ਰਾਸ਼ਟਰੀ ਅੰਦੋਲਨ ਦੌਰਾਨ ਨਰਮ ਦਲ ਦੀ ਅਹਿਮ ਭੂਮਿਕਾ ਅਤੇ ਯੋਗਦਾਨ

1905 ਈ. ਵਿੱਚ ਬੰਗਾਲ ਦੀ ਵੰਡ ਤੋਂ ਬਾਅਦ ਨਰਮ ਦਲ ਅਤੇ ਗਰਮ ਦਲ ਹੋਂਦ ਵਿੱਚ ਆਏ | ਇਸਤੋਂ ਪਹਿਲਾਂ ਕਾਂਗਰਸ ਵਿੱਚ ਨਰਮ ਦਲ ਦੇ ਹੀ ਨੇਤਾ ਸਨ | ਬੇਸ਼ਕ ਗਰਮ ਦਲ ਦੇ ਨੇਤਾ ਜਨਤਾ ਦੇ ਦਿਲਾਂ ਵਿੱਚ ਆਪਣੀ ਗਰਮ ਖਿਆਲੀ ਵਿਚਾਰਧਾਰਾ ਕਾਰਨ ਜਲਦੀ ਹੀ ਜਗ੍ਹਾ ਬਣਾ ਗਏ ਸਨ | ਅਤੇ ਬਾਅਦ ਵਿੱਚ ਸਾਰੇ ਭਾਰਤੀ ਰਾਸ਼ਟਰੀ ਅੰਦੋਲਨ ਵਿੱਚ ਵੀ ਉਹਨਾਂ ਦਾ ਨਾਮ ਹੀ ਜਿਆਦਾ ਉਭਰਕੇ ਸਾਹਮਣੇ ਆਉਂਦਾ ਹੈ | ਪਰ ਫਿਰ ਵੀ ਨਰਮ ਖਿਆਲੀ ਨੇਤਾਵਾਂ ਦਾ ਯੋਗਦਾਨ ਵੀ ਕੋਈ ਘੱਟ ਨਹੀਂ ਸੀ | ਉਹ ਇੱਕ ਅਜਿਹੇ ਸਮੇਂ ਦੌਰਾਨ ਭਾਰਤੀ ਲੋਕਾਂ ਦੀ ਪ੍ਰਤਿਨਿਧਤਾ ਕਰ ਰਹੇ ਸਨ ਜਦੋਂ ਕਿ ਬ੍ਰਿਟਿਸ਼ ਭਾਰਤ ਵਿੱਚ ਰਾਜਨੀਤਿਕ ਸੰਸਥਾਵਾਂ ਹਾਲੇ ਜਨਮ ਲੈ ਰਹੀਆਂ ਸਨ | ਇਸਤੋਂ ਇਲਾਵਾ ਕਾਂਗਰਸ ਪਾਰਟੀ ਦੀ ਸਥਾਪਨਾ ਕੋਈ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਨਹੀਂ ਸੀ ਕੀਤੀ ਗਈ | ਬਲਕਿ ਇਸਦਾ ਮੁਢਲਾ ਉੱਦੇਸ਼ ਤਾਂ ਭਾਰਤੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣਾ ਹੀ ਸੀ | ਇਸੇ ਕਰਕੇ ਤਾਂ ਇਸਦੀ ਸਥਾਪਨਾ ਵਿੱਚ ਖੁਦ ਅੰਗ੍ਰੇਜੀ ਅਫਸਰਾਂ ਲਾਰਡ ਡਫਰਿਨ ਅਤੇ ਏ.ਓ.ਹਿਊਮ ਨੇ ਦਿਲਚਸਪੀ ਦਿਖਾਈ ਸੀ | ਅਜਿਹਾ ਇਸ ਕਰਕੇ ਕੀਤਾ ਗਿਆ ਸੀ ਤਾਂ ਜੋ ਅੱਗੇ ਤੋਂ 1857 ਈ. ਵਰਗੇ ਹਾਲਾਤ ਨਾ ਪੈਦਾ ਹੋ ਜਾਣ ਅਤੇ ਭਾਰਤੀ ਲੋਕ ਕੀ ਸੋਚ ਰਹੇ ਹਨ ਇਸ ਬਾਰੇ ਇਸ ਸੰਸਥਾ ਦੇ ਜਰੀਏ ਬ੍ਰਿਟਿਸ਼ ਸਰਕਾਰ ਨੂੰ ਲਗਾਤਾਰ ਪਤਾ ਲਗਦਾ ਰਹੇ |
ਇਸਤੋਂ ਇਲਾਵਾ ਹਾਲੇ ਤੱਕ ਭਾਰਤ ਵਿੱਚ ਜਿੰਨੇਂ ਵੀ ਹਮਲਾਵਰ ( ਯੂਨਾਨੀ , ਤੁਰਕੀ , ਪ੍ਰਸ਼ਿਅਨ , ਅਤੇ ਮੁਗਲ ਆਦਿ ) ਆਏ ਸਨ ਉਹ ਸਾਰੇ ਭਾਰਤ ਵਿੱਚ ਹੀ ਰਹਿੰਦੇ ਸਨ ਅਤੇ ਭਾਰਤੀਆਂ ਨੇ ਉਹਨਾਂ ਨੂੰ ਕਦੇ ਵੀ ਵਾਪਿਸ ਜਾਣ ਵਾਸਤੇ ਕੋਈ ਅੰਦੋਲਨ ਨਹੀਂ ਚਲਾਏ ਸਨ | ਕਿਉਂਕਿ ਉਸ ਸਮੇਂ ਰਾਸ਼ਟਰੀਅਤਾ ਦੀ ਭਾਵਨਾ ਬਾਰੇ ਕੁਝ ਪਤਾ ਨਹੀਂ ਸੀ | ਵਿਦੇਸ਼ੀ ਹਮਲਾਵਰ ਇਥੇ ਹੀ ਰਚ-ਮਿਚ ਗਏ ਸਨ ਅਤੇ ਭਾਰਤੀ ਸੰਸਕ੍ਰਿਤੀ ਦਾ ਹੀ ਹਿੱਸਾ ਬਣ ਗਏ ਸਨ | ਇਸ ਲਈ ਉਹਨਾਂ ਤੋ ਭਾਰਤੀ ਲੋਕਾਂ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਮਹਿਸੂਸ ਨਹੀਂ ਸੀ ਹੋਇਆ | ਇਸੇ ਤਰਾਂ ਬ੍ਰਿਟਿਸ਼ ਸਰਕਾਰ ਨੂੰ ਵੀ ਉਸ ਸਮੇਂ ਤੱਕ ਭਾਰਤੀ ਲੋਕ ਆਪਣੀ ਹੀ ਸਰਕਾਰ ਸਮਝਦੇ ਸਨ ਅਤੇ ਸਰਕਾਰ ਦੇ ਵਿਰੁਧ ਬੋਲਣ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਾ ਹੋਵੇ | ਇਹੀ ਕਾਰਨ ਸੀ ਕਿ ਸ਼ੁਰੂ ਵਿੱਚ ਨੈਸ਼ਨਲ ਕਾਂਗਰਸ ਦੇ ਜਿੰਨੇਂ ਵੀ ਨੇਤਾ ਸਨ ਉਹ ਸਾਰੇ ਬਹੁਤ ਹੀ ਰਾਜਭਗਤ ਸਨ | ਇਸੇ ਕਾਰਨ ਉਹਨਾਂ ਦਾ ਵਤੀਰਾ ਵੀ ਸਰਕਾਰ ਪ੍ਰਤੀ ਵਫਾਦਾਰੀ ਵਾਲਾ ਰਿਹਾ ਸੀ | ਉਹ ਕੇਵਲ ਸਰਕਾਰ ਕੋਲ ਆਪਣੀਆਂ ਪ੍ਰਾਰਥਨਾਵਾਂ ਅਤੇ ਸੁਝਾਉ ਭੇਜਦੇ ਸਨ ਅਤੇ ਆਸ ਕਰਦੇ ਸਨ ਕਿ ਸਰਕਾਰ ਉਹਨਾਂ ਦੀ ਪ੍ਰਾਰਥਨਾ ਸੁਣੇਗੀ | ਇਹੀ ਕਾਰਨ ਹੈ ਕਿ ਇਸ ਸਮੇਂ ਦੇ ਕਾਂਗਰਸੀ ਨੇਤਾਵਾਂ ਨੂੰ ਨਰਮ ਖਿਆਲੀ ਨੇਤਾ ਕਿਹਾ ਜਾਂਦਾ ਹੈ | ਇਹਨਾਂ ਨੇਤਾਵਾਂ ਵਿੱਚ ਸੁਰਿੰਦਰ ਨਾਥ ਬੈਨਰਜੀ , ਦਾਦਾਭਾਈ ਨਾਰੌਜੀ , ਫਿਰੋਜਸ਼ਾਹ ਮਹਿਤਾ , ਗੋਪਾਲ ਕ੍ਰਿਸ਼ਨ ਗੋਖਲੇ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਆਦਿ ਸਨ | ਇਹਨਾਂ ਨੇਤਾਵਾਂ ਨੇ ਹੀ ਸੂਰਤ ਸਮਾਗਮ ( 1907 ) ਤੱਕ ਰਾਸ਼ਟਰੀ ਅੰਦੋਲਨ ਦੀ ਵਾਗਡੋਰ ਸੰਭਾਲੀ ਸੀ |  ਅੰਗਰੇਜਾਂ ਦੀ ਸੱਚਾਈ , ਨਿਆਂਪ੍ਰਿਅਤਾ ਅਤੇ ਇਮਾਨਦਾਰੀ ਉੱਤੇ ਉਹਨਾਂ ਨੂੰ ਪੂਰਾ ਭਰੋਸਾ ਸੀ | ਉਹਨਾਂ ਦਾ ਵਿਚਾਰ ਸੀ ਕਿ ਭਾਰਤ ਦੀਆਂ ਪਰਿਸਥਿਤੀਆਂ ਅਤੇ ਜਨਤਾ ਦੀਆਂ ਇਛਾਵਾਂ ਦਾ ਗਿਆਨ ਹੋ ਜਾਣ ਤੋਂ ਬਾਅਦ ਅੰਗਰੇਜ ਉਹਨਾਂ ਨੂੰ ਸੁਸ਼ਾਸਨ ਦਾ ਅਧਿਕਾਰ ਦੇ ਦੇਣਗੇ | ਸੁਰਿੰਦਰ ਨਾਥ ਬੈਨਰਜੀ ਨੇ ਇੱਕ ਵਾਰੀ ਕਿਹਾ ਸੀ ਕਿ – “ We are British Subjects. England has taken us into her bosom and claims us as her own. ਦਾਦਾ ਭਾਈ ਨਾਰੌਜੀ ਨੇ ਕਿਹਾ ਸੀ ਕਿ – “ ਸਾਨੂੰ ਇਮਾਨਦਾਰ ਮਨੁੱਖ ਦੀ ਤਰਾਂ ਇਹ ਘੋਸ਼ਣਾ ਕਰ ਦੇਣੀ ਚਾਹੀਦੀ ਹੈ ਕਿ ਅਸੀਂ ਪੂਰੀ ਤਰਾਂ ਰਾਜਭਗਤ ਹਾਂ |”
ਜਿਆਦਾਤਰ ਉਦਾਰਵਾਦੀ ਨੇਤਾ ਪਛਮੀ ਸਭਿਅਤਾ ਦੀ ਉਪਜ ਸਨ | ਉਹਨਾਂ ਉੱਤੇ ਅੰਗ੍ਰੇਜੀ ਵਿਚਾਰਧਾਰਾ , ਸਭਿਅਤਾ , ਸਾਹਿੱਤ ਅਤੇ ਇਤਿਹਾਸ ਦਾ ਗਹਿਰਾ ਪ੍ਰਭਾਵ ਸੀ | ਉਹ ਅੰਗਰੇਜਾਂ ਦੀਆਂ ਰਾਜਨੀਤਿਕ ਸੰਸਥਾਵਾਂ ਦੀ ਬਹੁਤ ਹੀ ਤਾਰੀਫਾਂ ਕਰਦੇ ਸਨ | ਉਹ ਬ੍ਰਿਟਸ਼ ਰਾਜ ਨੂੰ ਭਾਰਤ ਵਾਸਤੇ ਇੱਕ ਵਰਦਾਨ ਸਮਝਦੇ ਸਨ ਅਤੇ ਬ੍ਰਿਟਿਸ਼ ਸਾਸ਼ਨ ਦੀ ਯੋਗਤਾ ਦੀ ਤਾਰੀਫ਼ ਕਰਦੇ ਸਨ ਕਿਉਂਕਿ ਇਸ ਨਾਲ ਉਹਨਾਂ ਨੂੰ ਅਨੇਕ ਲਾਭ ਮਿਲ੍ਹੇ ਸਨ | ਉਹਨਾਂ ਦਾ ਇਹ ਵਿਚਾਰ ਸੀ ਕਿ ਅੰਗਰੇਜਾਂ ਨੇ ਉਹਨਾਂ ਨੂੰ ਇੱਕ ਉੱਤਮ ਸਭਿਅਤਾ ਪ੍ਰਦਾਨ ਕੀਤੀ ਹੈ | ਅੰਗ੍ਰੇਜੀ ਸਾਹਿੱਤ , ਅੰਗ੍ਰੇਜੀ ਸਿੱਖਿਆ-ਪ੍ਰਣਾਲੀ , ਵਿਕਸਿਤ ਸੰਚਾਰ-ਸਾਧਨਾਂ ਅਤੇ ਕੁਸ਼ਲ ਨਿਆਂ-ਪ੍ਰਣਾਲੀ ਅਤੇ ਸਥਾਨਕ-ਸਾਸ਼ਨ ਨੂੰ ਅੰਗ੍ਰੇਜੀ ਸਾਸ਼ਨ ਦੀ ਬਹੁਤ ਵੱਡੀ ਦੇਣ ਮੰਨਦੇ ਸਨ |

ਉਦਾਰਵਾਦੀ ਨੇਤਾਵਾਂ ਦੇ ਪ੍ਰੋਗ੍ਰਾਮ ਵਿੱਚ ਹੇਠ ਲਿੱਖੀਆਂ ਗੱਲਾਂ ਸ਼ਾਮਿਲ ਹੁੰਦੀਆਂ ਸਨ –
·      ਕੇਂਦਰੀ ਅਤੇ ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਜਾਵੇ |
·        ਭਾਰਤੀ ਕਾਉੰਸਿਲ ਨੂੰ ਜਾਂ ਤਾਂ ਖਤਮ ਕੀਤਾ ਜਾਵੇ ਜਾਂ ਉਸ ਵਿੱਚ ਉਪਯੋਗੀ ਸੁਧਾਰ ਕੀਤੇ ਜਾਣ |
·        ਆਈ.ਸੀ.ਐੱਸ. ਦੀ ਪ੍ਰੀਖਿਆਵਾਂ ਦਾ ਭਾਰਤ ਵਿੱਚ ਵੀ ਪ੍ਰਬੰਧ ਕੀਤਾ ਜਾਵੇ |
·        ਸੈਨਾ ਉੱਤੇ ਖਰਚ ਘੱਟ ਕੀਤਾ ਜਾਵੇ |
·        ਕਾਰਜ-ਪਾਲਿਕਾ ਅਤੇ ਵਿਧਾਨ-ਪਾਲਿਕਾ ਨੂੰ ਇੱਕ ਦੂਜੇ ਤੋਂ ਅਲੱਗ ਕੀਤਾ ਜਾਵੇ |
·        ਪ੍ਰੈੱਸ ਉੱਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾਣ |
·     ਭਾਰਤੀਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਉੱਚੀਆਂ ਪਦਵੀਆਂ ਉੱਤੇ ਨਿਯੁਕਤ ਕੀਤਾ ਜਾਵੇ |
·        ਕਿਸਾਨਾਂ ਉੱਤੇ ਬੋਝ ਹਲਕਾ ਕਰਨ ਲਈ ਲਗਾਨ ਵਿੱਚ ਕਮੀ ਕੀਤੀ ਜਾਵੇ |
·       ਕਿਸਾਨਾਂ ਨੂੰ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਕਾਸ਼ਤਕਾਰੀ ਕ਼ਾਨੂਨਾਂ ਵਿੱਚ ਬਦਲਾਉ ਕੀਤਾ ਜਾਵੇ |
·        ਭਾਰਤ ਵਿੱਚ ਤਕਨੀਕੀ ਅਤੇ ਉਦਯੋਗਿਕ ਸੰਸਥਾਵਾਂ ਦੀ ਸਥਾਪਨਾ ਕੀਤੀ ਜਾਵੇ |
·        ਵਿਦੇਸ਼ਾਂ ਵਿੱਚ ਭਾਰਤੀਆਂ ਦੀ ਸੁਰਖਿਆ ਦਾ ਪ੍ਰਬੰਧ ਕੀਤਾ ਜਾਵੇ |
·        ਕੁਟੀਰ-ਉਦਯੋਗਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ |
·      ਪਿੰਡਾਂ ਵਿੱਚ ਕਿਸਾਨਾਂ ਨੂੰ ਘੱਟ ਵਿਆਜ ਤੇ ਕਰਜੇ ਦੇਣ ਲਈ ਅਤੇ ਉਹਨਾਂ ਨੂੰ ਸਾਹੂਕਾਰਾਂ ਦੇ ਚੁੰਗਲ ਤੋਂ ਛੁੜਾਉਣ ਲਈ ਬੈੰਕਾਂ ਦੀ ਸਥਾਪਨਾ ਕੀਤੀ ਜਾਵੇ |
·        ਆਮ ਜਨਤਾ ਦੀ ਸੁਤੰਤਰਤਾ ਵਿੱਚ ਬਾਧਕ ਕ਼ਾਨੂਨਾਂ ਨੂੰ ਸਮਾਪਤ ਕੀਤਾ ਜਾਵੇ |
·        ਸਥਾਨਕ ਸੰਸਥਾਵਾਂ ਦੇ ਅਧਿਕਾਰਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਉਹਨਾਂ ਵਿੱਚ ਸਰਕਾਰੀ ਦਖਲੰਦਾਜ਼ੀ ਘੱਟ ਕੀਤੀ ਜਾਵੇ |

ਇੱਥੇ ਇੱਕ ਗੱਲ ਯਾਦ ਰੱਖਣ-ਯੋਗ ਹੈ ਕਿ ਸਰਕਾਰ ਨੇ ਇਹਨਾਂ ਵਿੱਚ ਜਿਆਦਾਤਰ ਮੰਗਾਂ ਨੂੰ ਪੂਰਾ ਕਰਨ ਦੀ ਕਦੇ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਉਦਾਰਵਾਦੀ ਨੇਤਾਵਾਂ ਨੇ ਵੀ ਉਹਨਾਂ ਮੰਗਾਂ ਨੂੰ ਕਦੇ ਵੀ ਆਪਣੇ ਪ੍ਰੋਗਾਮ ਤੋਂ ਬਾਹਰ ਨਹੀਂ ਕਢਿਆ | ਇਹਨਾਂ ਵਿੱਚੋਂ ਕਈ ਮੰਗਾਂ ਅਜਿਹੀਆਂ ਸਨ ਜੋ ਪਹਿਲੇ ਸਮਾਗਮ ਵਿੱਚ ਵੀ ਪੇਸ਼ ਕੀਤੀਆਂ ਗਈਆਂ ਸਨ ਅਤੇ ਉਹ ਲਗਾਤਾਰ ਇਹਨਾਂ ਮੰਗਾਂ ਨੂੰ 1885 ਤੋਂ ਲੈ ਕੇ 1907 ਈ. ਤੱਕ ਪੇਸ਼ ਕਰਦੇ ਆ ਰਹੇ ਸਨ | ਪਰ ਸਰਕਾਰ ਨੇ ਇਹਨਾਂ ਵੱਲ ਕੋਈ ਤਵੱਜੋ ਨਹੀਂ ਦਿੱਤੀ ਸੀ |

ਉਦਾਰਵਾਦੀਆਂ ਦੀ ਕਾਰਜਵਿਧੀ :  ਉਦਾਰਵਾਦੀਆਂ ਦੀ ਕਾਰਜਵਿਧੀ ਬਹੁਤ ਹੀ ਸਾਧਾਰਣ ਅਤੇ ਹਲੀਮੀ ਵਾਲੀ ਸੀ | ਉਹ ਸ਼ਾਸਨ ਵਿੱਚ ਸੰਵਿਧਾਨਕ ਸੁਧਾਰ ਕਰਨ ਦੇ ਪੱਖ ਵਿੱਚ ਸਨ | ਉਹ ਆਪਣੀਆਂ ਮੰਗਾ ਮਨਵਾਉਣ ਲਈ ਆਪਣੇ ਪ੍ਰਤਿਨਿਧਿਮੰਡਲ ਭੇਜਦੇ ਸਨ ਅਤੇ ਅਪੀਲ ਕਰਦੇ ਸਨ | ਉਹ ਨਿਮਰਤਾ ਵਾਲੀ ਭਾਸ਼ਾ ਦਾ ਪ੍ਰਯੋਗ ਕਰਦੇ ਸਨ | ਸਮਾਚਾਰ-ਪੱਤਰ , ਭਾਸ਼ਣ ਅਤੇ ਸਲਾਨਾ ਸਮਾਗਮ ਉਹਨਾਂ ਦੇ ਪ੍ਰਚਾਰ ਦਾ ਮੁੱਖ ਸਾਧਨ ਸਨ | ਸਮਾਚਾਰ ਪੱਤਰ ਤਾਂ ਉਹਨਾਂ ਦੇ ਪ੍ਰਚਾਰ ਦਾ ਸ਼ਕਤੀਸ਼ਾਲੀ ਸਾਧਨ ਸੀ | ਬਹੁਤ ਸਾਰੇ ਉਦਾਰਵਾਦੀ ਨੇਤਾ ਤਾਂ ਕਈ ਸਮਾਚਾਰ ਪੱਤਰਾਂ ਦੇ ਸੰਪਾਦਕ ਵੀ ਸਨ | ਹਰ ਸਾਲ ਹੋਣ ਵਾਸਲੇ ਸਮਾਗਮ ਵਿੱਚ ਸਰਕਾਰ ਦੀਆਂ ਨੀਤੀਆਂ ਉੱਤੇ ਚਰਚਾ ਹੁੰਦੀ ਸੀ ਅਤੇ ਮੰਗਾਂ ਨੂੰ ਪ੍ਰਸਤਾਵ ਦੇ ਰੂਪ ਵਿੱਚ ਪਾਸ ਕਰਕੇ ਸਰਕਾਰ ਕੋਲ ਭੇਜ ਦਿੱਤਾ ਜਾਂਦਾ ਸੀ | ਇਸਤੋਂ ਬਾਅਦ ਇਹ ਆਸ ਕੀਤੀ ਜਾਂਦੀ ਸੀ ਕਿ ਸਰਕਾਰ ਉਹਨਾਂ ਮੰਗਾਂ ਨੂੰ ਮੰਨ ਲਏਗੀ | ਅਗਲੇ ਸਮਾਗਮ ਵਿੱਚ ਪੁਰਾਣੇ ਪ੍ਰਸਤਾਵਾਂ ਨੂੰ ਫਿਰ ਦੁਹਰਾਇਆ ਜਾਂਦਾ ਸੀ ਅਤੇ ਇੱਕ ਦੋ ਨਵੇਂ ਪ੍ਰਸਤਾਵ ਵੀ ਪਾਸ ਕੀਤੇ ਜਾਂਦੇ ਸਨ | ਕਾਂਗਰਸ ਦੇ ਉਦਾਰਵਾਦੀ ਨੇਤਾ ਅੰਗਰੇਜਾਂ ਦੀ ਮਿਹਰਬਾਨੀ ਨਾਲ ਮਿਲਣ ਵਾਲੇ ਥੋੜੇ ਜਿਹੇ ਅਧਿਕਾਰਾਂ ਨਾਲ ਹੀ ਸੰਤੁਸ਼ਟ ਹੋ ਜਾਂਦੇ ਸਨ | ਉਹ ਸੁਤੰਤਰਤਾ ਦੀ ਪ੍ਰਾਪਤੀ ਵਾਸਤੇ ਬਹੁਤ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਲਈ ਵੀ ਤਿਆਰ ਸਨ | ਰਾਸ ਬਿਹਾਰੀ ਬੋਸ ਦਾ ਇਸ ਸਬੰਧ ਵਿੱਚ ਕਹਿਣਾ ਸੀ – “ ਤੁਹਾਡੇ ਅੰਦਰ ਧੀਰਜ ਹੋਣਾ ਚਾਹੀਦਾ ਹੈ , ਤੁਹਾਨੂੰ ਇੰਤਜਾਰ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਸਮਾਂ ਆਉਣ ਤੇ ਤੁਹਾਨੂੰ ਹਰੇਕ ਚੀਜ਼ ਮਿਲ ਜਾਏਗੀ |
ਉਦਾਰਵਾਦੀ ਨੇਤਾ ਸੁਤੰਤਰਤਾ ਪ੍ਰਾਪਤੀ ਲਈ ਕੋਈ ਵੱਡਾ ਸੰਘਰਸ਼ ਕਰਨ ਅਤੇ ਸਰਕਾਰ ਨਾਲ ਟੱਕਰ ਲੈਣ ਲਈ ਤਿਆਰ ਨਹੀਂ ਸਨ | ਇਸ ਉੱਦੇਸ਼ ਦੀ ਪ੍ਰਾਪਤੀ ਵਾਸਤੇ ਉਹ ਕੋਈ ਹਿੰਸਾਤਮਕ ਕਾਰਵਾਈ ਕਰਨ ਅਤੇ ਖੂਨ ਬਹਾਉਣ ਦੇ ਹੱਕ ਵਿੱਚ ਨਹੀਂ ਸਨ |

ਉਦਾਰਵਾਦੀਆਂ ਦਾ ਮੁਲਾਂਕਣ : ਬਹੁਤ ਸਾਰੇ ਲੋਕ ਉਦਾਵਾਦੀਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਸਖਤ ਆਲੋਚਨਾ ਕਰਦੇ ਹਨ | ਪਰ ਆਲੋਚਨਾ ਕਰਨ ਵਾਲੇ ਬਹੁਤ ਸਾਰੇ ਹਾਲਾਤਜਨਕ ਸੱਚਾਈਆਂ ਨੂੰ ਭੁੱਲ ਜਾਂਦੇ ਹਨ | ਜਿਵੇਂ ਕਿ ਉੱਪਰ ਵੀ ਕਿਹਾ ਜਾ ਚੁੱਕਾ ਹੈ ਕਿ ਜਿੰਨੇਂ ਵੀ ਵਿਦੇਸ਼ੀ ਹਮਲਾਵਰ ਸਾਡੇ ਦੇਸ਼ ਵਿੱਚ ਆਏ ਭਾਰਤੀਆਂ ਨੇ ਕਦੇ ਵੀ ਉਹਨਾਂ ਨੂੰ ਮਿਲਕੇ ਇੱਥੋਂ ਕਢਣ ਦਾ ਜਤਨ ਨਹੀਂ ਕੀਤਾ ਕਿਉਂਕਿ ਉਹ ਸਾਰੇ ਹਮਲਾਵਰ ਇੱਥੇ ਆ ਕੇ ਭਾਰਤ ਦੀ ਧਰਤੀ ਵਿੱਚ ਹੀ ਰਚ-ਮਿਚ ਗਏ ਅਤੇ ਭਾਰਤ ਦੀ ਸੰਸਕ੍ਰਿਤੀ ਨੂੰ ਹੀ ਉਹਨਾਂ ਨੇ ਆਪਣਾ ਲਿਆ ਸੀ | ਅੰਗਰੇਜ ਵੀ ਇੱਕ ਵਪਾਰੀ ਦੇ ਰੂਪ ਵਿੱਚ ਆਏ ਸਨ | ਪਰ ਹੁਣ 1857 -58 ਈ. ਤੋਂ ਬਾਅਦ ਇੱਥੇ ਬ੍ਰਿਟਿਸ਼ ਸਰਕਾਰ ਦੀ ਸਿੱਧੀ ਹਕੂਮਤ ਸੀ | ਜੇਕਰ ਬ੍ਰਿਟਿਸ਼ ਲੋਕ ਵੀ ਇੱਥੋਂ ਦੇ ਲੋਕਾਂ ਵਿੱਚ ਰਚ-ਮਿਚ ਜਾਂਦੇ ਅਤੇ ਇੱਥੋਂ ਦੀ ਸੰਸਕ੍ਰਿਤੀ ਨੂੰ ਹੀ ਆਪਣਾ ਲੈਂਦੇ ਜਿਵੇਂ ਕਿ ਬਾਕੀ ਹਮਲਾਵਰਾਂ ਨੇ ਕੀਤਾ ਸੀ ਤਾਂ ਭਾਰਤੀ ਲੋਕ ਸ਼ਾਇਦ ਉਹਨਾਂ ਨੂੰ ਕਦੇ ਵੀ ਭਾਰਤ ਤੋਂ ਵਾਪਿਸ ਚਲੇ ਜਾਣ ਲਈ ਮਜਬੂਰ ਨਾ ਕਰਦੇ | ਪਰ ਬ੍ਰਿਟਿਸ਼ ਲੋਕ ਅਤੇ ਸਰਕਾਰ ਆਪਣੇ ਆਪ ਨੂੰ ਉੱਚ ਸਭਿਅਤਾ ਵਾਲੇ ਸਮਝਦੇ ਸਨ ਅਤੇ ਭਾਰਤੀ ਲੋਕਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸਨ | ਉਹ ਕਦੇ ਵੀ ਭਾਰਤੀ ਸੰਸਕ੍ਰਿਤੀ ਨੂੰ ਅਪਣਾਉਣ ਲਈ ਤਿਆਰ ਨਹੀਂ ਸਨ | ਇਸਤੋਂ ਇਲਾਵਾ ਉਹਨਾਂ ਦੀ ਦੇਸ਼ ਭਗਤੀ ਅਤੇ ਨਿਸ਼ਠਾ ਕੇਵਲ ਇੰਗਲੈਂਡ ਦੇ ਪ੍ਰਤੀ ਸੀ ਨਾ ਕਿ ਭਾਰਤ ਦੇ ਪ੍ਰਤੀ ਜੋ ਕਿ ਉਹਨਾ ਵੱਲੋਂ ਕੇਵਲ ਇੱਕ ਬਸਤੀ ਦੇ ਤੌਰ ਤੇ ਹੀ ਸਮਝਿਆ ਜਾਂਦਾ ਸੀ | ਇਹੀ ਕਾਰਨ ਸੀ ਕਿ ਭਾਰਤੀ ਲੋਕਾਂ ਅਤੇ ਬ੍ਰਿਟਿਸ਼ ਲੋਕਾਂ ਵਿਚਕਾਰ ਤਨਾਉ ਪੈਦਾ ਹੋਇਆ ਸੀ | ਪ੍ਰੰਤੂ ਕਾਂਗਰਸ ਪਾਰਟੀ ਦੇ ਜਨਮ ਅਤੇ ਉਦਾਰਵਾਦੀਆਂ ਦੇ ਸਮੇਂ ਤੱਕ ਹਾਲੇ ਰਾਸ਼ਟਰਵਾਦੀ ਸੋਚ ਦਾ ਬਹੁਤ ਪਸਾਰਾ ਨਹੀਂ ਹੋਇਆ ਸੀ ਅਤੇ ਨਾ ਹੀ ਲੋਕ ਹਾਲੇ ਇਸ ਬਾਰੇ ਜਾਗ੍ਰਿਤ ਸਨ | ਅਜਿਹੇ ਸਮੇਂ ਵਿੱਚ ਉਦਾਰਵਾਦੀਆਂ ਨੇ ਜੋ ਵੀ ਤਰੀਕਾ ਅਪਣਾਇਆ ਉਹ ਸਮੇਂ ਦੀ ਕਸੌਟੀ ਅਨੁਸਾਰ ਸੀ | ਉਹਨਾਂ ਨੇ ਭਾਰਤੀ ਰਾਸ਼ਟਰੀ ਅੰਦੋਲਨ ਦੀ ਨੀਹਂ ਤਿਆਰ ਕੀਤੀ ਸੀ ਅਤੇ ਉਸਨੂੰ ਆਪਣੇ ਲਾਡ-ਪਿਆਰ ਵਾਲੇ ਕਾਰਜਾਂ ਨਾਲ ਪਾਲਿਆ ਪੋਸਿਆ ਸੀ | ਇਹ ਇੱਕ ਕਿਸਮ ਦਾ ਭਾਰਤੀ ਜਾਗ੍ਰਿਤੀ ਦਾ ਆਰੰਭਕ ਕਾਲ ਸੀ ਅਤੇ ਰਾਜਨੀਤਿਕ ਸੰਸਥਾਵਾਂ ਦੀ ਟ੍ਰੇਨਿੰਗ ਦਾ ਸਮਾਂ ਸੀ | ਕੁਝ ਲੋਕ ਇਹ ਵੀ ਆਲੋਚਨਾ ਕਰਦੇ ਹਨ ਕਿ ਉਦਾਰਵਾਦੀ ਕੋਰੇ ਵਿਚਾਰਕ ਸਨ ਅਤੇ ਉਹਨਾਂ ਦੇ ਉੱਦੇਸ਼ ਬਹੁਤ ਹੀ ਛੋਟੇ ਸਨ | ਉਹ ਜਨ-ਸਧਾਰਣ ਤੋਂ ਬਹੁਤ ਦੂਰ ਸਨ ਅਤੇ ਵਿਦੇਸ਼ੀ ਸਹਾਇਤਾ ਦੇ ਸਮਰਥਕ ਸਨ |
ਪਰ ਇੰਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਸ਼ੁਰੁਆਤੀ ਸਾਲਾਂ ਵਿੱਚ ਉਦਾਰਵਾਦੀਆਂ ਦੀਆਂ ਸੇਵਾਵਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ | ਉਹ ਸੱਚੇ ਦੇਸ਼-ਭਗਤ ਸਨ ਅਤੇ ਭਾਰਤ ਦਾ ਸੰਗਠਨ ਅਤੇ ਏਕਤਾ ਉਹਨਾਂ ਦਾ ਮੁੱਖ ਉੱਦੇਸ਼ ਸੀ | ਭਾਰਤੀਆਂ ਨੂੰ ਇੱਕ ਸੂਤਰ ਵਿੱਚ ਬੰਨਣ , ਉਹਨਾਂ ਨੂੰ ਰਾਜਨੀਤਿਕ ਸਿੱਖਿਆ ਦੇਣ ਅਤੇ ਉਹਨਾਂ ਵਿੱਚ ਰਾਸ਼ਟਰੀ ਜਾਗ੍ਰਤੀ ਪੈਦਾ ਕਰਨ ਵਾਸਤੇ ਉਹਨਾਂ ਨੇ ਬਹੁਤ ਹੀ ਪ੍ਰਸ਼ੰਸਾਯੋਗ ਕੰਮ ਕੀਤਾ ਸੀ | ਉਹਨਾਂ ਨੇ ਆਪਣੇ ਸਲਾਨਾ ਸਮਾਗਮਾਂ ਰਾਹੀਂ ਜਨ ਸਧਾਰਣ ਲੋਕਾਂ ਨੂੰ ਹਮੇਸ਼ਾ ਆਪਣੀਆਂ ਪਰੇਸ਼ਾਨੀਆਂ ਦੇ ਪ੍ਰਤੀ ਸੁਚੇਤ ਰੱਖਿਆ | ਉਹਨਾਂ ਨੇ ਰਾਸ਼ਟਰ ਦੇ ਨਿਰਮਾਣ ਦਾ ਰਸਤਾ ਦਿਖਾਇਆ ਅਤੇ ਰਾਸ਼ਟਰੀਅਤਾ ਨੂੰ ਪੌਸ਼ਟਿਕ ਖਾਦ ਨਾਲ ਸਿੰਜਿਆ | ਉਹਨਾਂ ਵਰਗੀ ਦੇਸ਼ ਭਗਤੀ ਅਤੇ ਹੌਂਸਲਾ ਇਤਿਹਾਸ ਵਿੱਚ ਮਿਲਣਾ ਮੁਸ਼ਕਿਲ ਹੈ | ਸਾਨੂੰ ਇਹ ਗੱਲ ਨਹੀਂ ਭੁਲਣੀ ਚਾਹੀਦੀ ਕਿ ਸਰਕਾਰ ਭਾਰਤੀ ਰਾਸ਼ਟਰੀਅਤਾ ਦੀ ਘੋਰ ਵਿਰੋਧੀ ਸੀ  ਅਤੇ ਉਸਦੇ ਅਧੀਨ ਨੋਕਰਸ਼ਾਹੀ ਵੀ ਬਹੁਤ ਸੰਗਠਿਤ , ਪ੍ਰਭਾਵਸ਼ਾਲੀ ਅਤੇ ਸਰਕਾਰ ਦੇ ਪ੍ਰਤੀ ਬਹੁਤ ਵਫ਼ਾਦਾਰ ਸੀ | ਅਜਿਹੇ ਸਮੇਂ ਦੌਰਾਨ ਉਦਾਰਵਾਦੀਆਂ ਵੱਲੋਂ ਸੰਵਿਧਾਨਿਕ ਸਾਧਨਾਂ ਦਾ ਸਹਾਰਾ ਲੈਣਾ ਉਹਨਾਂ ਦੀ ਸਮਝਦਾਰੀ ਸੀ ਅਤੇ ਸਮੇਂ ਅਨੁਸਾਰ ਢੁਕਵਾਂ ਸੀ | ਉਹਨਾਂ ਦੇ ਉਦਾਰਵਾਦੀ ਸਮੇਂ ਦੌਰਾਨ ਹੀ ਭਾਰਤੀ ਲੋਕਾਂ ਨੂੰ ਰਾਸ਼ਟਰਵਾਦੀ ਸੋਚ ਨੂੰ ਪ੍ਰਫੁਲਿਤ ਕਰਨ ਦਾ ਮੌਕਾ ਮਿਲਿਆ ਸੀ | ਅਜਿਹੇ ਸਮੇਂ ਜੇਕਰ ਉਗਰਵਾਦੀ ਸੋਚ ਅਪਣਾਈ ਜਾਂਦੀ ਤਾਂ ਰਾਸ਼ਟਰੀ ਅੰਦੋਲਨ ਨੂੰ ਅੱਗੇ ਵਧਾਉਣਾ ਔਖਾ ਹੋ ਜਾਣਾ ਸੀ | ਇਸ ਲਈ ਅਸੀਂ ਅੰਤ ਵਿੱਚ ਇਹ ਆਖ ਸਕਦੇ ਹਾਂ ਕਿ ਉਦਾਰਵਾਦੀਆਂ ਨੇ ਚੁੱਪ ਰਹਿ ਕੇ ਸ਼ਾਂਤੀਪੂਰਨ ਢੰਗ ਨਾਲ ਰਾਸ਼ਟਰੀਅਤਾ ਦੀ ਅੱਗ ਨੂੰ ਭੜਕਾਉਣ ਵਿੱਚ ਕਾਫੀ ਯੋਗਦਾਨ ਦਿੱਤਾ | ਉਹਨਾਂ ਦੇ ਯੋਗਦਾਨ ਦੇ ਵਿਸ਼ੇ ਵਿੱਚ ਡਾ.ਪੱਤਾਭੀਸੀਤਾਰਮਾਇਆ ਲਿਖਦੇ ਹਨ ਕਿ – “ ਅਸੀਂ ਉਹਨਾਂ ਨੂੰ ਉਹਨਾਂ ਦੇ ਦ੍ਰਿਸ਼ਟੀਕੋਣ ਦੇ ਲਈ , ਜਿਸ ਜ਼ਰੀਏ ਭਾਰਤੀ ਰਾਜਨੀਤਿਕ ਸੁਧਾਰ ਦੇ ਨੇਤਾਵਾਂ ਦੇ ਰੂਪ ਵਿੱਚ ਉਹਨਾਂ ਨੇ ਕੰਮ ਕੀਤਾ , ਇਸਤੋਂ ਵੱਧ ਦੋਸ਼ ਨਹੀਂ ਦੇ ਸਕਦੇ , ਜਿਸ ਤਰਾਂ ਅਸੀਂ ਅੱਜਕਲ ਦੇ ਕਿਸੇ ਭਵਨ ਦੀ ਨੀਂਹ ਦੇ ਰੂਪ ਵਿੱਚ ਛੇ ਫੁੱਟ ਗਹਿਰੀਆਂ ਇੱਟਾਂ ਅਤੇ ਗਾਰੇ ਨੂੰ ਦੋਸ਼ ਨਹੀਂ ਦੇ ਸਕਦੇ | ਉਹਨਾਂ ਨੇ ਸਾਡੇ ਲਈ ਇਹ ਸੰਭਵ ਕਰ ਦਿੱਤਾ ਕਿ ਅਸੀਂ ਭਵਨ ਦੀ ਇੱਕ ਤੋਂ ਬਾਅਦ ਇੱਕ ਉੱਪਰ ਦੀਆਂ ਮੰਜਿਲਾਂ ਖੜੀਆਂ ਕਰ ਸਕੀਏ – ਉਪਨਿਵੇਸ਼ਕ ਸਵਰਾਜ , ਸਾਮਰਾਜ ਦੇ ਅੰਦਰ ਹੋਮ ਰੂਲ , ਸਵਰਾਜ ਅਤੇ ਇਹਨਾਂ ਸਭ ਤੋਂ ਉੱਤੇ ਪੂਰਨ ਸੁਤੰਤਰਤਾ |


____________________________________________________









ਬੰਗਾਲ ਦੀ ਵੰਡ ( 1905 ) ਦੀ ਅਸਲੀਅਤ ਅਤੇ ਇਸਦੇ ਦੂਰਗਾਮੀ ਪ੍ਰਭਾਵ

ਬੰਗਾਲ ਦੀ ਵੰਡ ਭਾਰਤ ਦੀ ਰਾਸ਼ਟਰੀ ਜਾਗ੍ਰਿਤੀ ਵਿੱਚ ਵਾਧਾ ਕਰਨ ਵਿੱਚ ਇੱਕ ਵਿਲੱਖਣ ਮੋੜ ਸਿੱਧ ਹੋਈ | ਭਾਵੇਂ ਲਾਰਡ ਕਰਜ਼ਨ ਨੇ ਇਸ ਵੰਡ ਨੂੰ ਸਹੀ ਠਹਿਰਾਉਣ ਲਈ ਕੁਝ ਵੀ ਕਾਰਨ ਦੱਸੇ ਹੋਣ | ਪਰ ਇਹ ਗੱਲ ਸਪਸ਼ਟ ਹੈ ਕਿ ਬੰਗਾਲ ਦੀ ਵੰਡ ਤੋਂ ਬਾਅਦ ਹੀ ਭਾਰਤੀ ਲੋਕਾਂ ਵਿੱਚ ਅਮਲੀ ਤੌਰ ਤੇ ਰਾਸ਼ਟਰੀ ਭਾਵਨਾਵਾਂ ਨੇ ਜਨਮ ਲੈਣਾਂ ਸ਼ੁਰੂ ਕੀਤਾ ਸੀ | ਇਸਤੋਂ ਪਹਿਲਾਂ ਭਾਵੇਂ 1857 ਈ. ਦਾ ਵਿਦਰੋਹ ਹੋਵੇ ਜਾਂ ਹੋਰਾਂ ਥਾਈਂ ਹੋਣ ਵਾਲੇ ਸਥਾਨਕ ਅੰਦੋਲਨ ਹੋਣ , ਬਾਕੀ ਸਭ ਅੰਦੋਲਨਾਂ ਦਾ ਪ੍ਰਭਾਵ ਜਾਂ ਤਾਂ ਸਥਾਨਕ ਰਿਹਾ ਜਾਂ ਫਿਰ ਕੁਝ ਸਮਾਂ ਪਾ ਕੇ ਉਸਦਾ ਪ੍ਰਭਾਵ ਨਜ਼ਰਾਂ ਤੋ ਉਹਲੇ ਹੋ ਗਿਆ |
ਪਰ ਬੰਗਾਲ ਦੀ ਵੰਡ ਦਾ ਦੂਰਗਾਮੀ ਅਸਰ ਹੋਇਆ ਕਿਉਂਕਿ ਇਸਨੇ ਕੇਵਲ ਰਾਜਨੀਤਿਕ ਨੇਤਾਵਾਂ ਵਿੱਚ ਹੀ ਕਿਰਿਆਸ਼ੀਲਤਾ ਨਹੀਂ ਲਿਆਂਦੀ ਸਗੋਂ ਆਮ ਭਾਰਤੀ ਜਨਮਾਨਸ ਨੂੰ ਵੀ ਝਿੰਜੋੜਿਆ ਅਤੇ ਉਹਨਾਂ ਨੂੰ ਇਹ ਅਹਿਸਾਸ ਦਿਵਾਇਆ ਕਿ ਅੰਗ੍ਰੇਜੀ ਸਰਕਾਰ ਨੂੰ ਭਾਰਤੀਆਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਉਹ ਤਾਂ ਸਿਰਫ “ ਪਾੜੋ ਅਤੇ ਰਾਜ ”  ਕਰੋ ਦੀ ਨੀਤੀ ਉੱਤੇ ਚੱਲ ਕੇ ਦੇਸ਼ ਵਿੱਚ ਆਪਣਾ ਰਾਜ ਚਲਾਉਣਾ ਚਾਹੁੰਦੇ ਹਨ | ਦੂਜੇ ਪਾਸੇ ਅੰਗਰੇਜਾਂ ਨੇ ਭਾਵੇਂ ਬਾਅਦ ਵਿੱਚ ਬੰਗਾਲ ਦੀ ਵੰਡ ਨੂੰ ਨਿਰਸਤ ਕਰ ਦਿੱਤਾ ਪਰ ਉਹਨਾਂ ਨੇ ਇਸੇ ਘਟਨਾਂ ਤੋਂ ਬਾਅਦ ਹੀ ਕਮਿਉਨਲ ਕਾਰਡ ਖੇਡਣਾ ਸ਼ੁਰੂ ਕੀਤਾ ਸੀ | ਕਿਉਂਕਿ ਅੰਗ੍ਰੇਜੀ ਸਰਕਾਰ ਨੇ ਬੰਗਾਲ ਵੰਡ ਦੌਰਾਨ ਹੀ ਦੋਹਾਂ ਕਮਿਉਨਿਟੀ ਦੇ ਲੀਡਰਾਂ ਦੇ ਦਿਲ ਦੀਆਂ ਭਾਵਨਾਂਵਾਂ ਨੂੰ ਸਮਝ ਲਿਆ ਸੀ ਕਿ ਉਹ ਇਸ ਵੰਡ ਦੇ ਵਿਰੁੱਧ ਕਿਉਂ ਹਨ | ਜਦਕਿ ਇਸ ਤੋਂ ਪਹਿਲਾਂ ਕੋਈ ਵੀ ਘਟਨਾ ਅਜਿਹੀ ਨਹੀਂ ਹੋਈ ਸੀ ਜਿਥੋਂ ਅੰਗਰੇਜਾਂ ਨੇ ਹਿੰਦੂ ਅਤੇ ਮੁਸਲਿਮ ਭਾਵਨਾਂਵਾਂ ਨੂੰ ਭਾਂਪਿਆ ਹੋਵੇ |
ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕਰਨ ਦੇ ਪੱਖ ਵਿੱਚ ਜੋ ਦਲੀਲਾਂ ਦਿੱਤੀਆਂ ਉਹਨਾਂ ਵਿੱਚ ਮੁੱਖ ਦਲੀਲ ਪ੍ਰਸ਼ਾਸਨਕ ਆਧਾਰ ਸੀ |ਉਸਦੇ ਅਨੁਸਾਰ ਬੰਗਾਲ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਇੰਨੇਂ ਵੱਡੇ ਖੇਤਰ ਉੱਤੇ ਪ੍ਰਸ਼ਾਸਨਕ ਅਧਿਕਾਰੀ ਲਈ ਕੰਮ ਕਰਨਾ ਬਹੁਤ ਮੁਸ਼ਕਿਲ ਹੈ | ਯਾਦ ਰਹੇ ਕਿ ਬੰਗਾਲ ਦੀ ਵੰਡ ਤੋਂ ਪਹਿਲਾਂ ਇਸ ਵਿੱਚ ਬਿਹਾਰ , ਉੜੀਸਾ ਅਤੇ ਅਸਾਮ ਦੇ ਵੀ ਇਲਾਕੇ ਸ਼ਾਮਿਲ ਸਨ | ਉਸ ਸਮੇਂ ਇਹ ਖੇਤਰ ਬਹੁਤ ਅਧਿਕ ਜਨਸੰਖਿਆ ਘਣਤਾ ਵਾਲਾ ਵੀ ਸੀ | ਸਨ 1874 ਈ. ਵਿੱਚ ਬ੍ਰਿਟਿਸ਼ ਸਰਕਾਰ ਨੇ ਅਸਾਮ ਨੂੰ ਬੰਗਾਲ ਤੋਂ ਅਲਗ ਕਰ ਦਿੱਤਾ ਸੀ | ਇਸਨੂੰ ਇੱਕ ਅਲਗ ਚੀਫ਼ ਕਮਿਸ਼ਨਰ ਪ੍ਰਾਂਤ ਬਣਾ ਦਿੱਤਾ ਗਿਆ | ਬਾਅਦ ਵਿੱਚ ਇਸ ਵਿੱਚ ਬੰਗਾਲੀ ਭਾਸ਼ਾ ਦਾ ਖੇਤਰ ਸਿਲਹਟ ਵੀ ਜੋੜ ਦਿੱਤਾ ਗਿਆ | ਅਸਾਮ ਦੇ ਖੇਤਰ ਵਿੱਚ ਸਨ 1897 ਈ. ਵਿੱਚ ਦੁਬਾਰਾ ਵਾਧਾ ਕੀਤਾ ਗਿਆ ਜਦੋਂ ਇਸ ਵਿੱਚ ਬੰਗਾਲ ਤੋਂ ਦੱਖਣੀ ਲੁਸ਼ਾਈ ਪਹਾੜੀ ਲੜੀ ਵੀ ਇਸ ਨਾਲ ਜੋੜ ਦਿੱਤੀ ਗਈ | ਬੰਗਾਲ ਉੱਤੇ ਅਸਲੀ ਵੰਡ ਦਾ ਹਮਲਾ ਤਾਂ 1899 ਈ. ਵਿੱਚ ਹੋਇਆ ਜਦੋਂ ਲਾਰਡ ਕਰਜ਼ਨ ਨੇ ਕਲਕੱਤਾ ਕਾਰਪੋਰੇਸ਼ਨ ਦੇ ਚੁਣੇ ਹੋਏ ਮੈਂਬਰਾਂ ਦੀ ਗਿਣਤੀ ਨੂੰ ਵੀ ਘਟਾ ਦਿੱਤਾ | ਗਿਣਤੀ ਵਿੱਚ ਇਹ ਕਮੀ ਸਿਰਫ ਕੁਝ ਯੂਰਪੀ ਵਪਾਰੀਆਂ ਦੀ ਇੱਛਾ ਨੂੰ ਸ਼ਾਂਤ ਕਰਨ ਵਾਸਤੇ ਕੀਤੀ ਗਈ | ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲਾਈਸੈਂਸ ਅਤੇ ਹੋਰ ਸਹੂਲਤਾਂ ਲੈਣ ਵਿੱਚ ਦੇਰੀ ਹੋ ਰਹੀ ਸੀ | ਸਨ 1905 ਈ. ਵਿੱਚ ਕੀਤੀ ਗਈ ਬੰਗਾਲ ਦੀ ਵੰਡ ਨੂੰ ਭਾਰਤੀ ਰਾਸ਼ਟਰੀਅਤਾ ਉੱਤੇ ਛੁਪਿਆ ( Underground Attack ) ਹੋਇਆ ਹਮਲਾ ਸਮਝਿਆ ਗਿਆ | ਇਸ ਵੰਡ ਨਾਲ ਲਾਰਡ ਕਰਜ਼ਨ ਬ੍ਰਿਟਿਸ਼ ਰਾਜ ਦੇ ਵਿਦਰੋਹੀਆਂ ਨੂੰ ਅਲਗ-ਥਲਗ ਕਰਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਤਰਾਂ ਦੇ ਵਿਰੋਧ ਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ | ਬੰਗਾਲ ਦੀ ਏਕਤਾ ਉਹਨਾਂ ਦੀ ( ਭਾਰਤੀ ਦੇਸ਼ ਪ੍ਰੇਮੀਆਂ ਦੀ ) ਬਹੁਤ ਵੱਡੀ ਸ਼ਕਤੀ ਸੀ ਜਿਸਨੂੰ ਦੋ ਫਾੜ ਕਰਕੇ ਕਮਜ਼ੋਰ ਕਰਨਾ ਲਾਰਡ ਕਰਜ਼ਨ ਦਾ ਮੁੱਖ ਉੱਦੇਸ਼ ਸੀ |
ਬੰਗਾਲ ਦੀ ਵੰਡ ਦਾ ਵਿਚਾਰ ਸਭ ਤੋਂ ਪਹਿਲਾਂ ਵਿਲੀਅਮ ਵਾਰਡ ਨੇ ਜੋ ਉਸ ਸਮੇਂ ਅਸਾਮ ਦਾ ਚੀਫ਼ ਕਮਿਸ਼ਨਰ ਸੀ , ਨੇ ਸਨ 1896 ਈ. ਵਿੱਚ ਦਿੱਤਾ ਸੀ | ਬਾਅਦ ਵਿੱਚ ਪੂਰਵੀ ਭਾਰਤ ਵਿੱਚ ਉਠ ਰਹੀ ਰਾਸ਼ਟਰੀ ਲਹਿਰ ਨਾਲ ਨਜਿੱਠਣ ਵਾਸਤੇ ਲਾਰਡ ਕਰਜ਼ਨ ਅਤੇ ਉਸਦੇ ਸਲਾਹਕਾਰ ਸਰ ਏ. ਫਰੇਸਰ ( ਜੋ ਉਸ ਸਮੇਂ ਬੰਗਾਲ ਦਾ ਲੈਫਟੀਨੈੰਟ ਗਵਰਨਰ ਸੀ ) ਅਤੇ ਐਚ.ਐਚ. ਰਿਸਲੇ ( ਜੋ ਉਸ ਸਮੇਂ ਭਾਰਤ ਸਰਕਾਰ ਵਿੱਚ ਗ੍ਰਹਿ ਵਿਭਾਗ ਦਾ ਸਕੱਤਰ ਸੀ ) ਨੇ ਇਸਦਾ ਹੱਲ ਕਢਿਆ ਕਿ ਬੰਗਾਲ ਦੇ ਬੰਗਾਲੀ ਭਾਸ਼ਾਈ ਖੇਤਰ ਅਲਗ ਕਰ ਦਿੱਤੇ ਜਾਣ | ਰਿਸਲੇ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ,” ਬੰਗਾਲ ਇੱਕ ਹੈ ਤਾਂ ਸ਼ਕਤੀਸ਼ਾਲੀ ਰਹੇਗਾ ਅਤੇ ਵੰਡਿਆ ਹੋਇਆ ਬੰਗਾਲ ਅਲਗ-ਅਲਗ ਰਸਤਿਆਂ ਵੱਲ ਖਿੱਚਿਆ ਜਾਵੇਗਾ | " ਕਰਜ਼ਨ ਦਾ ਇਹ ਕਹਿਣਾ ਸੀ ਕਿ - " ਭਾਰਤੀਆਂ ਉੱਤੇ ਕੇਵਲ ਰਾਜ ਕਰੋ ਉਹਨਾਂ ਨੂੰ ਕਿਸੇ ਤਰਾਂ ਦੀਆਂ ਆਸਾਂ ਨਾ ਪਾਲਣ ਦਿਓ | "
ਇਸਤੋਂ ਇਲਾਵਾ ਕਰਜ਼ਨ ਨੇ ਯੂਨੀਵਰਸਿਟੀ ਐਕਟ ( 1904 ) ਨੂੰ ਵੀ ਪਾਸ ਕਰਵਾਇਆ ਅਤੇ ਉਸਨੂੰ ਲਾਗੂ ਕੀਤਾ | ਇਸ ਐਕਟ ਅਨੁਸਾਰ ( ਯੂਨੀਵਰਸਿਟੀ ਵਿੱਚ ) ਸੀਨੇਟ ਦੇ ਚੁਣੇ ਹੋਏ ਮੈਂਬਰ ਜੋ ਜਿਆਦਾਤਰ ਭਾਰਤੀ ਸਨ , ਦੀ ਗਿਣਤੀ ਘਟਾ ਦਿੱਤੀ ਗਈ | ਇਸ ਤਰਾਂ ਕਲਕੱਤਾ ਯੂਨੀਵਰਸਿਟੀ ਨਾਲ ਸਬੰਧਤ ਕਾਲਜ ਅਤੇ ਸਕੂਲਾਂ ਨੂੰ ਗ੍ਰਾੰਟ ਅਤੇ ਹੋਰ ਸਹੂਲਤਾਂ ਆਦਿ ਦੇਣ ਦੀ ਸ਼ਕਤੀ ਸਰਕਾਰੀ ( ਬ੍ਰਿਟਿਸ਼ ) ਅਧਿਕਾਰੀਆਂ ਨੂੰ ਸੌੰਪ ਦਿੱਤੀ ਗਈ |
ਬੰਗਾਲ ਦੀ ਜੋ ਵੰਡ ਹੋਈ ਉਸ ਵਿੱਚ ਪੂਰਵੀ ਖੇਤਰ ਵਿੱਚ ਮੁਸਲਿਮ ਆਬਾਦੀ ਜਿਆਦਾ ਸੀ ਜਦਕਿ ਪਛਮੀ ਖੇਤਰ ਵਿੱਚ ਹਿੰਦੂ ਆਬਾਦੀ ਬਹੁਤ ਜਿਆਦਾ ਅਤੇ ਮੁਸਲਿਮ ਘੱਟ ਸਨ | ਭਾਰਤੀ ਲੋਕਾਂ ਦੇ ਮਨ ਵਿੱਚ ਭਾਵੇਂ ਜੋ ਵੀ ਵਿਚਾਰ ਹੋਵੇ ਪਰ ਇਸ ਨਾਲ ਅੰਗਰੇਜਾਂ ਨੂੰ ਭਾਰਤੀ ਲੋਕਾਂ ਦੇ ਖਿਲਾਫ਼ ਆਸਾਨੀ ਨਾਲ ਲੜਨ ਵਾਸਤੇ ਕਮਿਉਨਲ ਹਥਿਆਰ ਮਿਲ ਗਿਆ | ਇਸ ਵੰਡ ਦੌਰਾਨ ਹੀ ਮੁਸਲਿਮ ਲੀਗ ਦਾ ਜਨਮ (1906 ) ਹੋਇਆ ਸੀ | ਕਰਜ਼ਨ ਨੇ ਮੁਸਲਿਮ ਲੀਡਰਾਂ ਨੂੰ ਖੁਸ਼ ਕਰਨਾ ਸ਼ੁਰੂ ਕੀਤਾ ਤਾਂ ਲੀਗ ਦੇ ਨੇਤਾਵਾਂ ਨੇ ਵੀ ਅੰਗਰੇਜਾਂ ਦਾ ਵਿਰੋਧ ਕਰਨ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ | ਇਸ ਤਰਾਂ ਇੱਕ ਪਾਸੇ ਤਾਂ ਇਸ ਬੰਗਾਲ ਦੀ ਵੰਡ ਨੇ ਭਾਵੇਂ ਦੇਸ਼ ਪ੍ਰੇਮ ਅਤੇ ਜਨਤਾ ਵਿੱਚ ਰਾਸ਼ਟਰੀ ਭਾਵਨਾ ਨੂੰ ਜਾਗ੍ਰਿਤ ਕੀਤਾ | ਪਰ ਦੂਜੇ ਪਾਸੇ ਰਾਜਨੇਤਾਵਾਂ ਦੇ ਆਪਣੇ ਨਿਜੀ ਹਿੱਤਾਂ ਕਾਰਨ ਦੇਸ਼ ਵਿੱਚ ਅੰਗਰੇਜਾਂ ਨੂੰ ਕਮਿਉਨਲ ਕਾਰਡ ਖੇਡਣ ਦਾ ਰਾਹ ਲਭ ਗਿਆ ਜੋ ਅੰਤ ਵਿੱਚ ਪਾਕਿਸਤਾਨ ਦੇ ਜਨਮ ਨਾਲ ਅਤੇ ਅੰਗਰੇਜਾਂ ਦੇ ਭਾਰਤ ਛੱਡਣ ਨਾਲ ਹੀ ਖਤਮ ਹੋਇਆ |


- ਉਮੇਸ਼ਵਰ ਨਾਰਾਇਣ -

           _________________________________________________________




ਮੁਗਲ ਕਾਲ ਸਮੇਂ ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਵਿੱਚ ਲਿੱਖਿਆ ਗਿਆ ਸਾਹਿੱਤ

ਮੁਗਲ ਕਾਲ ਸਮੇਂ ਬਹੁਤ ਸਾਰਾ ਸਾਹਿੱਤ ਭਿੰਨ-ਭਿੰਨ ਭਾਸ਼ਾਵਾਂ ਵਿੱਚ ਲਿੱਖਿਆ ਗਿਆ ਸੀ | ਇਸ ਵਿੱਚ ਭਾਵੇਂ ਫ਼ਾਰਸੀ ਸਾਹਿੱਤ ਸ਼ਾਹੀ ਘਰਾਨੇ ਵੱਲੋਂ ਮਾਨਤਾ ਪ੍ਰਾਪਤ ਭਾਸ਼ਾ ਵਿੱਚ ਲਿੱਖਿਆ ਗਿਆ ਸੀ | ਪਰ ਇਸਦੇ ਨਾਲ ਨਾਲ ਹਿੰਦੀ ਸਾਹਿੱਤ ਦੀ ਵੀ ਰਚਨਾ ਹੋਈ ਅਤੇ ਬਹੁਤ ਸਾਰਾ ਅਜਿਹਾ ਭਾਰਤੀ ਸੰਸਕ੍ਰਿਤੀ ਨਾਲ ਸਬੰਧਤ ਸਾਹਿੱਤ ਵੀ ਸੀ ਜੋ ਮੁਗਲ ਕਾਲ ਸਮੇਂ ਮੁਸਲਿਮ ਲੇਖਕਾਂ ਨੂੰ ਵੀ ਬਹੁਤ ਪਸੰਦ ਆਇਆ | ਉਹਨਾਂ ਨੂੰ ਇਹ ਸਭ ਇੰਨਾਂ ਵਧੀਆ ਲੱਗਿਆ ਕਿ ਉਹਨਾਂ ਨੇ ਇਸਦਾ ਫ਼ਾਰਸੀ ਵਿੱਚ ਵੀ ਅਨੁਵਾਦ ਕਰਵਾਇਆ | ਹੇਠਾਂ ਦਿੱਤੀ ਗਈ ਸਾਰਣੀ ਵਿੱਚ ਉਸ ਸਮੇਂ ਲਿਖੇ ਗਏ  ਹਿੰਦੀ ਸਾਹਿੱਤ ਅਤੇ ਸੰਸਕ੍ਰਿਤ ਸਾਹਿੱਤ ਦਾ ਵਰਣਨ ਹੈ | ਇਸਤੋਂ ਇਲਾਵਾ ਉਹ ਸਾਹਿੱਤ ਜਿਸਦਾ ਫ਼ਾਰਸੀ ਵਿੱਚ ਅਨੁਵਾਦ ਕੀਤਾ ਗਿਆ ਉਹਨਾਂ ਦਾ ਵਰਣਨ ਸਭ ਤੋਂ ਨੀਚੇ ਇੱਕ ਅਲੱਗ ਸਾਰਣੀ ਵਿੱਚ ਕੀਤਾ ਗਿਆ  ਹੈ |

ਮੁਗਲ ਕਾਲ ਦੌਰਾਨ ਹਿੰਦੀ ਸਾਹਿੱਤ
ਲੜੀ ਨੰਬਰ
ਰਚਨਾ ਦਾ ਨਾਮ
ਰਚਨਾਕਾਰ ਦਾ ਨਾਮ
 1
ਰਾਮ ਚਰਿੱਤਮਾਨਸ ,
ਵਿਨੇ ਪਤ੍ਰਿਕਾ
ਤੁਲਸੀਦਾਸ
2
ਸੁਰ ਸਾਗਰ
ਸੂਰਦਾਸ
3
ਪ੍ਰੇਮ ਵਾਟਿਕਾ
ਰਸਖਾਨ
4
ਸੁੰਦਰ ਸ਼ਿੰਗਾਰ
ਸੁੰਦਰ ਕਵਿਰਾਏ
5
ਕਵਿਤਾ ਰਤਨਾਕਰ
ਸੇਨਾਪਤੀ ( ਲੇਖਕ ਦਾ ਨਾਮ ਹੈ )
6
ਕਵਿੰਦਰ ਕਲਪੱਤਰੂ ,
ਕਵਿਪ੍ਰਿਯਾ , ਕਲਪੱਤਰੂ
ਕਵਿਪ੍ਰਿਯਾ ਰਸਿਕ
ਕਵਿੰਦਰ ਆਚਾਰਿਆ
7
ਪ੍ਰਿਯਾ , ਅਲੰਕਾਰ
ਮੰਜਰੀ , ਰਾਮਚੰਦਰਿਕਾ
ਕੇਸ਼ਵਦਾਸ


ਸੰਸਕ੍ਰਿਤ ਸਾਹਿੱਤ
ਲੜੀ ਨੰਬਰ
ਰਚਨਾ ਦਾ ਨਾਮ
ਰਚਨਾਕਾਰ ਦਾ ਨਾਮ
1
ਅਕਬਰ ਸ਼ਾਹੀ ,
ਸ਼ਿੰਗਾਰ ਦਰਪਨ  
ਪੱਦਮ ਸੁੰਦਰ
2
ਭਾਨੂਚੰਦ ਚਰਿਤ
ਆਚਾਰਿਆ ਸਿੱਧਚੰਦਰ ਉੱਪਾਧਿਆਏ
3
ਰਸ ਗੰਗਾਧਰ
ਜਗਨਨਾਥ ਪੰਡਿਤ

ਹੇਠ ਲਿਖੇ ਸਾਹਿੱਤ ਦਾ ਫ਼ਾਰਸੀ ਵਿੱਚ ਅਨੁਵਾਦ ਕੀਤਾ ਗਿਆ

ਲੜੀ ਨੰਬਰ
ਸੰਸਕ੍ਰਿਤ ਜਾਂ ਹੋਰ ਭਾਰਤੀ ਭਾਸ਼ਾ ਵਿੱਚ ਲਿੱਖਿਆ ਗਿਆ ਸਾਹਿੱਤ
ਉਹ ਕਵੀ ਜਿਸਨੇ ਭਾਰਤੀ ਸਾਹਿੱਤ ਦਾ ਫ਼ਾਰਸੀ ਵਿੱਚ ਅਨੁਵਾਦ ਕੀਤਾ
1
ਮਹਾਂਭਾਰਤ
ਅਬੁਲ ਫ਼ਜ਼ਲ , ਬਦਾਊਨੀਂ , ਫੈਜ਼ੀ , ਨਕੀਖਾਨ
2
ਰਮਾਇਣ
ਬਦਾਉਨੀ
3
ਅਥਰਵਵੇਦ
ਬਦਾਉਨੀਂ , ਹਾਜੀ ਇਬ੍ਰਾਹੀਮ , ਸਰਹਿੰਦੀ ਨੇ ਪੂਰਾ ਕੀਤਾ
4
ਲੀਲਾਵਤੀ
ਫੈਜ਼ੀ
5
ਰਾਜਤਿਰੰਗਨੀ
ਸ਼ਾਹ ਮੁਹੰਮਦ ਸਹਬਾਦੀ
6
ਨਲ ਦਮਯੰਤੀ
ਫੈਜ਼ੀ
7
ਹਰਿਵੰਸ਼
ਮੌਲਾਨਾ ਸ਼ੇਰੀ
8
ਉਪਨਿਸ਼ਦ , ਭਾਗਵਤ ਗੀਤਾ , ਯੋਗ ਵਸ਼ਿਸ਼ਟ
ਦਾਰਾ ਸ਼ਿਕੋਹ



                        __________________________________________________________





ਭਾਰਤੀ ਰਾਸ਼ਟਰੀ ਅੰਦੋਲਨ ਦੀ ਟਾਈਮ-ਲਾਈਨ ( ਕਾਂਗਰਸ ਪਾਰਟੀ ਦੇ ਜਨਮ ਤੋਂ ਦੇਸ਼ ਦੀ ਆਜ਼ਾਦੀ ਤੱਕ )

( 1 ) 1885 ਮੁੰਬਈ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਅਤੇ ਪਹਿਲਾ ਸਮਾਗਮ , ਤੀਸਰਾ ਐਂਗਲੋ-ਬਰਮਾ ਯੁੱਧ |

( 2 ) 1892 ਅੰਗ੍ਰੇਜੀ ਸੰਸਦ ਵੱਲੋਂ ਭਾਰਤੀ ਅਧਿਨਿਯਮ ਪਾਰਿਤ ਕੀਤਾ ਗਿਆ |

( 3 ) 1893 ਮੁਸਲਿਮ ਐਂਗਲੋ-ਓਰੀਐਂਟਲ ਡਿਫੈਂਸ ਏਸੋਸਿਏਸ਼ਨ ਆਫ਼ ਅਪਰ ਇੰਡੀਆ ਦਾ ਗਠਨ |

( 4 ) 1895 ਬਾਲ ਗੰਗਾਧਰ ਤਿਲਕ ਵੱਲੋਂ ਸ਼ਿਵਾਜੀ ਉਤਸਵ ਮਨਾਇਆ ਗਿਆ |

( 5 ) 1896-97 ਅਕਾਲ ਦਾ ਸਮਾਂ |

( 6 ) 1897 ਚਾਪੇਕਰ ਭਰਾਵਾਂ ਵੱਲੋਂ ਪੂਨਾ ਵਿੱਚ ਦੋ ਅੰਗਰੇਜਾਂ ਦੀ ਹੱਤਿਆ |

( 7 ) 1899-1905 ਵਾਇਸਰਾਏ ਲਾਰਡ ਕਰਜਨ ਦਾ ਕਾਰਜਕਾਲ |

( 8 ) 1904 ਭਾਰਤੀ ਵਿਸ਼ਵ ਵਿਦਿਆਲਿਆ ਅਧਿਨਿਯਮ ਪਾਰਿਤ ਕੀਤਾ ਗਿਆ |

( 9 ) 1905 ਬੰਗਾਲ ਦੀ ਵੰਡ ਅਤੇ ਭਾਰਤ ਲੋਕ ਸੇਵਕ ਸੰਘ ਦੀ ਸਥਾਪਨਾ |

( 10) 1906 ਲਾਰਡ ਮਿੰਟੋ ਸ਼ਿਮਲਾ ਵਿਖੇ ਮੁਸਲਿਮ ਪ੍ਰਤੀਨਿਧੀ ਮੰਡਲ ਨੂੰ ਮਿਲੇ ਅਤੇ ਮੁਸਲਿਮ ਲੀਗ ਦੀ ਸਥਾਪਨਾ |

( 11 ) 1907 ਸੂਰਤ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੋ ਫਾੜ , ਨਰਮ ਦਲ ਅਤੇ ਗਰਮ ਦਲ ਅਲਗ-ਅਲਗ ਹੋਏ |

( 12 ) 1908 ਖੁਦੀਰਾਮ ਬੋਸ ਨੂੰ ਫਾਂਸੀ , ਬਾਲ ਗੰਗਾਧਰ ਤਿਲਕ ਨੂੰ ਛੇ ਸਾਲ ਦੀ ਕੈਦ , ਸਰਕਾਰ ਵੱਲੋਂ ਸਮਾਚਾਰ-ਪੱਤਰ ਕਾਨੂਨ ਪਾਸ |

( 13 ) 1909  ਮਿੰਟੋ-ਮਾਰਲੇ ਐਕਟ ਪਾਸ |

( 14 ) 1911 ਦਿੱਲੀ ਦਰਬਾਰ , ਬੰਗਾਲ ਦੀ ਵੰਡ ਰੱਦ ਕੀਤੀ ਗਈ ਅਤੇ ਦੇਸ਼ ਦੀ ਰਾਜਧਾਨੀ ਕਲਕੱਤਾ ਤੋਂ ਦਿੱਲੀ ਵਿਖੇ ਤਬਦੀਲ ਕੀਤੀ ਗਈ |

( 15 ) 1912 ਲਾਰਡ ਹਾਰਡਿੰਗ ਉੱਤੇ ਬੰਬ ਸੁੱਟਿਆ ਗਿਆ |

( 16 ) 1913 ਸੈਨ-ਫਰਾਂਸਿਸਕੋ ਵਿਖੇ ਗਦਰ ਪਾਰਟੀ ਦੀ ਸਥਾਪਨਾ ਅਤੇ ਦੱਖਣੀ ਅਫਰੀਕਾ ਵਿਖੇ ਮਹਾਤਮਾ ਗਾਂਧੀ ਵੱਲੋਂ ਸਫਲਤਾਪੂਰਵਕ ਸੱਤਿਆਗ੍ਰਹਿ ਅੰਦੋਲਨ |

( 17 ) 1914 ਪਹਿਲੇ ਵਿਸ਼ਵ ਯੁੱਧ ਦੀ ਸ਼ੁਰੁਆਤ |

( 18 ) 1915 ਗੋਪਾਲ ਕ੍ਰਿਸ਼ਨ ਗੋਖਲੇ ਅਤੇ ਫਿਰੋਜਸ਼ਾਹ ਮਹਿਤਾ ਦੀ ਮੌਤ , ਸ਼੍ਰੀ ਮਤੀ ਐਨੀ ਬੇਸੰਟ ਵੱਲੋਂ ਹੋਮ ਰੂਲ ਲੀਗ ਦੀ ਸਥਾਪਨਾ |

( 19 ) 1916 ਲਖਨਊ ਪੈਕਟ ਅਧੀਨ ਮੁਸਲਿਮ ਲੀਗ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਿੱਚਕਾਰ   ਸਮਝੌਤਾ , ਬਨਾਰਸ ਹਿੰਦੂ ਵਿਸ਼ਵ ਵਿਦਿਆਲਿਆ ਦੀ ਸਥਾਪਨਾ , ਬਾਲ ਗੰਗਾਧਰ ਤਿਲਕ ਵੱਲੋਂ ਪੂਨਾ ਵਿਖੇ ਹੋਮ ਰੂਲ ਲੀਗ ਦੀ ਸਥਾਪਨਾ |

( 20 ) 1917 ਮਹਾਤਮਾ ਗਾਂਧੀ ਵੱਲੋਂ ਚੰਪਾਰਨ ਵਿਖੇ ਅੰਦੋਲਨ ਕੀਤਾ ਗਿਆ |

( 21 ) 1919 ਮੋੰਟੈਗਿਉ-ਚੈਮਸਫੋਰਡ ਸੁਧਾਰ ਐਕਟ ਪਾਸ , ਰੌਲਟ ਐਕਟ ( ਕਾਲਾ ਕਾਨੂਨ ) ਦੇ ਵਿਰੁੱਧ ਹੜਤਾਲ ਦਾ ਸੱਦਾ , ਪੰਜਾਬ ਵਿੱਚ ਜਲਿਆਂਵਾਲਾ ਬਾਗ ਦਾ ਸਾਕਾ |

( 22 ) 1920 ਖਿਲਾਫਤ ਅੰਦੋਲਨ ਅਤੇ ਮਹਾਤਮਾ ਗਾਂਧੀ ਵੱਲੋਂ ਨਾ-ਮਿਲਵਰਤਨ ( ਅਸਹਿਯੋਗ ) ਅੰਦੋਲਨ ਦੀ ਸ਼ੁਰੁਆਤ , ਭਾਰਤੀ ਟ੍ਰੇਡ ਯੂਨੀਅਨ ਕਾਂਗਰਸ ਦੀ ਸਥਾਪਨਾ , ਅਲੀਗੜ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ , ਐਮ. ਐਨ. ਰਾਏ ਵੱਲੋਂ ਤਾਸ਼ਕੰਦ ਵਿਖੇ ਭਾਰਤੀ ਸਾਮਵਾਦੀ ਦਲ ਦਾ ਗਠਨ |

( 23 ) 1922 ਚੌਰਾ ਚੌਰੀ ਦੀ ਘਟਨਾ ਤੋਂ ਬਾਅਦ ਮਹਾਤਮਾ ਗਾਂਧੀ ਵੱਲੋਂ ਨਾ-ਮਿਲਵਰਤਨ ਅੰਦੋਲਨ ਵਾਪਿਸ ਲੈਣਾ , ਮੋਪਲਾ ਅੰਦੋਲਨ ਦੀ ਸ਼ੁਰੁਆਤ |

( 24 ) 1923 ਮੋਤੀ ਲਾਲ ਨਹਿਰੂ ਅਤੇ ਚਿਤਰੰਜਨ ਦਾਸ ਵੱਲੋਂ ਸਵਰਾਜ ਪਾਰਟੀ ਦਾ ਗਠਨ ਅਤੇ ਪਰਿਸ਼ਦ ਦੀਆਂ ਚੌਣਾਂ ਵਿੱਚ ਹਿੱਸਾ ਲੈਣਾਂ |

( 25 ) 1925 ਸੀ.ਆਰ.ਦਾਸ ਦੀ ਮੌਤ , ਕਾਨਪੁਰ ਵਿੱਚ ਸਾਮਵਾਦੀ ਦਲ ਦਾ ਗਠਨ |

( 26 ) 1927 ਸਾਇਮਨ ਕਮੀਸ਼ਨ ਦਾ ਗਠਨ |

( 27 ) 1928 ਸਾਇਮਨ ਕਮਿਸ਼ਨ ਦਾ ਭਾਰਤ ਆਉਣਾ ਅਤੇ ਉਸਦਾ ਭਾਰਤੀਆਂ ਵੱਲੋਂ ਬਾਈਕਾਟ , ਸਾਇਮਨ ਕਮਿਸ਼ਨ ਦੇ ਵਿਰੋਧ ਦੌਰਾਨ ਲਾਠੀਆਂ ਕਾਰਣ ਲਾਲਾ ਲਾਜਪਤ ਰਾਏ ਦੀ ਮੌਤ |

( 28 ) 1929 ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਵੱਲੋਂ ਕੇਂਦਰੀ ਅਸੈਂਬਲੀ ਭਵਨ ਵਿੱਚ ਬੰਬ ਸੁੱਟਣਾ , ਕਾਂਗਰਸ ਦਾ ਲਾਹੌਰ ਵਿਖੇ ਸਮਾਗਮ ਅਤੇ ਰਾਵੀ ਕਿਨਾਰੇ ਝੰਡਾ ਲਹਿਰਾ ਕੇ ਪੂਰਨ ਸਵਰਾਜ ਦੀ ਮੰਗ , ਸ਼ਾਰਦਾ ਐਕਟ ਪਾਸ |

( 29 ) 1930 ਮਹਾਤਮਾ ਗਾਂਧੀ ਵੱਲੋਂ ਡਾਂਡੀ ਮਾਰਚ ਅਤੇ ਨਮਕ ਕਾਨੂਨ ਤੋੜ ਕੇ ਸਿਵਿਲ-ਨਾ-ਫੁਰਮਾਨੀ ਅੰਦੋਲਨ ਦੀ ਸ਼ੁਰੁਆਤ , ਪਹਿਲੀ ਗੋਲਮੇਜ ਕਾਨਫਰੰਸ |

( 30 ) 1931 ਦੂਸਰੀ ਗੋਲਮੇਜ ਕਾਨਫਰੰਸ ਅਤੇ ਗਾਂਧੀ-ਇਰਵਿਨ ਸਮਝੌਤਾ | ਗਾਂਧੀ ਜੀ ਨੇ ਇਸ ਗੋਲਮੇਜ ਕਾਨਫਰੰਸ ਵਿੱਚ ਭਾਗ ਲਿਆ ਸੀ |

( 31 ) 1932 ਤੀਸਰੀ ਗੋਲਮੇਜ ਕਾਨਫਰੰਸ , ਪੂਨਾ ਪੈਕਟ , ਕਾਮਿਉਨਲ ਅਵਾਰਡ |

( 32 ) 1935 ਗੌਰਮਿੰਟ ਆਫ਼ ਇੰਡੀਆ ਐਕਟ ਪਾਸ |

( 33 ) 1937 ਗੌਰਮਿੰਟ ਆਫ਼ ਇੰਡੀਆ ਐਕਟ ਅਨੁਸਾਰ ਚੌਣਾਂ ਅਤੇ ਸੱਤ ਪ੍ਰਾਂਤਾਂ ਵਿੱਚ ਕਾਂਗਰਸ ਦੀ ਜਿੱਤ , ਕਾਨੂਨ ਅਨੁਸਾਰ ਪ੍ਰਾਂਤਾ ਨੂੰ ਕੁਝ ਮਾਮਲਿਆਂ ਵਿੱਚ ਸੁਤੰਤਰਤਾ ਦਿੱਤੀ ਗਈ |

( 34 ) 1939 ਦੂਸਰਾ ਵਿਸ਼ਵ ਯੁੱਧ ਸ਼ੁਰੂ , ਕਾਂਗਰਸ ਵੱਲੋਂ ਮੰਤਰੀ-ਮੰਡਲਾਂ ਤੋਂ ਅਸਤੀਫੇ ਅਤੇ ਮੁਸਲਿਮ ਲੀਗ ਵੱਲੋਂ 12 ਦਸੰਬਰ ਨੂੰ ਮੁਕਤੀ ਦਿਵਸ ਮਨਾਇਆ ਗਿਆ |

( 35 ) 1940 ਮੁਸਲਿਮ ਲੀਗ ਵੱਲੋਂ ਪਾਕਿਸਤਾਨ ਦਾ ਪ੍ਰਸਤਾਵ ਪਾਸ , ਵਾਇਸਰਾਏ ਦਾ ਅਗਸਤ ਆਫ਼ਰ |

( 36 ) 1941 ਰਵਿੰਦਰ ਨਾਥ ਟੈਗੋਰ ਦੀ ਮੌਤ ਅਤੇ ਸੁਭਾਸ਼ ਚੰਦਰ ਬੋਸ ਭਾਰਤ ਤੋਂ ਬਾਹਰ ਗਏ |

( 37 ) 1942 ਕ੍ਰਿਪ੍ਸ ਮਿਸ਼ਨ , ਮਹਾਤਮਾ ਗਾਂਧੀ ਵੱਲੋਂ “ਕਰੋ ਜਾਂ ਮਰੋ” ਦਾ ਨਾਅਰਾ ਅਤੇ ਭਾਰਤ ਛੱਡੋ ਅੰਦੋਲਨ ਦੀ ਸ਼ੁਰੁਆਤ |

( 38 ) 1943 ਸੁਭਾਸ਼ ਚੰਦਰ ਬੋਸ ਵਲੋਂ ਸਿੰਗਾਪੁਰ ਵਿਖੇ ਆਜ਼ਾਦ ਹਿੰਦ ਫੌਜ਼ ਦੀ ਸਥਾਪਨਾ |

( 39 ) 1945 ਸ਼ਿਮਲਾ ਵਿਖੇ ਵੇਵਲ ਸਮਝੌਤਾ , ਆਜ਼ਾਦ ਹਿੰਦ ਫੌਜ਼ ਉੱਤੇ ਮੁਕੱਦਮਾ |

( 40 ) 1946 ਕੈਬਿਨੇਟ ਮਿਸ਼ਨ ਪਲਾਨ , ਭਾਰਤ ਵਿੱਚ ਅੰਤਰਿਮ ਸਰਕਾਰ ਦੀ ਸਥਾਪਨਾ , ਫਰਵਰੀ ਵਿੱਚ ਮੁੰਬਈ ਵਿਖੇ ਜਲ ਸੈਨਾ ਦਾ ਵਿਦਰੋਹ , ਜੁਲਾਈ ਵਿੱਚ ਸੰਵਿਧਾਨ ਸਭਾ ਦੀ ਚੌਣ |

( 41 ) 1947 ਕਲੀਮੇੰਟ ਏਟਲੀ ਵੱਲੋਂ ਜੂਨ ਤੋਂ ਪਹਿਲਾਂ ਪਹਿਲਾਂ ਭਾਰਤ ਛੱਡ ਦੇਣ ਦੀ ਘੋਸ਼ਣਾਂ , ਅਗਸਤ ਵਿੱਚ ਭਾਰਤ ਸੁਤੰਤਰ ਹੋਇਆ |

( 42 ) 1948 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਹੱਤਿਆ , ਕਸ਼ਮੀਰ ਦਾ ਭਾਰਤ ਵਿੱਚ ਮਿਲਨ , ਰਾਜਗੋਪਾਲਾਚਾਰਿਆ ਭਾਰਤ ਦਾ ਗਵਰਨਰ ਜਨਰਲ ਬਣਿਆ |

( 43 ) 1949 ਨਵੰਬਰ ਵਿੱਚ ਸੰਵਿਧਾਨ ਸਭਾ ਵੱਲੋਂ ਨਵਾਂ ਸੰਵਿਧਾਨ ਤਿਆਰ |

( 44 ) 1950 ਜਨਵਰੀ ਵਿੱਚ ਨਵਾਂ ਸੰਵਿਧਾਨ ਲਾਗੂ ਹੋਇਆ ਡਾ. ਰਾਜੇਂਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ |

( 45 ) 1951 ਪਹਿਲੀ ਪੰਜ ਸਾਲਾ ਯੋਜਨਾ ਦੀ ਸ਼ੁਰੁਆਤ |

( 46 ) 1952 ਪਹਿਲੀਆਂ ਆਮ ਚੌਣਾਂ | ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਬਣੇ |


                     ________________________________