ਅਕਸਰ ਅਸੀਂ ਮਾਝਾ , ਮਾਲਵਾ, ਦੁਆਬਾ ਅਤੇ ਪੁਆਧੇ ਦਾ
ਨਾਮ ਸੁਣਦੇ ਹਾਂ | ਆਉ ਇਹਨਾਂ ਸ਼ਬਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ | ਜਦੋਂ
ਅਸੀਂ ਇਹਨਾਂ ਅਖਰਾਂ ਦੇ ਬਾਰੇ ਉਤਪਤੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਾਕਿਸਤਾਨ ਬਣਨ ਤੋਂ
ਪਹਿਲਾਂ ਦੇ ਪੰਜਾਬ ਨੂੰ ਹੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ |
ਮਾਝਾ
ਮਾਝੇ ਦਾ ਅਰਥ ਮੱਧ ਜਾਂ ਵਿੱਚਕਾਰ ਹੈ | ਬਿਆਸ ਅਤੇ
ਰਾਵੀ ਦੇ ਦਰਮਿਆਨ ਪੈਣ ਵਾਲੇ ਇਲਾਕੇ ਨੂੰ ਮਾਝਾ ( ਮਧ੍ਯ ) ਕਿਹਾ ਜਾਂਦਾ ਹੈ | ਇਹ ਖੇਤਰ ਪੁਰਾਣੇ
ਪੰਜਾਬ ਦੇ ਬਿਲਕੁਲ ਮੱਧ ( ਵਿਚਕਾਰ ) ਪੈਂਦਾ ਸੀ | ਇਸ ਵਿੱਚ ਹੇਠ ਲਿਖੇ ਖੇਤਰ ਸ਼ਾਮਲ ਹਨ :
ਜਿਲ੍ਹਾ ਅੰਮ੍ਰਿਤਸਰ, ਜਿਲ੍ਹਾ ਗੁਰਦਸਪੂਰ (ਬਟਾਲਾ ਅਤੇ
ਗੁਰਦਸਪੁਰ ਦੀਆਂ ਤਹਿਸੀਲਾਂ ), ਜਿਲ੍ਹਾ ਲਾਹੌਰ, ਸਿਆਲਕੋਟ ਅਤੇ ਗੁੱਜਰਾਂਵਾਲਾ ( ਪਾਕਿਸਤਾਨ )
ਆਦਿ |
ਮਾਲਵਾ
ਮਾਲਵੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਲਵਈ ਵੀ ਆਖਿਆ
ਜਾਂਦਾ ਹੈ | ਇਹ ਖੇਤਰ ਮੌਜੂਦਾ ਪੰਜਾਬ ਦੇ ਦੱਖਣੀ ਖੇਤਰ ਦਾ ਹਿੱਸਾ ਹੈ | “ਮਾਲਵ” ਆਰਿਆ ਲੋਕਾਂ
ਦੀ ਇੱਕ ਬਹੁਤ ਪੁਰਾਣੀ ਜਾਤੀ ਦਾ ਨਾਮ ਮੰਨਿਆਂ
ਜਾਂਦਾ ਹੈ | “ਮਹਾਂਭਾਰਤ” ਅਤੇ “ਅਸ਼ਟਾਧਿਆਏ” ( ਪਾਣਿਨੀ ) ਵਿੱਚ ਮਾਲਵ ਗਣਰਾਜ ਦਾ ਬੜਾ ਉਘਾ
ਉੱਲੇਖ ਹੈ | ਪੰਜਾਬ ਦੇ ਮਾਲਵਾ ਖੇਤਰ ਵਿੱਚੋਂ ਕੁਝ ਲੋਕ ਪ੍ਰਵਾਸ ਕਰਕੇ ਮਾਰਵਾੜ , ਗਵਾਲੀਅਰ ਅਤੇ
ਉਜੈਨ ਆਦਿ ਖੇਤਰਾਂ ਵਿੱਚ ਜਾ ਵਸੇ ਸਨ , ਇਸ ਲਈ ਉਹਨਾਂ ਦੀਆਂ ਅਜੋਕੀਆਂ ਬੋਲੀਆਂ ਵਿੱਚ ਵੀ ਮਲਵਈ
ਭਾਸ਼ਾ ਦੇ ਅੰਸ਼ ਮਿਲ ਜਾਂਦੇ ਹਨ | ਮਾਲਵਾ ਦੇ ਖੇਤਰ ਵਿੱਚ ਬਠਿੰਡਾ, ਫਰੀਦਕੋਟ, ਮੁਕਤਸਰ, ਮੋਗਾ,
ਫਿਰੋਜ਼ਪੁਰ, ਮਾਨਸਾ, ਸਂਗਰੂਰ ਅਤੇ ਲੁਧਿਆਣਾ ਆਦਿ ਜਿਲ੍ਹੇ ਆਉਂਦੇ ਹਨ |
ਪੁਆਧੀ
ਪੁਆਧੀ, ਪੰਜਾਬ ਦੇ ਪੂਰਬ ਵਿੱਚ ਬੋਲੀ ਜਾਣ ਵਾਲੀ
ਭਾਸ਼ਾ ਨੂੰ ਆਖਿਆ ਜਾਂਦਾ ਹੈ | "ਪੁਆਧ" ਸ਼ਬਦ ਦੀ ਉਤਪਤੀ "ਪੂਰਵ-ਅਰਧ"
ਤੋਂ ਮੰਨੀਂ ਜਾਂਦੀ ਹੈ | ਅਰਥਾਤ ਪੁਰਬ ਵਾਲੇ ਪਾਸੇ ਦਾ ਅੱਧਾ ਹਿੱਸਾ | "ਪੁਆਧ"
ਦਾ ਵਿਰੋਧੀ ਸ਼ਬਦ "ਪਚਾਧ" ਹੈ | ਅਰਥਾਤ ਪਛਮ ਅਰਧ ਜਾਂ ਪਛਮ ਦਾ ਅੱਧਾ
ਹਿੱਸਾ | ਭਾਈ
ਕਾਨ੍ਹ ਸਿੰਘ ਅਨੁਸਾਰ "ਪੁਆਧ" ਪਹਾੜ ਦੇ ਪੈਰਾਂ ਵਿਚ ਸਥਿੱਤ ਦੇਸ਼ ਦਾ ਨਾਮ ਹੈ | ਇਸ
ਖੇਤਰ ਵਿੱਚ ਜਿਲ੍ਹਾ ਰੋਪੜ, ਜਿਲ੍ਹਾ ਪਟਿਆਲਾ ਅਤੇ ਸਂਗਰੂਰ ਦੇ ਪੂਰਬੀ ਹਿੱਸੇ , ਜਿਲ੍ਹਾ
ਫਤਿਹਗੜ੍ਹ ਸਾਹਿਬ,
ਜਿਲ੍ਹਾ
ਹੁਸ਼ਿਆਰਪੁਰ ਦਾ ਰੋਪੜ ਨਾਲ ਲੱਗਦਾ ਇਲਾਕਾ, ਹਰਿਆਣੇ ਵਿੱਚ ਜਿਲ੍ਹਾ ਅੰਬਾਲਾ ਅਤੇ
ਜੀਂਦ ਦਾ ਪਛਮੀ ਹਿੱਸਾ ਅਤੇ ਜਿਲ੍ਹਾ ਹਿਸਾਰ ਤੇ ਸਰਸਾ ਨਦੀ ਦੇ ਕੁਝ ਖੇਤਰ ਵੀ ਆ ਜਾਂਦੇ ਹਨ |
_________________________________________
ਗਿਆਨ ਹਿੱਤ ਸਰੋਤ : ਪੰਜਾਬ-ਜਨਰਲ ਨਾਲਿਜ ਦੇ ਝਰੋਖੇ
ਚੋਂ