ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਜਦੋਂ 1792 ਈ. ਵਿੱਚ ਮੌਤ ਹੋਈ ਤਾਂ ਉਸ ਸਮੇਂ ਰਣਜੀਤ ਸਿੰਘ ਦੀ ਉਮਰ ਕੋਈ ਬਾਰ੍ਹਾਂ ਕੁ ਸਾਲ ਦੀ ਸੀ . ਨਾਬਾਲਗ ਹੋਣ ਕਰ ਕੇ ਰਾਜ ਦੀ ਵਾਗਡੋਰ ਉਸ ਦੀ ਮਾਤਾ ਰਾਜ ਕੌਰ ਦੇ ਹੱਥਾਂ ਵਿੱਚ ਆ ਗਈ ਸੀ . ਉਸ ਨੇ ਰਾਜ ਪ੍ਰਬੰਧ ਦਾ ਸਾਰਾ ਕੰਮ ਸਰਦਾਰ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ .ਜਦੋਂ 1796 ਈ. ਵਿੱਚ ਰਣਜੀਤ ਸਿੰਘ ਦਾ ਵਿਆਹ ਹੋ ਗਿਆ ਤਾਂ ਉਸਦੀ ਸ਼ਾਦੀ ਦੇ ਬਾਅਦ ਸ਼ੁਕਰਚੱਕਿਆ ਮਿਸਲ ਦੇ ਰਾਜ-ਪ੍ਰਬੰਧ ਦੇ ਕੰਮ ਵਿੱਚ ਉਸ ਦੀ ਸੱਸ ਸਦਾ ਕੌਰ ਵੀ ਦਿਲਚਸਪੀ ਲੈਣ ਲੱਗ ਪਈ. ਇਸ ਤਰਾਂ 1792 ਈ.ਤੋਂ 1797 ਈ. ਤੱਕ ,ਜਦ ਤੱਕ ਰਣਜੀਤ ਸਿੰਘ ਨਾਬਾਲਗ ਰਿਹਾ ਸ਼ੁਕਰਚੱਕਿਆ ਮਿਸਲ ਦਾ ਰਾਜ ਪ੍ਰਬੰਧ ਤਿੰਨ ਵਿਅਕਤੀਆਂ - ਰਾਜ ਕੌਰ , ਦੀਵਾਨ ਲਖਪਤ ਰਾਏ ਅਤੇ ਸਦਾ ਕੌਰ ਦੇ ਹੱਥ ਵਿੱਚ ਰਿਹਾ . ਇਸ ਲਈ ਇਸ ਕਾਲ ਨੂੰ ਪੰਜਾਬ ਦੇ ਇਤਿਹਾਸ ਵਿੱਚ "ਤਿੱਕੜੀ ਦੀ ਸਰਪ੍ਰਸਤੀ ਦਾ ਕਾਲ " ਵੀ ਕਿਹਾ ਜਾਂਦਾ ਹੈ . 1797 ਈ.ਵਿੱਚ ਜਦੋਂ ਰਣਜੀਤ ਸਿੰਘ ਸਤਾਰ੍ਹਾਂ ਸਾਲ ਦਾ ਹੋਇਆ ਤਾਂ ਉਸ ਨੇ ਰਾਜ ਪ੍ਰਬੰਧ ਦੀ ਵਾਗ-ਡੋਰ ਆਪਣੇ ਹੱਥਾਂ ਵਿੱਚ ਲੈ ਲਈ . ਰਾਜ ਕੌਰ ਅਤੇ ਦੀਵਾਨ ਲਖਪਤ ਰਾਏ ਦੀ ਮੌਤ ਹੋ ਗਈ .ਸਦਾ ਕੌਰ ਰਣਜੀਤ ਸਿੰਘ ਦੀਆਂ ਮੁਢਲੀਆਂ ਜਿੱਤਾਂ ਵਿੱਚ ਬੜੀ ਸਹਾਇਕ ਸਿੱਧ ਹੋਈ. ਰਣਜੀਤ ਸਿੰਘ ਨੇ ਆਪਣੇ ਪਿਤਾ ਮਹਾਂ ਸਿੰਘ ਦੇ ਮਾਮੇ ਦਲ ਸਿੰਘ ਨੂੰ ਆਪਣਾ ਪ੍ਰਧਾਨਮੰਤਰੀ ਨਿਯੁਕਤ ਕਰ ਲਿਆ .ਮਹਾਰਾਜਾ ਰਣਜੀਤ ਸਿੰਘ ਆਪਣੇ ਕਾਬਿਲ ਸੈਨਾਪਤੀਆਂ ਅਤੇ ਆਪਣੀ ਕਾਬਲੀਅਤ ਅਤੇ ਯੋਗਤਾ ਸਦਕਾ ਪੰਜਾਬ ਦਾ ਪਹਿਲਾ ਅਤੇ ਆਖਰੀ ਮਹਾਨ ਸਿੱਖ ਸ਼ਾਸਕ ਸਿੱਧ ਹੋਇਆ. ਜਿੰਨੀਂ ਦੇਰ ਤੱਕ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ ਅੰਗਰੇਜਾਂ ਨੇ ਅੱਖ ਚੁੱਕ ਕੇ ਵੀ ਪੰਜਾਬ ਵੱਲ ਨਹੀਂ ਸੀ ਦੇਖਿਆ .