾਹੀ ਚਲਾਇਆ ਤਾਂ ਉਹ ਅਕਬਰ ਤੋਂ ਬਹੁਤ ਨਾਰਾਜ਼ ਹੋ ਗਿਆ .ਪਰ ਬਾਅਦ ਵਿੱਚ ਆਪ ਹੀ ਉਸ ਮਤ ਨੂੰ ਆਪਣਾ ਲਿਆ .

        7. ਅਬਦੁਰ-ਰਹੀਮ-ਖਾਨ-ਏ-ਖਾਨਾ : ਉਹ ਫ਼ਾਰਸੀ ਅਤੇ ਹਿੰਦੀ ਭਾਸ਼ਾ ਦਾ ਇੱਕ ਉੱਚ ਕੋਟੀ ਦਾ ਕਵੀ ਸੀ . ਉਹ ਅਕਬਰ ਦੇ ਅਧਿਆਪਕ ਬੈਰਮ ਖਾਂ ਦਾ ਪੁੱਤਰ ਸੀ .ਅਕਬਰ ਨੇ ਉਸਨੂੰ ਖਾਨ-ਖਾਨਾ ਦੀ ਉਪਾਧੀ ਦਿੱਤੀ ਸੀ . ਰਹੀਮ ਦੇ ਦੋਹੇ ਅੱਜ ਤੱਕ ਵੀ ਜਨ ਸਧਾਰਣ ਲੋਕਾਂ ਵਿੱਚ ਬੜੇ ਚਾਅ ਨਾਲ ਪੜ੍ਹੇ ਜਾਂਦੇ ਹਨ.

8. ਰਾਜਾ ਭਗਵਾਨ ਦਾਸ : ਉਹ ਅੰਬਰ ਦੇ ਰਾਜਾ ਬਿਹਾਰੀਮਲ ਦਾ ਦੱਤਕ ਪੁੱਤਰ ਸੀ ਅਤੇ ਅਕਬਰ ਦਾ ਖਾਸ ਵਿਸ਼ਵਾਸਪਾਤਰ ਸੀ .ਉਸਨੇ ਹਰ ਮੁਸ਼ਕਿਲ ਘੜੀ ਵਿੱਚ ਅਕਬਰ ਦਾ ਸਾਥ ਦਿੱਤਾ ਸੀ ਅਤੇ ਇੱਕ ਵਾਰੀ ਯੁੱਧ ਵਿੱਚ ਤਾ ਅਕਬਰ ਦੀ ਜਾਨ ਵੀ ਉਸਨੇ ਬਚਾਈ ਸੀ .ਉਸਨੇ ਆਪਣੇ ਸੰਬੰਧ ਹੋਰ ਗੂੜ੍ਹੇ ਕਰਨ ਲਈ ਆਪਣੀ ਲੜਕੀ ਦਾ ਵਿਆਹ ਰਾਜਕੁਮਾਰ ਸਲੀਮ ਨਾਲ ਕਰ ਦਿੱਤਾ, ਉਸੇ ਲੜਕੀ ਨੇ ਬਾਅਦ ਵਿੱਚ ਸ਼ਾਹਜਾਦਾ ਖ਼ੁਰ੍ਰਮ ਨੂੰ ਜਨਮ ਦਿੱਤਾ ਸੀ ਜੋ ਸ਼ਾਹਜਹਾਂ ਦੇ ਨਾਮ ਨਾਲ ਪ੍ਰਸਿੱਧ ਹੋਇਆ ਸੀ ਅਤੇ ਜਿਸਨੇ ਤਾਜ ਮਹਲ ਦਾ ਨਿਰਮਾਣ ਕਰਵਾਇਆ ਸੀ.

9. ਰਾਜਾ ਬੀਰਬਲ : ਬੀਰਬਲ ਦਾ ਅਸਲੀ ਨਾਮ ਮਹੇਸ਼ ਦਾਸ ਸੀ. ਉਹ ਕਲਪੀ ਦੇ ਭੱਟ ਵੰਸ਼ ਨਾਲ ਸੰਬੰਧਤ ਸੀ. ਉਹ ਇੱਕ ਉੱਚ ਕੋਟੀ ਦਾ ਵਿਦਵਾਨ ,ਕਵੀ ਅਤੇ ਸੰਗੀਤਕਾਰ ਸੀ .ਪ੍ਰੰਤੂ ਉਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਉਹ ਕਿਸੇ ਵੀ ਮੁਸ਼ਕਿਲ ਤੋਂ ਮੁਸ਼ਕਿਲ ਗੱਲ ਦਾ ਫਟਾਫਟ ਜਵਾਬ ਦੇਣ ਵਿੱਚ ਮਾਹਿਰ ਸੀ. ਉਸਦੇ ਜਵਾਬ ਵਿਅੰਗਪੂਰਣ ਹੁੰਦੇ ਹੋਏ ਵੀ ਅਸਲੀ ਜੀਵਨ ਨਾਲ ਜੁੜੇ ਹੁੰਦੇ ਸਨ. ਉਸਦੇ ਕਿੱਸੇ ਅੱਜ ਵੀ ਬੱਚਿਆਂ ਅਤੇ ਬਜੁਰਗਾਂ ਵਿੱਚ ਖੂਬ ਪ੍ਰਸਿਧ ਹਨ. ਬੀਰਬਲ ਸੂਰਜ ਦੇਵਤਾ ਦਾ ਪੁਜਾਰੀ ਸੀ. ਉਸਦੀ ਮੌਤ ਪਠਾਣਾਂ ਦੇ ਵਿਰੁੱਧ ਲੜਦੇ ਹੋਏ ਹੋਈ ਸੀ. ਉਸਦੀ ਮੌਤ ਦਾ ਅਕਬਰ ਨੂੰ ਬਹੁਤ ਹੀ ਦੁੱਖ ਹੋਇਆ ਸੀ.


                                            __________________________________